ਅਮਰੀਕਾ ਕੰਮ ਕਰਦੇ ਲੱਖਾਂ ਕੈਨੇਡੀਅਨਜ਼ ਨੂੰ ਮਿਲੀ ਚਿਤਾਵਨੀ
ਅਮਰੀਕਾ ਵਿਚ ਕੰਮ ਕਰਦੇ ਲੱਖਾਂ ਕੈਨੇਡੀਅਨਜ਼ ਨੂੰ ਸੁਚੇਤ ਕਰਦਿਆਂ ਇੰਮੀਗ੍ਰੇਸ਼ਨ ਵਕੀਲਾਂ ਨੇ ਕਿਹਾ ਹੈ ਕਿ ਕੌਮਾਂਤਰੀ ਸਰਹੱਦ ਰਾਹੀਂ ਆਵਾਜਾਈ ਦਾ ਸਿਲਸਿਲਾ ਘੱਟ ਤੋਂ ਘੱਟ ਰੱਖਿਆ ਜਾਵੇ।
ਨਿਊ ਯਾਰਕ : ਅਮਰੀਕਾ ਵਿਚ ਕੰਮ ਕਰਦੇ ਲੱਖਾਂ ਕੈਨੇਡੀਅਨਜ਼ ਨੂੰ ਸੁਚੇਤ ਕਰਦਿਆਂ ਇੰਮੀਗ੍ਰੇਸ਼ਨ ਵਕੀਲਾਂ ਨੇ ਕਿਹਾ ਹੈ ਕਿ ਕੌਮਾਂਤਰੀ ਸਰਹੱਦ ਰਾਹੀਂ ਆਵਾਜਾਈ ਦਾ ਸਿਲਸਿਲਾ ਘੱਟ ਤੋਂ ਘੱਟ ਰੱਖਿਆ ਜਾਵੇ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਆਪਣੇ ਕਲਾਈਂਟਸ ਨੂੰ ਹਦਾਇਤ ਦਿਤੀ ਗਈ ਹੈ ਕਿ ਆਪਣੇ ਫੋਨ ਵਿਚੋਂ ਹਰ ਇਤਰਾਜ਼ਯੋਗ ਚੀਜ਼ ਹਟਾ ਦਿਤੀ ਜਾਵੇ ਅਤੇ ਬਾਰਡਰ ’ਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਪੁੱਛ-ਪੜਤਾਲ ਵਾਸਤੇ ਤਿਆਰ ਰਹਿਣ। ਇਥੋਂ ਤੱਕ ਕਿ ਮੋਬਾਈਲ ਫੋਨ ਵਿਚ ਕਿਸੇ ਪਾਰਟੀ ਵਿਸ਼ੇਸ਼ ਦੀ ਹਮਾਇਤ ਵਾਲੀ ਕੋਈ ਤਸਵੀਰ ਜਾਂ ਵੀਡੀਓ ਵੀ ਨਹੀਂ ਹੋਣੀ ਚਾਹੀਦੀ ਅਤੇ ਕਿਸੇ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋਣ ਦੇ ਯਤਨ ਨਾ ਕੀਤੇ ਜਾਣ।
‘ਜ਼ਿਆਦਾ ਆਵਾਜਾਈ ਤੁਹਾਡੇ ਵਾਸਤੇ ਠੀਕ ਨਹੀਂ’
ਇੰਮੀਗ੍ਰੇਸ਼ਨ ਵਿਭਾਗ ਵੱਲੋਂ ਚਲਾਈ ਮੁਹਿੰਮ ਤਹਿਤ ਮੁਢਲੇ ਤੌਰ ’ਤੇ ਸਿਰਫ਼ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੀ ਕਾਰਵਾਈ ਕੀਤੀ ਗਈ ਪਰ ਹੁਣ ਹਰ ਉਹ ਇਨਸਾਨ ਨਿਸ਼ਾਨੇ ’ਤੇ ਹੈ ਜੋ ਅਮਰੀਕਾ ਦਾ ਨਾਗਰਿਕ ਨਹੀਂ। ਟੋਰਾਂਟੋ ਦੀ ਇੰਮੀਗ੍ਰੇਸ਼ਨ ਲਾਅ ਫ਼ਰਮ ਦੇ ਮੈਨੇਜਿੰਗ ਪਾਰਟਨਰ ਜੌਨਾਥਨ ਗ੍ਰੋਡ ਦਾ ਕਹਿਣਾ ਸੀ ਕਿ ਅਤੀਤ ਵਿਚ ਕੀਤੀਆਂ ਇੰਮੀਗ੍ਰੇਸ਼ਨ ਕੋਤਾਹੀਆਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਜ਼ਾ ਹੁਣ ਦਿਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਇਸ ਵੇਲੇ 8 ਲੱਖ ਤੋਂ ਵੱਧ ਕੈਨੇਡੀਅਨ ਅਮਰੀਕਾ ਵਿਚ ਕੰਮ ਕਰ ਰਹੇ ਹਨ ਅਤੇ ਕੌਮਾਂਤਰੀ ਸਰਹੱਦ ਰਾਹੀਂ ਰੋਜ਼ਾਨਾ 4 ਲੱਖ ਲੋਕਾਂ ਦੀ ਆਵਾਜਾਈ ਹੁੰਦੀ ਹੈ ਪਰ ਫਰਵਰੀ ਮਹੀਨੇ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਵਿਚ 5 ਲੱਖ ਦੀ ਵੱਡੀ ਕਮੀ ਦਰਜ ਕੀਤੀ ਗਈ। ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਕੈਨੇਡੀਅਨ ਸਿਟੀਜ਼ਨ ਜੈਸਮਿਨ ਮੂਨੀ ਦੀ ਮਿਸਾਲ ਦਿਤੀ ਜਾ ਰਹੀ ਹੈ ਜਿਸ ਨੂੰ ਡਿਪੋਰਟ ਕਰਨ ਤੋਂ ਪਹਿਲਾਂ 12 ਦਿਨ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ। ਜੈਸਮਿਨ ਨੂੰ ਸੈਨ ਡਿਐਗੋ ਵਿਖੇ ਮੈਕਸੀਕੋ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਜਦੋਂ ਉਸ ਨੇ ਨਵਾਂ ਟੀ.ਐਨ. ਵੀਜ਼ਾ ਹਾਸਲ ਕਰਨ ਦਾ ਯਤਨ ਕੀਤਾ। ਇਹ ਵੀਜ਼ਾ ਕੈਨੇਡਾ ਅਤੇ ਮੈਕਸੀਕੋ ਦੇ ਨਾਗਰਿਕਾਂ ਨੂੰ ਅਮਰੀਕਾ ਵਿਚ ਆਰਜ਼ੀ ਤੌਰ ’ਤੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਜੈਸਮਿਨ ਮੂਨੀ ਪਹਿਲਾਂ ਵੀ ਕਈ ਵਾਰ ਇਹ ਵੀਜ਼ਾ ਹਾਸਲ ਕਰ ਚੁੱਕੀ ਸੀ ਪਰ ਇਸ ਵਾਰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਗਜ਼ਾਂ ਵਿਚ ਨੁਕਸ ਕੱਢ ਦਿਤਾ ਅਤੇ ਉਸ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਦੀ ਬਜਾਏ ਗ੍ਰਿਫ਼ਤਾਰ ਕਰ ਕੇ ਸੈਨ ਡਿਆਗੋ ਅਤੇ ਐਰੀਜ਼ੋਨਾ ਦੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਗਿਆ।
ਇੰਮੀਗ੍ਰੇਸ਼ਨ ਵਕੀਲਾਂ ਨੇ ਫੋਨ ਵਿਚੋਂ ਇਤਰਾਜ਼ਯੋਗ ਚੀਜ਼ਾ ਹਟਾਉਣ ਵਾਸਤੇ ਆਖਿਆ
ਆਖਰਕਾਰ, ਜੈਸਮਿਨ ਮੂਨੀ ਨੂੰ ਕੈਨੇਡਾ ਡਿਪੋਰਟ ਕਰਦਿਆਂ ਪੰਜ ਸਾਲ ਵਾਸਤੇ ਅਮਰੀਕਾ ਦਾਖਲ ਹੋਣ ’ਤੇ ਰੋਕ ਲਾ ਦਿਤੀ ਗਈ। ਇੰਮੀਗ੍ਰੇਸ਼ਨ ਵਕੀਲ ਜਿਮ ਹੈਕਿੰਗ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੀ ਸਮੱਸਿਆ ਇਹ ਹੈ ਕਿ ਸਬੰਧਤ ਪ੍ਰਵਾਸੀ ਦਾ ਕੋਈ ਵੀ ਨੁਕਸ ਕੱਢ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਹੈਕਿੰਗ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਾਗਜ਼ਾਂ ਵਿਚ ਕੋਈ ਕਮੀ-ਪੇਸ਼ੀ ਹੋਣ ’ਤੇ ਲੋਕਾਂ ਨੂੰ ਅਮਰੀਕਾ ਦਾਖਲ ਹੋਣ ਤੋਂ ਵਰਜ ਦਿਤਾ ਜਾਵੇ ਪਰ ਇਥੇ ਤਾਂ ਸਿੱਧੀਆਂ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਹੈਕਿੰਗ ਵੱਲੋਂ ਅਮਰੀਕਾ ਵਿਚ ਕੰਮ ਕਰ ਰਹੇ ਕੈਨੇਡੀਅਨਜ਼ ਨੂੰ ਸੁਝਾਅ ਦਿਤਾ ਗਿਆ ਹੈ ਕਿ ਬਾਰਡਰ ਦੇ ਆਰ-ਪਾਰ ਗੇੜੇ ਬੇਹੱਦ ਸੀਮਤ ਰੱਖੇ ਜਾਣ ਕਿਉਂਕਿ ਹਾਲਾਤ ਅਜੀਬੋ-ਗਰੀਬ ਬਣ ਚੁੱਕੇ ਹਨ। ਕੋਈ ਪਤਾ ਨਹੀਂ ਕਦੋਂ ਕਿਸੇ ਦੇ ਪਾਸਪੋਰਟ ’ਤੇ ਪੰਜ ਸਾਲ ਦੀ ਪਾਬੰਦੀ ਵਾਲੀ ਮੋਹਰ ਲਾ ਦਿਤੀ ਜਾਵੇ।