ਉਨਟਾਰੀਓ ਦੇ 4 ਹਜ਼ਾਰ ਤੋਂ ਵੱਧ ਸਟੋਰਾਂ ਨੇ ਲਿਆ ਬੀਅਰ ਵੇਚਣ ਦਾ ਲਾਇਸੰਸ

ਉਨਟਾਰੀਓ ਦੇ 4 ਹਜ਼ਾਰ ਤੋਂ ਵੱਧ ਕਨਵੀਨੀਐਂਸ ਸਟੋਰ ਬੀਅਰ ਦੀ ਵਿਕਰੀ ਲਈ ਲਾਇਸੰਸ ਹਾਸਲ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਗਿਣਤੀ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Update: 2024-08-31 11:46 GMT

ਟੋਰਾਂਟੋ : ਉਨਟਾਰੀਓ ਦੇ 4 ਹਜ਼ਾਰ ਤੋਂ ਵੱਧ ਕਨਵੀਨੀਐਂਸ ਸਟੋਰ ਬੀਅਰ ਦੀ ਵਿਕਰੀ ਲਈ ਲਾਇਸੰਸ ਹਾਸਲ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਗਿਣਤੀ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਐਲਕੌਹਲ ਐਂਡ ਗੇਮਿੰਗ ਕਮਿਸ਼ਨ ਨੇ ਦੱਸਿਆ ਕਿ 5 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਿਕਰੀ ਲਈ 4,146 ਲਾਇਸੰਸ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਕਨਵੀਨੀਐਂਸ ਸਟੋਰਾਂ ਰਾਹੀਂ ਬੀਅਰ ਅਤੇ ਵਾਈਨ ਦੀ ਵਿਕਰੀ ਭਾਵੇਂ ਲੋਕਾਂ ਨੂੰ ਵੱਡੀ ਸਹੂਲਤ ਦੇਵੇਗੀ ਪਰ ਕੀਮਤਾਂ ਵਿਚ 20 ਤੋਂ 50 ਫੀ ਸਦੀ ਤੱਕ ਵਾਧਾ ਹੋ ਸਕਦਾ ਹੈ। ਐਲ.ਸੀ.ਬੀ.ਓ. ਕਾਮਿਆਂ ਨੂੰ ਪਿਛਲੇ ਮਹੀਨੇ ਕੀਤੀ ਹੜਤਾਲ ਦੇ ਕਈ ਕਾਰਨਾਂ ਵਿਚੋਂ ਇਕ ਕਨਵੀਨੀਐਂਸ ਸਟੋਰਾਂ ਰਾਹੀਂ ਬੀਅਰ ਦੀ ਵਿਕਰੀ ਵੀ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਕਈ ਐਲ.ਸੀ.ਬੀ.ਓ. ਸਟੋਰ ਬੰਦ ਹੋ ਸਕਦੇ ਹਨ।

5 ਸਤੰਬਰ ਤੋਂ ਸ਼ੁਰੂ ਹੋਵੇਗੀ ਬੀਅਰ ਅਤੇ ਵਾਈਨ ਦੀ ਵਿਕਰੀ

ਇਥੇ ਦਸਣਾ ਬਣਦਾ ਹੈ ਕਿ 5 ਸਤੰਬਰ ਤੋਂ ਸ਼ੁਰੂ ਹੋ ਰਹੀ ਵਿਕਰੀ ਦੇ ਮੱਦੇਨਜ਼ਰ ਸਰਕਾਰੀ ਨੁਮਾਇੰਦਿਆਂ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ ਜਿਨ੍ਹਾਂ ਵਿਚ ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਅਤੇ ਅਰਾਈਵ ਲਾਈਵ ਸ਼ਾਮਲ ਹਨ। ਸਟੋਰਾਂ ਰਾਹੀਂ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਐਲਕੌਹਲ ਦੀ ਵਿਕਰੀ ਕੀਤੀ ਜਾ ਸਕੇਗੀ। ਅਜਿਹੇ ਵਿਚ ਔਲਕੌਹਲ ਦੇ ਸਰੀਰ ’ਤੇ ਪੈਣ ਵਾਲੇ ਮਾੜੇ ਅਸਰਾਂ ਦੀ ਬਾਰੇ ਚਿਤਾਵਨੀਆਂ ਵੀ ਦਰਸਾਉਣੀਆਂ ਹੋਣਗੀਆਂ। ਸਟੋਰ ਕਲਰਕਾਂ ਨੂੰ ਸਮਾਰਟ ਸਰਵ ਟ੍ਰੇਨਿੰਗ ਮੁਕੰਮਲ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਹੀ ਉਹ ਬੀਅਰ ਤੇ ਵਾਈਨ ਦੀ ਵਿਕਰੀ ਕਰ ਸਕਣਗੇ। ਉਨਟਾਰੀਓ ਵਿਚ ਐਨ.ਡੀ.ਪੀ. ਦੇ ਸਿਹਤ ਮਾਮਲਿਆਂ ਦੇ ਆਲੋਚਕ ਫਰਾਂਸ ਜੈਲੀਨਸ ਨੇ ਕਿਹਾ ਕਿ ਸਰਕਾਰ ਨੂੰ ਐਲਕੌਹਲ ਦੀ ਵਿਕਰੀ ਸਟੋਰਾਂ ਰਾਹੀਂ ਕਰਨ ਦੀ ਰਫ਼ਤਾਰ ਘੱਟ ਰੱਖਣ ਦਾ ਸੁਝਾਅ ਦਿਤਾ ਗਿਆ ਪਰ ਪੂਰੇ ਸੂਬੇ ਵਿਚ ਇਕੋ ਵੇਲੇ ਵਿਕਰੀ ਸ਼ੁਰੂ ਹੋ ਰਹੀ ਹੈ ਜਿਸ ਦੇ ਨਾਂਹਪੱਖੀ ਅਸਰ ਲਾਜ਼ਮੀ ਤੌਰ ’ਤੇ ਸਾਹਮਣੇ ਆਉਣਗੇ। ਦੂਜੇ ਪਾਸੇ ਅਰਾਈਵ ਲਾਈਵ ਵੱਲੋਂ ਸਰਕਾਰ ਨੂੰ ਸੁਝਾਅ ਦਿਤਾ ਗਿਆ ਹੈ ਕਿ ਕਨਵੀਨੀਐਂਸ ਸਟੋਰ ਦੇ ਸਟਾਫ ਦੇ ਸਿਖਲਾਈ ਤੋਂ ਇਲਾਵਾ ਹੋਰ ਸੁਰੱਖਿਆ ਮਾਪਦੰਡ ਵੱਲ ਵੀ ਧਿਆਨ ਦਿਤਾ ਜਾਵੇ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਵੇਂ ਤੌਰ-ਤਰੀਕਿਆਂ ਵੱਲ ਵਧਦਿਆਂ ਸਮਾਜਿਕ ਜ਼ਿੰਮੇਵਾਰੀਆਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਹਰ ਚੀਜ਼ ਸਥਿਰ ਰੱਖਣ ਦੇ ਯਤਨ ਕੀਤੇ ਜਾਣਗੇ। 

Tags:    

Similar News