ਮਾਰਕ ਕਾਰਨੀ ਵੱਲੋਂ ਡੌਨਲਡ ਟਰੰਪ ਨੂੰ ਚਿਤਾਵਨੀ
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਦਾਅਵਾ ਪੱਕਾ ਹੁੰਦਿਆਂ ਹੀ ਮਾਰਕ ਕਾਰਨੀ ਨੇ ਡੌਨਲਡ ਟਰੰਪ ਨੂੰ ਹੱਦ ਵਿਚ ਰਹਿਣ ਦੀ ਚਿਤਾਵਨੀ ਦੇ ਦਿਤੀ ਅਤੇ ਆਪਣੇ ਗੁਆਂਢੀ ਮੁਲਕ ਨਾਲ ਅਦਬ ਨਾਲ ਪੇਸ਼ ਆਉਣ ਦੀ ਨਸੀਹਤ ਦਿੰਦੇ ਸੁਣੇ ਗਏ।;
ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਦਾਅਵਾ ਪੱਕਾ ਹੁੰਦਿਆਂ ਹੀ ਮਾਰਕ ਕਾਰਨੀ ਨੇ ਡੌਨਲਡ ਟਰੰਪ ਨੂੰ ਹੱਦ ਵਿਚ ਰਹਿਣ ਦੀ ਚਿਤਾਵਨੀ ਦੇ ਦਿਤੀ ਅਤੇ ਆਪਣੇ ਗੁਆਂਢੀ ਮੁਲਕ ਨਾਲ ਅਦਬ ਨਾਲ ਪੇਸ਼ ਆਉਣ ਦੀ ਨਸੀਹਤ ਦਿੰਦੇ ਸੁਣੇ ਗਏ। ਲਿਬਰਲ ਲੀਡਰਸ਼ਿਪ ਦੌੜ ਵਿਚ ਹੂੰਝਾ ਫੇਰ ਜਿੱਤ ਦਰਜ ਕਰਦਿਆਂ ਮਾਰਕ ਕਾਰਨੀ ਨੇ ਟਰੰਪ ਉਤੇ ਕੈਨੇਡੀਅਨ ਅਰਥਚਾਰੇ ਨੂੰ ਢਾਹ ਲਾਉਣ ਦੇ ਯਤਨ ਕਰਨ ਦਾ ਦੋਸ਼ ਲਾਇਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਲਾਈਆਂ ਟੈਰਿਫਸ ਨੂੰ ਸਰਾਸਰ ਧੱਕੇਸ਼ਾਹੀ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਟਰੰਪ ਕੈਨੇਡੀਅਨ ਕਿਰਤੀਆਂ, ਕੈਨੇਡੀਅਨ ਪਰਵਾਰਾਂ ਅਤੇ ਕੈਨੇਡੀਅਨ ਕਾਰੋਬਾਰੀਆਂ ਉਤੇ ਵਾਰ ਕਰ ਰਹੇ ਹਨ ਪਰ ਅਸੀਂ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿਆਂਗੇ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਲੀਡਰਸ਼ਿਪ ਦੌੜ ਵਿਚ ਮਾਰਕ ਕਾਰਨੀ ਨੂੰ 131,674 ਵੋਟਾਂ ਮਿਲੀਆਂ ਜੋ ਕੁਲ ਵੋਟਾਂ ਦਾ 86 ਫ਼ੀ ਸਦੀ ਬਣਦੀਆਂ ਹਨ। ਲੀਡਰਸ਼ਿਪ ਦੌੜ ਵਿਚ ਦੂਜੀ ਸਭ ਤੋਂ ਮਜ਼ਬੂਤ ਦਾਅਵੇਦਾਰ ਕ੍ਰਿਸਟੀਆ ਫਰੀਲੈਂਡ ਸਿਰਫ 11,134 ਵੋਟਾਂ ਹੀ ਹਾਸਲ ਕਰ ਸਕੇ ਜੋ ਕੁਲ ਵੋਟਾਂ ਦਾ 8 ਫੀ ਸਦੀ ਬਣਦੀਆਂ ਹਨ। ਲੀਡਰਸ਼ਿਪ ਦੌੜ ਵਿਚ ਸ਼ਾਮਲ ਦੋ ਹੋਰ ਉਮੀਦਵਾਰਾਂ ਕਰੀਨਾ ਗੂਲਡ ਨੂੰ 4,785 ਅਤੇ ਫਰੈਂਕ ਬੇਅਲਿਸ ਨੂੰ 4,038 ਵੋਟਾਂ ਹੀ ਮਿਲੀਆਂ। ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡੀਅਨਜ਼ ਵੱਲੋਂ ਟਰੰਪ ਵਿਰੁੱਧ ਪੁਰਜ਼ੋਰ ਆਵਾਜ਼ ਬੁਲੰਦ ਕੀਤੇ ਜਾਣ ’ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਸੂਬੇ ਸੰਘਰਸ਼ ਵਾਸਤੇ ਕਮਰ ਕੱਸ ਚੁੱਕੇ ਹਨ ਅਤੇ ਇਕਜੁਟ ਰਹਿੰਦਿਆਂ ਹੀ ਕੈਨੇਡਾ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦਾ ਹੈ।
ਟਰੂਡੋ ਦੀਆਂ ਅੱਖਾਂ ਵਿਚ ਮੁੜ ਆ ਗਏ ਹੰਝੂ
ਵਿੱਤੀ ਜ਼ਿੰਮੇਵਾਰੀ, ਸਮਾਜਿਕ ਨਿਆਂ ਅਤੇ ਕੌਮਾਂਤਰੀ ਲੀਡਰਸ਼ਿਪ ਨੂੰ ਆਪਣੇ ਮੁੱਖ ਸਿਧਾਂਤ ਕਰਾਰ ਦਿੰਦਿਆਂ ਮਾਰਕ ਕਾਰਨੀ ਵੱਲੋਂ ਜਸਟਿਨ ਟਰੂਡੋ ਦਾ ਸ਼ੁਕਰੀਆ ਅਦਾ ਕੀਤਾ ਗਿਆ ਜੋ ਕੈਨੇਡਾ ਦੇ ਹੱਕਾਂ ਲਈ ਡਟ ਕੇ ਖੜ੍ਹੇ ਰਹੇ। ਲਿਬਰਲ ਆਗੂ ਦੇ ਅਹੁਦੇ ਤੋਂ ਵਿਦਾਇਗੀ ਲੈ ਰਹੇ ਜਸਟਿਨ ਟਰੂਡੋ ਨੂੰ ਸੰਬੋਧਤ ਹੁੰਦਿਆਂ ਮਾਰਕ ਕਾਰਨੀ ਨੇ ਕਿਹਾ, ‘‘ਮੁਲਕ ਨੂੰ ਦਰਪੇਸ਼ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਦੌਰਾਨ ਤੁਸੀਂ ਸਾਡੀ ਅਗਵਾਈ ਕੀਤੀ ਅਤੇ ਇਕ ਯੋਧਾ ਹੋਣ ਦਾ ਸਬੂਤ ਦਿਤਾ।’’ ਉਧਰ ਲਿਬਰਲ ਵਰਕਰਾਂ ਤੋਂ ਵਿਦਾਇਗੀ ਲੈਂਦਿਆਂ ਟਰੂਡੋ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਕਿਹਾ, ‘‘ਮੁਲਕ ਨੂੰ ਇਸ ਵੇਲੇ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਲਿਬਰਲ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।’’ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਮਗਰੋਂ ਹੁਣ ਸਾਰੇ ਇਹੋ ਸੋਚ ਰਹੇ ਹਨ ਕਿ ਮਾਰਕ ਕਾਰਨੀ ਚੋਣਾਂ ਦਾ ਐਲਾਨ ਕਦੋਂ ਕਰਨਗੇ। ਹਾਊਸ ਆਫ਼ ਕਾਮਨਜ਼ ਦਾ ਇਜਲਾਸ 24 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਬਤੌਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅਸਤੀਫ਼ਾ ਅਤੇ ਮਾਰਕ ਕਾਰਨ ਦਾ ਸਹੁੰ ਚੁੱਕ ਸਮਾਗਮ ਵੀ ਹੋਣਾ ਹੈ। ਮੌਜੂਦਾ ਸਰਕਾਰ ਦਾ ਕਾਰਜਕਾਲ ਅਕਤੂਬਰ ਵਿਚ ਖਤਮ ਹੋਣਾ ਹੈ ਪਰ ਘੱਟ ਗਿਣਤੀ ਲਿਬਰਲ ਸਰਕਾਰ ਦੀ ਹਮਾਇਤ ਕਰਦੇ ਆ ਰਹੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਜਲਦ ਤੋਂ ਜਲਦ ਚੋਣਾਂ ਦੇ ਸੰਕੇਤ ਦੇ ਚੁੱਕੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਕਰੜੇ ਹੱਥੀਂ ਲੈਂਦਿਆਂ ਮਾਰਕ ਕਾਰਨੀ ਨੇ ਕਿਹਾ ਕਿ ਜੇ ਦੇਸ਼ ਦੀ ਵਾਗਡੋਰ ਉਨ੍ਹਾਂ ਦੇ ਹੱਥ ਚਲੀ ਗਈ ਤਾਂ ਮੁਲਕ ਦਾ ਅਰਥਚਾਰਾ ਕਮਜ਼ੋਰ ਹੋ ਜਾਵੇਗਾ। ਲਿਬਰਲ ਕਾਰਕੁੰਨਾਂ ਵਿਚ ਜੋਸ਼ ਭਰਨ ਦਾ ਯਤਨ ਕਰਦਿਆਂ ਮਾਰਕ ਕਾਰਨੀ ਵੱਲੋਂ ਇਕੱਠ ਨੂੰ ਸਵਾਲ ਕੀਤਾ ਗਿਆ ਕਿ ਕੈਨੇਡਾ ਦੇ ਹਿਤਾਂ ਲਈ ਕੌਣ-ਕੌਣ ਉਨ੍ਹਾਂ ਦੇ ਨਾਲ ਖੜ੍ਹਾ ਹੈ ਤਾਂ ਹਰ ਇਕ ਨੇ ਹੱਥ ਖੜ੍ਹੇ ਕਰਦਿਆਂ ਤਿਆਰ ਬਰ ਤਿਆਰ ਹੋਣ ਦਾ ਐਲਾਨ ਕਰ ਦਿਤਾ। ਮਾਰਕ ਕਾਰਨੀ ਨੇ ਆਖਿਆ ਕਿ ਨਵੇਂ ਖਤਰਿਆਂ ਦਾ ਟਾਕਰਾ ਨਵੀਂ ਸੋਚ ਨਾਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਡੌਨਲਡ ਟਰੰਪ ਕਈ ਮੌਕਿਆਂ ’ਤੇ ਕੈਨੇਡਾ ਨੂੰ ਅਮਰੀਕਾ ਦੇ 51ਵਾਂ ਸੂਬਾ ਦੱਸ ਚੁੱਕੇ ਹਨ ਅਤੇ ਟੈਰਿਫਸ ਤੋਂ ਬਚਾਅ ਦਾ ਇਕੋ ਇਕ ਰਾਹ ਅਮਰੀਕਾ ਵਿਚ ਸ਼ਮੂਲੀਅਤ ਹੀ ਦਸਦੇ ਆ ਰਹੇ ਹਨ।