ਬੀ.ਸੀ. ਵਿਚ ਲੱਖਾਂ ਡਾਲਰ ਦਾ ਚੋਰੀਸ਼ੁਦਾ ਸਮਾਨ ਬਰਾਮਦ
ਬੀ.ਸੀ. ਵਿਚ ਪਿਛਲੇ ਸਾਲ ਅਗਸਤ ਵਿਚ ਚੋਰੀ ਹੋਏ ਤਿੰਨ ਸ਼ਿਪਿੰਗ ਕੰਟੇਨਰਾਂ ਦਾ ਮਾਮਲਾ ਸੁਲਝਾਉਂਦਿਆਂ ਆਰ.ਸੀ.ਐਮ.ਪੀ. ਨੇ ਬਰਨਬੀ ਤੋਂ ਲੱਖਾਂ ਡਾਲਰ ਦਾ ਸਮਾਨ ਬਰਾਮਦ ਕੀਤਾ ਹੈ।
ਬਰਨਬੀ : ਬੀ.ਸੀ. ਵਿਚ ਪਿਛਲੇ ਸਾਲ ਅਗਸਤ ਵਿਚ ਚੋਰੀ ਹੋਏ ਤਿੰਨ ਸ਼ਿਪਿੰਗ ਕੰਟੇਨਰਾਂ ਦਾ ਮਾਮਲਾ ਸੁਲਝਾਉਂਦਿਆਂ ਆਰ.ਸੀ.ਐਮ.ਪੀ. ਨੇ ਬਰਨਬੀ ਤੋਂ ਲੱਖਾਂ ਡਾਲਰ ਦਾ ਸਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 6 ਅਗਸਤ 2024 ਨੂੰ ਹੋਈ ਵਾਰਦਾਤ ਦੌਰਾਨ ਸਵਾ ਲੱਖ ਡਾਲਰ ਮੁੱਲ ਦਾ ਸਮਾਨ ਚੋਰ ਲੈ ਗਏ ਜਦਕਿ 29 ਨਵੰਬਰ ਨੂੰ ਮੁੜ 60 ਹਜ਼ਾਰ ਡਾਲਰ ਦਾ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਕਈ ਮਹੀਨੇ ਤੱਕ ਕੀਤੀ ਪੜਤਾਲ ਦੇ ਆਧਾਰ ’ਤੇ ਬਰਨਬੀ ਆਰ.ਸੀ.ਐਮ.ਪੀ. ਦੀ ਕਮਿਊਨਿਟੀ ਰਿਸਪੌਂਸ ਟੀਮ ਨੇ ਸਰੀ ਦੇ ਇਕ ਵੇਅਰ ਹਾਊਸ ’ਤੇ ਛਾਪਾ ਮਾਰਦਿਆਂ ਇਕ ਫਰੇਟ ਲਾਈਨਰ ਟ੍ਰੈਕਟਰ, ਇਕ ਫੋਰਕਲਿਫ਼ਟ, ਟੁਆਇਲਟ ਪੇਪਰ ਦੇ 51 ਪੈਲਟ, ਪੇਪਰ ਟੌਵਲ ਦੇ 42 ਪੈਲਟ, ਬੀਅਰ ਦੇ ਦੋ ਪੈਲਟ ਅਤੇ ਖੁਰਾਕੀ ਵਸਤਾਂ ਦੇ ਪੰਜ ਪੈਲਟ ਬਰਾਮਦ ਕੀਤੇ।
ਅਗਸਤ 2024 ਵਿਚ ਚੋਰੀ ਹੋਏ ਸਨ ਤਿੰਨ ਸ਼ਿਪਿੰਗ ਕੰਟੇਨਰ
ਪੜਤਾਲ ਦੇ ਆਧਾਰ ’ਤੇ ਕਈ ਸ਼ੱਕੀਆਂ ਦੀ ਪੈੜ ਵੀ ਨੱਪੀ ਗਈ ਅਤੇ ਰਿਚੰਡ ਦੇ 40 ਸਾਲਾ ਸ਼ੱਕੀ, ਸਰੀ ਦੇ 54 ਸਾਲਾ ਸ਼ੱਕੀ ਅਤੇ ਨਿਊ ਵੈਸਟਮਿੰਸਟਰ ਦੇ 48 ਸਾਲਾ ਸ਼ੱਕੀ ਨੂੰ ਕਾਬੂ ਕਰਦਿਆਂ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ। ਬਰਨਬੀ ਆਰ.ਸੀ.ਐਮ.ਪੀ. ਦੇ ਕਾਰਪੋਰਲ ਮਾਈਕ ਕਲੰਜ ਨੇ ਘਟਨਾਕ੍ਰਮ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਐਨੇ ਵੱਡੇ ਪੱਧਰ ’ਤੇ ਹੋਈਆਂ ਚੋਰੀਆਂ ਦਾ ਕਮਿਊਨਿਟੀ ’ਤੇ ਬੇਹੱਦ ਮਾੜਾ ਅਸਰ ਪਿਆ। ਹੁਣ ਲੱਖਾਂ ਡਾਲਰ ਦਾ ਸਮਾਨ ਬਰਾਮਦ ਇਸ ਦੇ ਅਸਲ ਮਾਲਕ ਤੱਕ ਪੁੱਜਦਾ ਕਰ ਦਿਤਾ ਗਿਆ ਹੈ ਪਰ ਮਾਮਲੇ ਦੀ ਪੜਤਾਲ ਹਾਲੇ ਵੀ ਜਾਰੀ ਹੈ ਅਤੇ ਕਈ ਹੋਰ ਸ਼ੱਕੀ ਅੜਿੱਕੇ ਆਉਣ ਦੇ ਆਸਾਰ ਹਨ।