ਬਰੈਂਪਟਨ ਦੇ ਘਰ ਵਿਚ ਲੱਗੀ ਭਿਆਨਕ ਅੱਗ, 2 ਮੌਤਾਂ
ਬਰੈਂਪਟਨ ਵਿਖੇ ਵੀਰਵਾਰ ਵੱਡੇ ਤੜਕੇ ਇਕ ਘਰ ਨੂੰ ਅੱਗ ਲੱਗਣ ਕਾਰਨ ਪਰਵਾਰ ਦੇ 2 ਜੀਆਂ ਦੀ ਮੌਤ ਹੋ ਗਈ ਜਦਕਿ 5 ਸਾਲ ਦੇ ਬੱਚੇ ਸਣੇ ਚਾਰ ਜਣਿਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ
By : Upjit Singh
Update: 2025-11-20 13:33 GMT
ਬਰੈਂਪਟਨ : ਬਰੈਂਪਟਨ ਵਿਖੇ ਵੀਰਵਾਰ ਵੱਡੇ ਤੜਕੇ ਇਕ ਘਰ ਨੂੰ ਅੱਗ ਲੱਗਣ ਕਾਰਨ ਪਰਵਾਰ ਦੇ 2 ਜੀਆਂ ਦੀ ਮੌਤ ਹੋ ਗਈ ਜਦਕਿ 5 ਸਾਲ ਦੇ ਬੱਚੇ ਸਣੇ ਚਾਰ ਜਣਿਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਬਰੈਂਪਟਨ ਫਾਇਰ ਫਾਈਟਰਜ਼ ਨੇ ਦੱਸਿਆ ਕਿ ਮਕਲਾਫ਼ਲਿਨ ਰੋਡ ਅਤੇ ਰਿਮੈਂਬਰੈਂਸ ਰੋਡ ਇਲਾਕੇ ਵਿਚ ਪੌਣੇ ਤਿੰਨ ਵਜੇ ਅੱਗ ਲੱਗਣ ਦੀ ਇਤਲਾਹ ਮਿਲੀ।
5 ਸਾਲ ਦੇ ਬੱਚੇ ਸਣੇ ਚਾਰ ਜਣਿਆਂ ਦੀ ਹਾਲਤ ਨਾਜ਼ੁਕ
ਫਾਇਰ ਫਾਈਟਰਜ਼ ਨੇ ਕਰੜੀ ਮਿਹਨਤ ਕਰਦਿਆਂ ਅੱਗ ਬੁਝਾਉਣ ਵਿਚ ਸਫ਼ਲਤਾ ਹਾਸਲ ਕੀਤੀ। ਹਾਲਾਤ ਦੇ ਮੱਦੇਨਜ਼ਰ ਆਂਢ ਗੁਆਂਢ ਦੇ ਕਈ ਘਰ ਖਾਲੀ ਕਰਵਾਉਣੇ ਪਏ। ਦੂਜੇ ਪਾਸੇ ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਦੋ ਜਣਿਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਤਿਦਾ ਗਿਆ ਅਤੇ ਬੱਚੇ ਸਣੇ ਚਾਰ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।