ਪੈਰਿਸ ਓਲੰਪਿਕਸ 2024 ਦੀਆਂ ਖੇਡਾਂ 'ਚ ਛਾਏ ਪੰਜਾਬ ਦੇ ਮੁੰਡਾ-ਕੁੜੀ
ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਏਅਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਤਗਮਾ ਮਨੂ ਭਾਕਰ ਨੇ ਇੱਕੋਂ ਓਲੰਪਿਕ 'ਚ ਜਿੱਤੇ ਦੋ ਤਗਮੇ, ਰਚਿਆ ਇਤਿਹਾਸ;
ਪੈਰਿਸ ਓਲੰਪਿਕ ਖੇਡਾਂ ‘ਚ ਮੰਗਲਵਾਰ ਦਾ ਦਿਨ ਭਾਰਤ ਦੇ ਲਈ ਯਾਦਗਾਰ ਦਿਨ ਬਣ ਗਿਆ ਹੈ ਕਿਉਂਕਿ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਮੁਕਾਬਲੇ ਵਿੱਚ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਜੋੜੀ ਨੇ ਕੋਰੀਆਈ ਜੋੜੀ ਨੂੰ 16-10 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਮਨੂ ਭਾਕਰ ਦਾ ਇਹ ਲਗਾਤਾਰ ਦੂਜਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਉਸ ਨੇ 10 ਮੀਟਰ ਏਅਰ ਪਿਸਟਲ ਦੇ ਮਹਿਲਾ ਮੁਕਾਬਲੇ ‘ਚ ਇਹ ਤਮਗਾ ਜਿੱਤਿਆ ਸੀ। ਭਾਰਤ ਨੇ ਹੁਣ ਤੱਕ ਸਿਰਫ਼ ਦੋ ਤਗ਼ਮੇ ਜਿੱਤੇ ਹਨ ਅਤੇ ਦੋਵਾਂ ਵਿੱਚ ਮਨੂ ਭਾਕਰ ਨੇ ਅਹਿਮ ਭੂਮਿਕਾ ਨਿਭਾਈ ਹੈ। ਮਨੂ ਭਾਕਰ ਓਲੰਪਿਕ ਇਤਿਹਾਸ ਵਿੱਚ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਕਿਸੇ ਵੀ ਭਾਰਤੀ ਦੇ ਨਾਂ ਦਰਜ ਨਹੀਂ ਸੀ। ਮਨੂ ਭਾਕਰ ਬਾਰੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਉਹ ਭਾਰਤ ਨੂੰ ਆਪਣਾ ਪਹਿਲਾ ਤਗ਼ਮਾ ਦਿਵਾਉਣ 'ਚ ਕਾਮਯਾਬ ਰਹਿਣਗੇ ਅਤੇ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਅਤੇ ਹੁਣ ਉਹ ਓਲੰਪਿਕ ਨਿਸ਼ਾਨੇਬਾਜ਼ੀ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣੀ ਅਤੇ ਇੱਕੋ ਓਲੰਪਿਕ ਟੂਰਨਾਮੈਂਟ ਵਿੱਚ ਦੋ ਤਗ਼ਮੇ ਲੈਣ ਵਾਲੀ ਪਹਿਲੀ ਭਾਰਤੀ ਖ਼ਿ਼ਡਾਰਨ ਵੀ ਬਣ ਗਈ ਹੈ।
ਮਨੂ ਦਾ ਪਰਿਵਾਰ ਗੋਰੀਆ ਪਿੰਡ ਤੋਂ ਹੈ ਜੋ ਕਿ ਝੱਜਰ ਅਤੇ ਰੇਵਾੜੀ ਪਿੰਡ ਦੀ ਸਰਹੱਦ 'ਤੇ ਪੈਂਦਾ ਹੈ। ਰਾਜਸਥਾਨ ਤੋਂ 80 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਜਾਟਾਂ ਅਤੇ ਅਹੀਰਾਂ ਦੀ ਗਿਣਤੀ ਵੱਧ ਹੈ। ਮਨੂ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਕਾਦਮਿਕ ਪੇਸ਼ੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਲੇ ਸਾਨੂੰ ਪੜ੍ਹਾਈ ਲਈ ਜਾਣਦੇ ਸਨ ਪਰ ਮਨੂ ਨੇ ਖੇਡਾਂ ਵਿੱਚ ਨਾਮ ਰੌਸ਼ਨ ਕਰਕੇ ਸਾਡੀ ਪਛਾਣ ਹੀ ਬਦਲ ਦਿੱਤੀ ਹੈ। ਮਨੂ ਦੇ ਪਿਤਾ ਨੇ ਦੱਸਿਆ ਕਿ ਮਨੂ ਡਾਕਟਰ ਬਣਨਾ ਚਾਹੁੰਦੀ ਸੀ। ਉਹ ਟੈਨਿਸ ਅਤੇ ਤਾਏਕੁਵਾਂਡੋ ਖੇਡਦੀ ਸੀ ਪਰ ਇੱਕ ਦਿਨ ਅਚਾਨਕ ਉਸਨੇ ਪਿਸਟਲ ਚੁੱਕੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਇੱਕ ਵਾਰ ਉਸਨੇ 10/10 ਦਾ ਟਾਰਗੇਟ ਪੂਰਾ ਕੀਤਾ ਸੀ। ਉਸ ਸਮੇਂ ਦੂਜੇ ਖਿਡਾਰੀ ਅਤੇ ਉਸਦੇ ਕੋਚ ਹੈਰਾਨ ਰਹਿ ਗਏ ਸਨ।
ਸਰਬਜੋਤ ਸਿੰਘ ਪੰਜਾਬ ਦੇ ਅੰਬਾਲਾ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਹਨ। ਉਨ੍ਹਾਂ ਦੇ ਪਿਤਾ ਜਤਿੰਦਰ ਇੱਕ ਕਿਸਾਨ ਹਨ ਜਦਕਿ ਉਨ੍ਹਾਂ ਦੀ ਮਾਂ ਹਰਦੀਪ ਕੌਰ ਇੱਕ ਘਰੇਲੂ ਔਰਤ ਹੈ। ਉਨ੍ਹਾਂ ਦਾ ਇੱਕ ਛੋਟਾ ਭਰਾ ਵੀ ਹੈ। ਆਪਣੇ ਦਮਦਾਰ ਪ੍ਰਦਰਸ਼ਨ ਅਤੇ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਸਰਬਜੋਤ ਸਿੰਘ ਬਹੁਤ ਕੋਮਲ ਹੈ। ਆਪਣੇ ਆਤਮ ਵਿਸ਼ਵਾਸ ਦੀ ਬਦੌਲਤ ਹੀ ਉਹ ਅੱਜ ਮਨੂ ਦੇ ਨਾਲ ਓਲੰਪਿਕ ਪੋਡੀਅਮ 'ਤੇ ਆਪਣੀ ਜਗ੍ਹਾ ਬਣਾ ਸਕਿਆ। ਸਾਲ 2016 ਵਿੱਚ ਉਹ 13 ਸਾਲ ਦੀ ਉਮਰ ਵਿੱਚ ਏਆਰ ਅਕੈਡਮੀ ਆਫ ਸ਼ੂਟਿੰਗ ਸਪੋਰਟਸ, ਅੰਬਾਲਾ ਵਿੱਚ ਸ਼ੂਟਿੰਗ ਵਿੱਚ ਸ਼ਾਮਲ ਹੋਇਆ। ਸਰਬਜੋਤ ਨੇ 2019 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ 2022 ਏਸ਼ੀਅਨ ਖੇਡਾਂ ਵਿੱਚ ਟੀਮ ਸੋਨ ਤਮਗਾ ਜਿੱਤਿਆ ਅਤੇ 2023 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਅਤੇ ਹੁਣ ਮਨੂ ਨਾਲ ਮਿਲ ਪੈਰਿਸ ਓਲੰਪਿਕ 2024 ਖੇਡਾਂ 'ਚ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸਾਰੇ ਭਾਰਤ ਵਾਸੀਆਂ ਨੂੰ ਇਸ ਸਮੇਂ ਮਨੂ ਭਾਕਰ ਅਤੇ ਸਰਬਜੋਤ ਸਿੰਘ 'ਤੇ ਮਾਣ ਮਹਿਸੂਸ ਹੋ ਰਿਹਾ ਹੈ।