4 ਭਾਰਤੀਆਂ ਦੀ ਮੌਤ ਵਾਲੇ ਹਾਦਸੇ ਦੌਰਾਨ ਬਚੇ ਮਨਪ੍ਰੀਤ ਗਿੱਲ ਨੂੰ ਜ਼ਮਾਨਤ ਤੋਂ ਨਾਂਹ

ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਚਲਾਉਣ ਕਾਰਨ ਵਾਪਰੇ ਹੌਲਨਾਕ ਹਾਦਸੇ ਦੌਰਾਨ ਬਚੇ ਇਕੋ ਇਕ ਸ਼ਖਸ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿਤੀ ਹੈ।

Update: 2024-08-03 11:57 GMT

ਮਿਲਟਨ : ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਚਲਾਉਣ ਕਾਰਨ ਵਾਪਰੇ ਹੌਲਨਾਕ ਹਾਦਸੇ ਦੌਰਾਨ ਬਚੇ ਇਕੋ ਇਕ ਸ਼ਖਸ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿਤੀ ਹੈ। 38 ਸਾਲ ਦਾ ਮਨਪ੍ਰੀਤ ਗਿੱਲ ਕਥਿਤ ਤੌਰ ’ਤੇ ਉਸ ਕਾਰਗੋ ਵੈਨ ਵਿਚ ਡਰਾਈਵਰ ਦੇ ਨਾਲ ਬੈਠਾ ਸੀ ਜਿਸ ਦਾ ਪਿੱਛਾ ਪੁਲਿਸ ਕਰ ਰਹੀ ਸੀ ਅਤੇ ਇਸੇ ਦੌਰਾਨ ਕਾਰਗੋ ਵੈਨ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਵਿਚ ਜਾ ਵੱਜੀ। ਹਾਦਸੇ ਦੌਰਾਨ ਵੈਨ ਡਰਾਈਵਰ ਗਗਨਦੀਪ ਸਿੰਘ ਤੋਂ ਇਲਾਵਾ ਸਾਹਮਣੇ ਤੋਂ ਆ ਰਹੀ ਗੱਡੀ ਵਿਚ ਸਵਾਰ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋਈ। ਮਿਲਟਨ ਦੀ ਮੇਪਲਹਰਸਟ ਜੇਲ ਵਿਚ ਬੰਦ ਮਨਪ੍ਰੀਤ ਗਿੱਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਹਾਲ ਹੀ ਵਿਚ ਹਸਪਤਾਲ ਤੋਂ ਛੁੱਟੀ ਮਿਲੀ ਹੈ।

ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਚਲਾਉਣ ਕਾਰਨ ਵਾਪਰਿਆ ਹਾਸਾ

ਮਨਪ੍ਰੀਤ ਗਿੱਲ ਵਿਰੁੱਧ ਕਲੈਰਿੰਗਟਨ ਦੀ ਸ਼ਰਾਬ ਸਟੋਰ ਤੋਂ ਲੁੱਟ ਕਰਨ ਦੇ ਦੋਸ਼ ਲੱਗੇ ਹਨ ਅਤੇ ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਵਾਲੇ ਦਿਨ ਹੀ ਹਾਦਸਾ ਵਾਪਰਿਆ। ਮਨਪ੍ਰੀਤ ਗਿੱਲ ਦੀ ਜ਼ਮਾਨਤ ਦੇਣ ਬੀ.ਸੀ. ਤੋਂ ਆਏ ਉਸ ਦੇ ਇਕ ਕਜ਼ਨ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਪ੍ਰੀਤ ਨੂੰ ਕੁਝ ਯਾਦ ਨਹੀਂ ਕਿ ਉਹ ਹਾਦਸੇ ਦੌਰਾਨ ਵੈਨ ਵਿਚ ਅਗਲੀ ਸੀਟ ’ਤੇ ਬੈਠਾ ਸੀ ਜਾਂ ਪਿਛਲੇ ਹਿੱਸੇ ਵਿਚ ਮੌਜੂਦ ਸੀ। ਅਦਾਲਤੀ ਦਸਤਾਵੇਜ਼ਾਂ ਵਿਚ ਮਨਪ੍ਰੀਤ ਗਿੱਲ ਦਾ ਕੋਈ ਪੱਕਾ ਪਤਾ ਦਰਜ ਨਹੀਂ ਅਤੇ ਉਸ ਵਿਰੁੱਧ ਹਾਦਸੇ ਦੌਰਾਨ ਹੋਈਆਂ ਮੌਤਾਂ ਨਾਲ ਸਬੰਧਤ ਜਾਂ ਪੁਲਿਸ ਤੋਂ ਫਰਾਰ ਹੋਣ ਦੇ ਯਤਨ ਵਰਗਾ ਕੋਈ ਦੋਸ਼ ਨਹੀਂ ਲਾਇਆ ਗਿਆ। ਦਸਤਾਵੇਜ਼ਾਂ ਮੁਤਾਬਕ ਮਨਪ੍ਰੀਤ ਵਿਰੁੱਧ ਸ਼ਰਾਬ ਦੇ ਠੇਕੇ ’ਤੇ ਲੁੱਟ, ਕੈਨੇਡੀਅਨ ਟਾਇਰ ਸਟੋਰ ਤੋਂ ਸਮਾਨ ਚੋਰੀ ਕਰਨ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਵਰਗੇ 12 ਦੋਸ਼ ਲੱਗ ਚੁੱਕੇ ਹਨ। ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਤੋਂ ਲੁੱਟ ਦੌਰਾਨ ਇਕ ਸ਼ੱਕੀ ਕੋਲ ਛੁਰਾ ਵੀ ਮੌਜੂਦ ਸੀ। ਸ਼ੱਕੀ ਇਕ ਚਿੱਟੀ ਵੈਨ ਵਿਚ ਫਰਾਰ ਹੋ ਗਿਆ ਜਿਸ ਨੂੰ ਕੋਈ ਹੋਰ ਚਲਾ ਰਿਹਾ ਸੀ।

ਮਨਪ੍ਰੀਤ ਗਿੱਲ ’ਤੇ ਸ਼ਰਾਬ ਦਾ ਠੇਕਾ ਲੁੱਟਣ ਦੇ ਦੋਸ਼

ਪੁਲਿਸ ਨੇ ਵੈਨ ਦਾ ਪਿੱਛਾ ਕੀਤਾ ਅਤੇ ਇਕ ਸਮੇਂ ’ਤੇ 20 ਗੱਡੀਆਂ ਕਾਰਗੋ ਵੈਨ ਦੇ ਪਿੱਛੇ ਜਾਂਦੀਆਂ ਨਜ਼ਰ ਆ ਰਹੀਆਂ ਸਨ। ਡਰਾਈਵਰ ਨੇ ਵੈਨ ਗਲਤ ਪਾਸੇ ਮੋੜ ਦਿਤੀ ਅਤੇ ਇਸ ਦੌਰਾਨ ਪੁਲਿਸ ਦਾ ਪਿੱਛਾ ਵੀ ਜਾਰੀ ਰਿਹਾ ਪਰ ਕੁਝ ਦੂਰ ਜਾ ਕੇ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਤਿੰਨ ਮਹੀਨੇ ਦੇ ਆਦਿਤਯਾ ਵੀਵਾਨ, 60 ਸਾਲ ਦੇ ਮਣੀਵੰਨਨ ਸ੍ਰੀਨਿਵਾਸਪਿਲੇ ਅਤੇ 55 ਸਾਲ ਦੀ ਮਹਾਂਲਕਸ਼ੀ ਅਨੰਤਕ੍ਰਿਸ਼ਨਨ ਦੀ ਮੌਤ ਹੋ ਗਈ। ਦੂਜੇ ਪਾਸੇ ਗੋਕੁਲਨਾਥ ਮਣੀਵੰਨਨ ਅਤੇ ਅਸ਼ਵਿਤਾ ਜਵਾਹਰ ਜ਼ਖਮੀ ਹੋਏ ਜੋ ਆਪਣੇ ਬੱਚੇ ਅਤੇ ਭਾਰਤ ਤੋਂ ਆਏ ਮਾਪਿਆਂ ਨਾਲ ਨਿਸਨ ਸੈਂਟਰਾ ਵਿਚ ਜਾ ਰਹੇ ਸਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਗਗਨਦੀਪ ਸਿੰਘ ਦੇ ਡਰਾਈਵਿੰਗ ਕਰਨ ’ਤੇ ਪਾਬੰਦੀ ਲੱਗੀ ਹੋਈ ਸੀ ਅਤੇ ਪੁਲਿਸ ਨੇ ਵੀ ਹਾਈਵੇਅ ’ਤੇ ਗਲਤ ਪਾਸੇ ਜਾਂਦੀ ਗੱਡੀ ਦਾ ਪਿੱਛਾ ਕਰਨਾ ਨਹੀਂ ਛੱਡਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬੀਤੀ 28 ਫਰਵਰੀ ਨੂੰ ਗਗਨਦੀਪ ਸਿੰਘ ਵਿਰੁੱਧ ਵਿਟਬੀ ਤੋਂ ਇਕ ਗੱਡੀ ਚੋਰੀ ਕਰਨ ਦੇ ਦੋਸ਼ ਲੱਗੇ ਜਿਸ ਮਗਰੋਂ ਅਦਾਲਤ ਨੇ ਜ਼ਮਾਨਤ ਸ਼ਰਤਾਂ ਵਿਚ ਡਰਾਈਵਿੰਗ ਨਾ ਕਰਨ ਦੀ ਹਦਾਇਤ ਦਿਤੀ। ਇਕ ਹੋਰ ਅਦਾਲਤੀ ਦਸਤਾਵੇਜ਼ ਮੁਤਾਬਕ ਗਗਨਦੀਪ ਸਿੰਘ ਵਿਰੁੱਧ ਬਰÇਲੰਗਟਨ ਅਤੇ ਓਕਵਿਲ ਦੇ ਸ਼ਰਾਬ ਦੇ ਠੇਕਿਆਂ ਤੋਂ ਚੋਰੀ ਕਰਨ ਦੇ ਦੋਸ਼ ਵੀ ਲੱਗ ਚੁੱਕੇ ਸਨ। ਮਨਪ੍ਰੀਤ ਗਿੱਲ ਦੀ ਅਦਾਲਤ ਵਿਚ ਅਗਲੀ ਪੇਸ਼ੀ 15 ਅਗਸਤ ਨੂੰ ਹੋਵੇਗੀ।

Tags:    

Similar News