2 ਭੈਣਾਂ ’ਤੇ ਛੁਰੇ ਨਾਲ ਵਾਰ ਕਰਨ ਵਾਲਾ ਜੇਲ ਜਾਣ ਤੋਂ ਬਚਿਆ
ਕੈਨੇਡਾ ਦੇ ਬੀ.ਸੀ. ਵਿਚ ਦੋ ਭੈਣਾਂ ਉਤੇ ਛੁਰੇ ਨਾਲ ਹਮਲਾ ਕਰਨ ਵਾਲੇ ਅਰਵਿਨ ਪਾਸ਼ਾ ਨੂੰ ਜੇਲ ਨਹੀਂ ਜਾਣਾ ਪਵੇਗਾ ਜੋ ਮਾਨਸਿਕ ਤੌਰ ’ਤੇ ਬਿਮਾਰ ਦੱਸਿਆ ਜਾ ਰਿਹਾ ਹੈ।
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਦੋ ਭੈਣਾਂ ਉਤੇ ਛੁਰੇ ਨਾਲ ਹਮਲਾ ਕਰਨ ਵਾਲੇ ਅਰਵਿਨ ਪਾਸ਼ਾ ਨੂੰ ਜੇਲ ਨਹੀਂ ਜਾਣਾ ਪਵੇਗਾ ਜੋ ਮਾਨਸਿਕ ਤੌਰ ’ਤੇ ਬਿਮਾਰ ਦੱਸਿਆ ਜਾ ਰਿਹਾ ਹੈ। ਅਦਾਲਤ ਵੱਲੋਂ ਉਸ ਨੂੰ 22 ਮਹੀਨੇ ਕਮਿਊਨਿਟੀ ਦੀ ਸੇਵਾ ਕਰਨ ਅਤੇ ਤਿੰਨ ਸਾਲ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿਤੇ ਗਏ ਹਨ। ਬੀ.ਸੀ. ਪ੍ਰੋਵਿਨਸ਼ੀਅਲ ਕੋਰਟ ਦੇ ਜੱਜ ਹਰਬੰਸ ਕੌਰ ਢਿੱਲੋਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਅਰਵਿਨ ਪਾਸ਼ਾ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਜ਼ਮਾਨਤ ਦੌਰਾਨ ਉਸ ਦਾ ਵਤੀਰਾ ਤਸੱਲੀਬਖ਼ਸ਼ ਰਿਹਾ ਅਤੇ ਭੰਗ ਦੀ ਵਰਤੋਂ ਵੀ ਨਹੀਂ ਕੀਤੀ। ਇਥੇ ਦਸਣਾ ਬਣਦਾ ਹੈ ਕਿ ਹਮਲੇ ਦੀ ਵਾਰਦਾਤ 27 ਮਈ 2022 ਨੂੰ ਸਾਹਮਣੇ ਆਈ ਜਦੋਂ ਅਰਵਿਨ ਪਾਸ਼ਾ ਨੇ ਆਪਣੇ 2 ਕਮਰਿਆਂ ਵਾਲੇ ਅਪਾਰਟਮੈਂਟ ਵਿਚੋਂ ਇਕ ਕਮਰਾ ਏਅਰ ਬੀ.ਐਨ.ਬੀ. ਰਾਹੀਂ ਕਿਰਾਏ ’ਤੇ ਦੇ ਦਿਤਾ। ਐਲਬਰਟਾ ਨਾਲ ਸਬੰਧਤ 23 ਸਾਲ ਅਤੇ 25 ਸਾਲ ਦੀਆਂ ਭੈਣਾਂ ਨੇ ਕਮਰਾ ਕਿਰਾਏ ’ਤੇ ਲਿਆ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅਪਾਰਟਮੈਂਟ ਦਾ ਮਾਲਕ ਨਾਲ ਵਾਲੇ ਕਮਰੇ ਵਿਚ ਮੌਜੂਦ ਹੈ।
ਬੀ.ਸੀ. ਦੀ ਅਦਾਲਤ ਨੇ ਲਾਗੂ ਕੀਤੀਆਂ ਸ਼ਰਤਾਂ
ਅਦਾਲਤੀ ਕਾਰਵਾਈ ਮੁਤਾਬਕ ਪਾਸ਼ਾ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਉਹ ਮੇਰੀ ਬਿੱਲੀ ਨੂੰ ਤਸੀਹੇ ਦੇ ਰਹੇ ਹਨ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਬਿੱਲੀਆਂ ਚੁੱਕ ਲੈਣਗੇ। ਇਸੇ ਦੌਰਾਨ ਅਰਵਿਨ ਪਾਸ਼ਾ ਦੋਹਾਂ ਭੈਣਾਂ ਦੇ ਕਮਰੇ ਵਿਚ ਦਾਖਲ ਹੋ ਗਿਆ ਅਤੇ ਛੁਰੇ ਨਾਲ ਵਾਰ ਕਰ ਦਿਤੇ। ਇਕ ਦੇ ਸਿਰ, ਗਰਦਨ ਅਤੇ ਬਾਂਹ ’ਤੇ ਜ਼ਖਮ ਹੋਏ ਜਦਕਿ ਦੂਜੀ ਦੇ ਹੱਥ, ਗਰਦਨ ਸਿਰ ’ਤੇ ਛੁਰਾ ਵੱਜਾ। ਫਰਵਰੀ ਵਿਚ ਦੋਹਾਂ ਭੈਣਾਂ ਦੇ ਬਿਆਨ ਅਦਾਲਤ ਵਿਚ ਪੜ੍ਹੇ ਗਏ ਜਿਨ੍ਹਾਂ ਦਾ ਕਹਿਣਾ ਸੀ ਕਿ ਹਮਲੇ ਦਾ ਸਿਰਫ ਸਰੀਰਕ ਤੌਰ ’ਤੇ ਹੀ ਨਹੀਂ ਸਗੋਂ ਜਜ਼ਬਾਤੀ ਤੌਰ ’ਤੇ ਵੀ ਵੱਡਾ ਅਸਰ ਪਿਆ। ਦੋਹਾਂ ਧਿਰਾਂ ਦੀਆਂ ਦਲੀਲਾਂ ਮੁਕੰਮਲ ਹੋਣ ਮਗਰੋਂ ਬਚਾਅ ਧਿਰ ਦੇ ਵਕੀਲ ਨੇ ਸ਼ਰਤਾਂ ’ਤੇ ਆਧਾਰਤ ਰਿਹਾਈ ਮੰਗੀ। ਉਨ੍ਹਾਂ ਕਿਹਾ ਕਿ ਭੰਗ ਦਾ ਨਸ਼ਾ ਜ਼ਿਆਦਾ ਹੋਣ ਕਾਰਨ ਉਸ ਦਾ ਮਾਨਸਿਕ ਤਵਾਜ਼ਨ ਵਿਗੜ ਗਿਆ। ਦੂਜੇ ਪਾਸੇ ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ ਕਬੂਲ ਕਰ ਚੁੱਕੇ ਸ਼ਖਸ ਦੀ ਰਿਹਾਈ ਲੋਕ ਹਿਤ ਵਿਚ ਨਹੀਂ ਪਰ ਮਾਨਸਿਕ ਬਿਮਾਰੀ ਵੱਲ ਧਿਆਨ ਦੇਣਾ ਵੀ ਲਾਜ਼ਮੀ ਹੈ। ਜੱਜ ਨੇ ਸਰਕਾਰੀ ਵਕੀਲ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਸਿੱਧੇ ਤੌਰ ’ਤੇ ਰਿਹਾਈ ਦਾ ਗਲਤ ਸੁਨੇਹਾ ਜਾਵੇਗਾ ਜਿਸ ਦੇ ਮੱਦੇਨਜ਼ਰ ਅਰਵਿਨ ਪਾਸ਼ਾ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਰਿਚਮੰਡ ਵਿਖੇ ਆਪਣੀ ਮਾਂ ਕੋਲ ਰਹੇਗਾ ਅਤੇ 12 ਮਹੀਨੇ ਤੱਕ ਰਾਤ ਵੇਲੇ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਸ਼ਰਾਬ ਜਾਂ ਕਿਸੇ ਵੀ ਨਸ਼ੇ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਕਿਸੇ ਕਿਸਮ ਦਾ ਹਥਿਆਰ ਰੱਖਣ ਤੋਂ ਵੀ ਸਖਤੀ ਨਾਲ ਵਰਜਿਆ ਗਿਆ ਹੈ। ਦੂਜੇ ਪਾਸੇ ਪੀੜਤਾਂ ਨਾਲ ਸੰਪਰਕ ਕਰਨ ਦਾ ਕੋਈ ਯਤਨ ਨਾ ਕਰਨ ਦੀ ਸਖ਼ਤ ਹਦਾਇਤ ਵੀ ਦਿਤੀ ਗਈ ਹੈ।