ਮਿਸੀਸਾਗਾ ਦੇ ਰੈਸਟੋਰੈਂਟ ’ਚ ਕਤਲ : ਭਾਰਤੀ ਸਣੇ 3 ਦੋਸ਼ੀ ਠਹਿਰਾਏ
ਮਿਸੀਸਾਗਾ ਦੇ ਇਕ ਰੈਸਟੋਰੈਂਟ ਵਿਚ ਗੋਲੀਬਾਰੀ ਕਰਦਿਆਂ ਇਕ ਜਣੇ ਦੀ ਹੱਤਿਆ ਅਤੇ ਕਈ ਹੋਰਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਆਨੰਦ ਨਾਥ ਸਣੇ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ।;
ਬਰੈਂਪਟਨ : ਮਿਸੀਸਾਗਾ ਦੇ ਇਕ ਰੈਸਟੋਰੈਂਟ ਵਿਚ ਗੋਲੀਬਾਰੀ ਕਰਦਿਆਂ ਇਕ ਜਣੇ ਦੀ ਹੱਤਿਆ ਅਤੇ ਕਈ ਹੋਰਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਆਨੰਦ ਨਾਥ ਸਣੇ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਬਰੈਂਪਟਨ ਦੀ ਸੁਪੀਰੀਅਰ ਕੋਰਟ ਵਿਚ ਲੰਮੇ ਵਿਚਾਰ ਵਟਾਂਦਰੇ ਮਗਰੋਂ 12 ਮੈਂਬਰੀ ਜਿਊਰੀ ਨੇ ਆਪਣਾ ਫੈਸਲਾ ਸੁਣਾਇਆ। 29 ਮਈ 2021 ਨੂੰ ਮਿਸੀਸਾਗਾ ਦੇ ਚਿਕਨ ਲੈਂਡ ਰੈਸਟੋਰੈਂਟ ਵਿਚ ਵਾਪਰੀ ਵਾਰਦਾਤ ਦੌਰਾਨ 25 ਸਾਲ ਦੇ ਨਈਮ ਅਕਲ ਦਾ ਕਤਲ ਕਰ ਦਿਤਾ ਗਿਆ ਜਦਕਿ ਉਸ ਦੀ ਮਾਤਾ, ਪਿਤਾ, ਭਰਾ ਅਤੇ ਇਕ ਡਿਲੀਵਰੀ ਡਰਾਈਵਰ ਜ਼ਖਮੀ ਹੋ ਗਏ।
ਅਦਾਲਤ ਨੇ ਜਿਉਂ ਹੀ ਫੈਸਲਾ ਸੁਣਾਇਆ ਤਾਂ ਆਨੰਦ ਨਾਥ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਰਜ਼ਾ ਨੇ ਉਸ ਜੱਫੀ ਪਾ ਕੇ ਧਰਵਾਸ ਦੇਣ ਦਾ ਯਤਨ ਕੀਤਾ। ਅਦਾਲਤ ਵਿਚੋਂ ਬਾਹਰ ਜਾਣ ਤੋਂ ਪਹਿਲਾਂ ਰਜ਼ਾ ਨੇ ਨਈਮ ਅਕਲ ਦੇ ਪਰਵਾਰ ਵੱਲ ਦੇਖਿਆ ਅਤੇ ਮੁਸਕਰਾਉਣ ਲੱਗਾ। ਤਿੰਨੋ ਦੋਸ਼ੀਆਂ ਦੇ ਵਕੀਲਾਂ ਨੇ ਅਦਾਲਤੀ ਫੈਸਲੇ ’ਤੇ ਕੋਈ ਟਿੱਪਣੀ ਨਾ ਕੀਤੀ। ਦੂਜੇ ਪਾਸੇ ਸਰਕਾਰੀ ਵਕੀਲ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨਾਲ ਉਨ੍ਹਾਂ ਨੂੰ ਤਸੱਲੀ ਹੈ। ਇਥੇ ਦਸਣਾ ਬਣਦਾ ਹੈ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਤਿੰਨੋ ਜਣਿਆਂ ਦਾ ਝੁਕਾਅ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਵੱਲ ਹੋ ਗਿਆ ਅਤੇ ਨਈਮ ਅਕਲ ਸਾਰੇ ਭੇਤ ਪੁਲਿਸ ਨੂੰ ਦੇਣਾ ਚਾਹੁੰਦਾ ਸੀ। ਸਰਕਾਰੀ ਵਕੀਲ ਨੂੰ ਜਦੋਂ ਇਸਲਾਮਿਕ ਸਟੇਟ ਨਾਲ ਸਬੰਧਾਂ ਬਾਰੇ ਪੜਤਾਲ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ।
ਰਜ਼ਾ ਦੇ ਫੋਨ ਰਿਕਾਰਡ ਤੋਂ ਪਤਾ ਲੱਗਾ ਕਿ ਉਸ ਨੇ ਇਸਲਾਮਿਕ ਸਟੇਟਦੇ ਪ੍ਰਚਾਰ ਵਾਲੀਆਂ ਵੀਡੀਓਜ਼ ਡਾਊਨਲੋਡ ਕੀਤੀਆਂ ਅਤੇ ਇਸਲਾਮਿਕ ਸਟੇਟ ਦੇ ਆਗੂ ਦੀ ਸਰਚ ਵੀ ਕੀਤੀ। ਰਜ਼ਾ ਦੇ ਪਿਤਾ ਦੀ ਹੌਂਡਾ ਅਕੌਰਡ ਦੀ ਡਿੱਕੀ ਵਿਚ ਨਈਮ ਅਕਲ ਦੇ ਖੂਨ ਦੇ ਨਿਸ਼ਾਨ ਮਿਲੇ। ਦੋਸ਼ੀਆਂ ਨੂੰ ਸਜ਼ਾ ਦਾ ਐਲਾਨ 27 ਜੂਨ ਨੂੰ ਕੀਤਾ ਜਾਵੇਗਾ।