ਕੈਨੇਡਾ ’ਚ ਨਗਰ ਕੀਰਤਨ ਸਜਾਉਣ ’ਤੇ ਲੱਗੇਗੀ ਪਾਬੰਦੀ

ਕੈਨੇਡਾ ਦੇ ਕਿਊਬੈਕ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ ਅਤੇ ਜਲਦ ਹੀ ਨਗਰ ਕੀਰਤਨ ਸਜਾਉਣ ’ਤੇ ਪਾਬੰਦੀ ਲੱਗ ਸਕਦੀ ਹੈ।

Update: 2025-08-29 12:57 GMT

ਮੌਂਟਰੀਅਲ : ਕੈਨੇਡਾ ਦੇ ਕਿਊਬੈਕ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ ਅਤੇ ਜਲਦ ਹੀ ਨਗਰ ਕੀਰਤਨ ਸਜਾਉਣ ’ਤੇ ਪਾਬੰਦੀ ਲੱਗ ਸਕਦੀ ਹੈ। ਜੀ ਹਾਂ, ਫਰਾਂਸਵਾ ਲੈਗੋ ਦੀ ਸਰਕਾਰ ਜਨਤਕ ਥਾਵਾਂ ’ਤੇ ਧਾਰਮਿਕ ਸਰਗਰਮੀਆਂ ਬੰਦ ਕਰਨ ਦੀ ਯੋਜਨਾ ਬਣਾ ਚੁੱਕੀ ਹੈ ਜਿਸ ਵਿਚ ਮੁਸਲਮਾਨਾਂ ਦੀ ਨਮਾਜ਼ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ। ਸਿਰਫ਼ ਨਗਰ ਕੀਰਤਨ ਸਜਾਉਣ ਜਾਂ ਸੜਕਾਂ ’ਤੇ ਨਮਾਜ਼ ਅਦਾ ਕਰਨ ਦੀ ਰੋਕ ਨਹੀਂ ਹੋਵੇਗੀ ਸਗੋਂ ਗੁੱਡ ਫਰਾਈਡੇ ਮੌਕੇ ਈਸਾਈ ਧਰਮ ਦੇ ਲੋਕ ਕਰੌਸ ਪ੍ਰੋਸੈਸ਼ਨ ਵੀ ਨਹੀਂ ਕੱਢ ਸਕਣਗੇ।

ਕਿਊਬੈਕ ਸਰਕਾਰ ਲਿਆ ਰਹੀ ਨਵਾਂ ਕਾਨੂੰਨ

‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਕਿਊਬੈਕ ਦੇ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰੌਬਰਜ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਕਿ ਸਤੰਬਰ ਵਿਚ ਬਿਲ ਪੇਸ਼ ਕੀਤਾ ਜਾ ਰਿਹਾ ਹੈ। ਰੌਬਰਜ ਨੇ ਇਹ ਨਹੀਂ ਦੱਸਿਆ ਕਿ ਕੀ ਸੂਬਾ ਸਰਕਾਰ ਨੌਟਵਿਦਸਟੈਂਡਿੰਗ ਕਲੌਜ਼ ਲਾਗੂ ਕਰੇਗੀ ਜਿਸ ਰਾਹੀਂ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਅਧੀਨ ਮਿਲੇ ਹੱਕ ਸਿੱਧੇ ਤੌਰ ’ਤੇ ਖ਼ਤਮ ਹੋ ਜਾਣਗੇ। ਪਿਛਲੇ ਸਾਲ ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਨੇ ਕਿਹਾ ਸੀ ਕਿ ਨੌਟਵਿਦਸਟੈਂਡਿੰਗ ਕਲੌਜ਼ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਕਿਊਬੈਕ ਦੀ ਇਕ ਖੁਦਮੁਖਤਿਆਰ ਕਮੇਟੀ ਵੱਲੋਂ ਸੂਬੇ ਵਿਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫ਼ਾਰਸ਼ਾਂ ਕੀਤੀਆਂ ਗਈਆਂ। 300 ਸਫ਼ਿਆਂ ਦੀ ਰਿਪੋਰਟ ਵਿਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇਅ ਕੇਅਰ ਵਰਕਰਜ਼ ਨੂੰ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ’ਤੇ ਪਾਬੰਦੀ ਦੇ ਘੇਰੇ ਵਿਚ ਲਿਆਂਦਾ ਜਾਵੇ।

ਜਨਤਕ ਥਾਵਾਂ ’ਤੇ ਧਾਰਮਿਕ ਸਰਗਰਮੀਆਂ ਦੀ ਇਜਾਜ਼ਤ ਨਹੀਂ ਹੋਵੇਗੀ

ਕਮੇਟੀ ਇਕ ਸਿਫ਼ਾਰਸ਼ ਇਹ ਵੀ ਕਹਿੰਦੀ ਹੈ ਕਿ ਜਨਤਕ ਥਾਵਾਂ ’ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲਾ ਲੈਣ ਦਾ ਹੱਕ ਸਬੰਧਤ ਮਿਊਂਪੈਲਿਟੀਜ਼ ਨੂੰ ਦਿਤਾ ਜਾਵੇ। ਉਧਰ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ ਕਿਊਬੈਕ ਸਰਕਾਰ ਦੀ ਯੋਜਨਾ ਨੂੰ ਸਿੱਧੇ ਤੌਰ ’ਤੇ ਧਾਰਮਿਕ ਆਜ਼ਾਦੀ ਵਿਚ ਦਖਲ ਕਰਾਰ ਦਿਤਾ ਗਿਆ ਹੈ। ਇਸ ਦੇ ਉਲਟ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਨੇ ਦਲੀਲ ਦਿਤੀ ਕਿ ਫਲਸਤੀਨ ਹਮਾਇਤੀ ਮੁਜ਼ਾਹਰਿਆਂ ਦੌਰਾਨ ਮੌਂਟਰੀਅਲ ਵਿਖੇ ਇਕ ਚਰਚ ਦੇ ਬਾਹਰ ਸੜਕ ’ਤੇ ਨਮਾਜ਼ ਅਦਾ ਕੀਤੀ ਗਈ ਜਿਸ ਨਾਲ ਫਿਰਕੂ ਤਣਾਅ ਪੈਦਾ ਹੋਇਆ। ਜਨਤਕ ਥਾਵਾਂ ’ਤੇ ਨਮਾਜ਼ ਅਦਾ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਸਰਕਾਰ ਇਹ ਸਭ ਬੰਦ ਕਰਨਾ ਚਾਹੁੰਦੀ ਹੈ। ਉਧਰ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਦੇ ਮੁੱਖ ਕਾਰਜਕਾਰੀ ਅਫ਼ਸਰ ਸਟੀਫ਼ਨ ਬ੍ਰਾਊਨ ਨੇ ਮੰਨਿਆ ਕਿ ਚਰਚ ਦੇ ਬਾਹਰ ਨਮਾਜ਼ ਅਦਾ ਨਹੀਂ ਸੀ ਕਰਨੀ ਚਾਹੀਦੀ ਪਰ ਮੁਕੰਮਲ ਪਾਬੰਦੀ ਵੀ ਜਾਇਜ਼ ਨਹੀਂ ਹੋਵੇਗੀ। ਉਨ੍ਹਾਂ ਸਵਾਲ ਉਠਾਇਆ ਕਿ ਸੂਬਾ ਸਰਕਾਰ ਨੂੰ ਉਸ ਵੇਲੇ ਹੀ ਸਮੱਸਿਆਵਾਂ ਕਿਉਂ ਨਜ਼ਰ ਆਉਂਦੀਆਂ ਹਨ ਜਦੋਂ ਮੁਸਲਮਾਨ ਸੜਕਾਂ ’ਤੇ ਨਮਾਜ਼ ਪੜ੍ਹਦੇ ਹਨ। ਇਸੇ ਦੌਰਾਨ ਯਹੂਦੀ ਮਾਮਲਿਆਂ ਬਾਰੇ ਕੇਂਦਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਜਨਤਕ ਥਾਵਾਂ ’ਤੇ ਨਮਾਜ਼ ਰੋਕਣ ਬਾਰੇ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਅਤੇ ਫੈਡਰਲ ਪਾਰਟੀ ਬਲੌਕ ਕਿਊਬੈਕਵਾ ਵੱਲੋਂ ਵੀ ਇਸ ਹਮਾਇਤ ਕੀਤੀ ਜਾ ਚੁੱਕੀ ਹੈ। ਚੇਤੇ ਰਹੇ ਕਿ ਕਿਊਬੈਕ ਵਿਚ ਬਿਲ 21 ਤਹਿਤ ਪਹਿਲਾਂ ਹੀ ਜਨਤਕ ਖੇਤਰ ਦੇ ਸਿੱਖ ਮੁਲਾਜ਼ਮਾਂ ਉਤੇ ਪੱਗ ਬੰਨ੍ਹਣ, ਦਾੜ੍ਹੀ ਰੱਖਣ ਜਾਂ ਕੱਕਾਰ ਧਾਰਨ ਕਰਨ ਦੀ ਪਾਬੰਦੀ ਲਾਗੂ ਕਰਨ ਦੇ ਯਤਨ ਕੀਤੇ ਗਏ। ਕਿਊਬੈਕ ਦੀ ਅਪੀਲ ਅਦਾਲਤ ਨੇ ਬਿਲ 21 ਨੂੰ ਜਾਇਜ਼ ਠਹਿਰਾਇਆ ਅਤੇ ਹੁਣ ਮਾਮਲਾ ਸੁਪਰੀਮ ਕੋਰਟ ਵਿਚ ਹੈ।

Tags:    

Similar News