ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਏ 16 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ

ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ 16 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਸਮੱਸਿਆ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਅਸਾਇਲਮ ਦੇ ਦਾਅਵਿਆਂ ਨੂੰ ਧੜਾਧੜ ਰੱਦ ਕਰ ਰਹੀ ਹੈ।;

Update: 2024-08-14 07:05 GMT

ਨਿਊ ਯਾਰਕ : ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ 16 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੌਜੂਦਾ ਵਰ੍ਹੇ ਦੌਰਾਨ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਸਮੱਸਿਆ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਅਸਾਇਲਮ ਦੇ ਦਾਅਵਿਆਂ ਨੂੰ ਧੜਾਧੜ ਰੱਦ ਕਰ ਰਹੀ ਹੈ। ਸੇਫ ਥਰਡ ਕੰਟਰੀ ਐਗਰੀਮੈਂਟ ਵਿਚ ਦੋ ਤਬਦੀਲੀਆਂ ਕਰਦਿਆਂ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ-ਮਸ਼ਵਰਾ ਕਰਨ ਲਈ ਸਿਰਫ ਚਾਰ ਘੰਟੇ ਦਿਤੇ ਜਾਣਗੇ ਜਦਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਸੇਫ ਥਰਡ ਕੰਟਰੀ ਐਗਰੀਮੈਂਟ ਤੋਂ ਛੋਟ ਹੋਣ ਦਾ ਦਾਅਵਾ ਸਾਬਤ ਕਰਨ ਲਈ ਪ੍ਰਵਾਸੀਆਂ ਨੂੰ ਸਕ੍ਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕ੍ਰੀਨਿੰਗ ਟਾਲੀ ਨਹੀਂ ਜਾਵੇਗੀ ਜਦਕਿ ਅਤੀਤ ਵਿਚ ਪ੍ਰਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਲਈ ਸਕ੍ਰੀਨਿੰਗ ਦਾ ਸਮਾਂ ਅਤੇ ਤਰੀਕ ਮੁਲਤਵੀ ਕਰਵਾਉਣ ਦਾ ਹੱਕ ਸੀ।

ਅਮਰੀਕਾ ਸਰਕਾਰ ਧੜਾ-ਧੜ ਰੱਦ ਕਰਨ ਲੱਗੀ ਅਸਾਇਲਮ ਦੇ ਦਾਅਵੇ

ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ ਵਿਚ ਸਾਫ ਦਰਸਾਇਆ ਗਿਆ ਹੈ ਕਿ ਗੈਰਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ ਵਿਚ ਪਹਿਲਾ ਕਦਮ ਰੱਖਣਗੇ, ਅਸਾਇਲਮ ਦਾ ਦਾਅਵਾ ਵੀ ਉਥੇ ਹੀ ਕੀਤਾ ਜਾ ਸਕਦਾ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ ਵਿਚ ਪਨਾਹ ਨਹੀਂ ਮਿਲ ਸਕਦੀ ਪਰ ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਚੋਰੀ ਮੋਰੀਆਂ ਹਾਲੇ ਵੀ ਮੌਜੂਦ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਰਸਤੇ ਅਮਰੀਕਾ ਆ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ 65 ਫੀ ਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਦੱਖਣੀ ਬਾਰਡਰ ਰਾਹੀਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋ ਚੁੱਕੇ ਹਨ। ਇਕੱਲੇ ਜੂਨ ਮਹੀਨੇ ਦੌਰਾਨ 83 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਦੱਖਣੀ ਬਾਰਡਰ ’ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ ਢਾਈ ਹਜ਼ਾਰ ਦੱਸੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ ਪਹਿਲੀ ਵਾਰ ਇਕ ਮਹੀਨੇ ਦੌਰਾਨ ਰੋਕੇ ਪ੍ਰਵਾਸੀਆਂ ਦੀ ਗਿਣਤੀ ਐਨੇ ਹੇਠਲੇ ਪੱਧਰ ’ਤੇ ਆਈ ਹੈ।

ਪ੍ਰਵਾਸੀਆਂ ਨੂੰ ਵਕੀਲ ਨਾਲ ਸਲਾਹ-ਮਸ਼ਵਰੇ ਲਈ ਸਿਰਫ 4 ਘੰਟੇ ਦਾ ਸਮਾਂ

ਬਾਇਡਨ ਸਰਕਾਰ ਵੱਲੋਂ ਬੀਤੀ 5 ਜੂਨ ਤੋਂ ਬਾਰਡਰ ਏਜੰਟਾਂ ਨੂੰ ਅਸਾਇਲਮ ਦੇ ਦਾਅਵੇ ਰੱਦ ਕਰਨ ਦਾ ਹੱਕ ਦਿਤਾ ਗਿਆ ਜਿਸ ਦਾ ਅਸਰ ਸਾਫ ਨਜ਼ਰ ਆਇਆ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਸਤੰਬਰ 2020 ਵਿਚ 40,507 ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ ਜੋ ਪਿਛਲੇ ਕੁਝ ਵਰਿ੍ਹਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ ਪਰ ਦਸੰਬਰ 2023 ਵਿਚ ਸਭ ਤੋਂ ਵੱਧ ਢਾਈ ਲੱਖ ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ। ਨਵੰਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਪ੍ਰਵਾਸ ਭਖਦਾ ਮੁੱਦਾ ਬਣਿਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਐਲਾਨ ਕਰ ਚੁੱਕੇ ਹਨ ਕਿ ਸੱਤਾ ਵਿਚ ਆਉਣ ’ਤੇ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿਤਾ ਜਾਵੇਗਾ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਨੇ ਵੱਡੇ ਪੱਧਰ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਭਵ ਹੀ ਨਹੀਂ। ਦੂਜੇ ਪਾਸੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਆਉਣ ਵਾਲੇ ਦਿਨਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਚ ਹੋਰ ਕਮੀ ਆ ਸਕਦੀ ਹੈ।

Tags:    

Similar News