ਕੈਨੇਡਾ ’ਚ ਮੁਸਲਮਾਨ ਮੁੜ ਨਿਸ਼ਾਨੇ ’ਤੇ ਆਏ

ਕੈਨੇਡਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ ਅਤੇ ਮੁੜ ਇਸਲਾਮੋਫੋਬੀਆ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ

Update: 2025-09-02 12:38 GMT

ਔਟਵਾ : ਕੈਨੇਡਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਹਨ ਅਤੇ ਮੁੜ ਇਸਲਾਮੋਫੋਬੀਆ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਮਿਸੀਸਾਗਾ ਦੇ ਮੈਡੋਵੇਲ ਇਲਾਕੇ ਵਿਚ ਇਸਲਾਮਿਕ ਸੈਂਟਰ ਦਾ ਦਰਵਾਜ਼ਾ ਤੋੜਨ ਦੀ ਵਾਰਦਾਤ ਬਾਰੇ ਪੀਲ ਰੀਜਨਲ ਪੁਲਿਸ ਪੜਤਾਲ ਕਰ ਰਹੀ ਹੈ ਜਦਕਿ ਸਟਿਟਸਵਿਲ ਮੁਸਲਿਮ ਐਸੋਸੀਏਸ਼ਨ ਦੀ ਇਮਾਰਤ ’ਤੇ ਨਸਲੀ ਨਫ਼ਰਤ ਵਾਲੇ ਸ਼ਬਦ ਲਿਖਣ ਬਾਰੇ ਔਟਵਾ ਪੁਲਿਸ ਜਾਂਚ ਕਰ ਰਹੀ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਐਸੋਸੀਏਸ਼ਨ ਦੇ ਪ੍ਰਧਾਨ ਆਮਿਰ ਸਿਦੀਕੀ ਨੇ ਕਿਹਾ ਕਿ ਇਸਲਾਮੋਫੋਬੀਆ ਦੀਆਂ ਘਟਨਾਵਾਂ ਵਿਚ ਨਵਾਂ ਮਾਮਲਾ ਜੁੜ ਗਿਆ ਹੈ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਬੇਹੱਦ ਚਿੰਤਤ ਹਨ।

ਔਟਵਾ ਅਤੇ ਮਿਸੀਸਾਗਾ ਵਿਖੇ ਵਾਪਰੀਆਂ ਦੋ ਘਟਨਾਵਾਂ

ਔਟਵਾ ਪੁਲਿਸ ਵੱਲੋਂ ਸਿਰਫ਼ ਤਾਜ਼ਾ ਮਾਮਲੇ ਦੀ ਪੜਤਾਲ ਨਹੀਂ ਕੀਤੀ ਜਾ ਰਹੀ ਸਗੋਂ ਓ.ਸੀ ਟ੍ਰਾਂਸਪੋ ਬੱਸ ਵਿਚ ਇਕ ਮੁਸਲਮਾਨ ਔਰਤ ਉਤੇ ਹਮਲੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਇਕ ਗਰੌਸਰੀ ਸਟੋਰ ’ਤੇ ਬਜ਼ੁਰਗ ਯਹੂਦੀ ਔਰਤ ਨੂੰ ਛੁਰੇ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਵੀ ਪੁਲਿਸ ਦੇ ਹੱਥਾਂ ਵਿਚ ਹੈ। ਸੋਮਵਾਰ ਨੂੰ ਹੋਈ ਮੀਟਿੰਗ ਮਗਰੋਂ ਆਮਿਰ ਸਿਦੀਕੀ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ’ਤੇ ਸਮੱਸਿਆ ਦਾ ਹੱਲ ਲੱਭਣ ਦੇ ਯਤਨ ਹੋਣੇ ਚਾਹੀਦੇ ਹਨ। ਮੇਅਰ ਮਾਰਕ ਸਟਕਲਿਫ਼ ਅਤੇ ਐਮ.ਪੀ. ਬਰੂਸ ਫੈਨਜੁਆਏ ਸਣੇ ਸਟਿਟਸਵਿਲ ਤੋਂ ਕੌਂਸਲਰ ਗਲੈਨ ਗੌਵਰ ਨੇ ਆਮਿਰ ਸਿਦੀਕੀ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕੀਤੀ। ਆਮਿਰ ਸਿਦੀਕੀ ਨੇ ਦੱਸਿਆ ਕਿ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਮੁਸਲਿਮ ਐਸੋਸੀਏਸ਼ਨ ਵੱਲੋਂ ਕੋਈ ਸਾਈਨ ਵੀ ਨਹੀਂ ਲਗਵਾਏ ਗਏ ਪਰ ਇਸ ਦੇ ਬਾਵਜੂਦ ਨਫ਼ਰਤ ਫੈਲਾਉਣ ਵਾਲੇ ਇਥੇ ਪੁੱਜ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਮਾਰਕ ਸਟਕਲਿਫ਼ ਨੇ ਕਿਹਾ ਕਿ ਡਰ ਦੇ ਆਧਾਰ ’ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਅਤੇ ਨਾ ਹੀ ਧਮਕੀਆਂ ਨੂੰ ਕਿਸੇ ਫੈਸਲੇ ਦਾ ਆਧਾਰ ਬਣਾਇਆ ਜਾ ਸਕਦਾ ਹੈ।

ਪੁਲਿਸ ਮਹਿਕਮੇ ਕਰ ਰਹੇ ਮਾਮਲਿਆਂ ਦੀ ਪੜਤਾਲ

ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸਾਡੇ ਸ਼ਹਿਰ ਦਾ ਹਿੱਸਾ ਹਨ ਅਤੇ ਸਟਿਟਸਵਿਲ ਮੁਸਲਿਮ ਐਸੋਸੀਏਸ਼ਨ ਦਾ ਨਾਂ ਵੱਡੇ ਵੱਡੇ ਅੱਖਰਾਂ ਵਿਚ ਲਿਖਿਆ ਹੋਣਾ ਚਾਹੀਦਾ ਹੈ। ਮੇਅਰ ਨੇ ਕਿਹਾ ਕਿ ਉਹ ਖੁਦ ਬੋਰਡ ਦਾ ਉਦਘਾਟਨ ਕਰਨ ਪੁੱਜਣਗੇ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਔਟਵਾ ਵਿਖੇ ਸਿੰਪੋਜ਼ੀਅਮ ਰਾਹੀਂ ਕਮਿਊਨਿਟੀ ਦੇ ਆਗੂਆਂ ਨੂੰ ਇਕ ਮੰਚ ’ਤੇ ਲਿਆਂਦਾ ਜਾ ਸਕਦਾ ਹੈ। ਇਸੇ ਦੌਰਾਨ ਸੋਮਵਾਰ ਦੇ ਇਕੱਠ ਵਿਚ ਸ਼ਾਮਲ ਫਰੀਹਾ ਇਰਸ਼ਾਦ ਦਾ ਕਹਿਣਾ ਸੀ ਕਿ ਹਾਂਪੱਖੀ ਕਦਮਾ ਨੂੰ ਜਲਦ ਤੋਂ ਜਲਦ ਅਮਲੀ ਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ। ਉਧਰ ਮਿਸੀਸਾਗਾ ਵਿਖੇ ਵਾਪਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਸਕੇਟ ਬੋਰਡ ਰਾਹੀਂ ਇਸਲਾਮਿਕ ਸੈਂਟਰ ਦਾ ਦਰਵਾਜ਼ਾ ਤੋੜ ਰਿਹਾ ਹੈ। ਇਹ ਘਟਨਾ 15 ਅਗਸਤ ਦੀ ਦੱਸੀ ਜਾ ਰਹੀ ਹੈ ਅਤੇ ਮੁਸਲਮਾਨ ਭਾਈਚਾਰੇ ਵਿਚ ਡਰ ਦਾ ਮਾਹੌਲ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਇਸਲਾਮਿਕ ਸੈਂਟਰ ਦੇ ਪ੍ਰਧਾਨ ਮਿਨਹਜ ਕੁਰੈਸ਼ੀ ਨੇ ਕਿਹਾ ਕਿ ਦਰਵਾਜ਼ੇ ਤੋੜਨ ਵਾਲੇ ਸ਼ੱਕੀ ਨੂੰ ਕਈ ਵਾਰ ਪਹਿਲਾਂ ਵੀ ਦੇਖਿਆ ਹੈ ਅਤੇ ਕੁਝ ਲੋਕ ਉਸ ਨਾਲ ਦੁਆ-ਸਲਾਮ ਵੀ ਕਰਦੇ ਰਹੇ ਪਰ ਨਫ਼ਰਤ ਭਰੀ ਘਟਨਾ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਹੇਟ ਕ੍ਰਾਈਮ ਯੂਨਿਟ ਨੂੰ ਪੜਤਾਲ ਦਾ ਹਿੱਸਾ ਬਣਾਇਆ ਗਿਆ ਹੈ ਪਰ ਅਜਿਹੀ ਕੋਈ ਵੀ ਪੜਤਾਲ ਬੇਹੱਦ ਮੁਸ਼ਕਲ ਅਤੇ ਗੁੰਝਲਦਾਰ ਹੁੰਦੀ ਹੈ।

Tags:    

Similar News