ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ਦੇ ਘਰ ਫੂਕਣ ਵਾਲੇ ਨੂੰ 7 ਸਾਲ ਕੈਦ

ਕੈਨੇਡਾ ਵਿਚ ਜਬਰੀ ਵਸੂਲੀ ਦੇ ਯਤਨਾਂ ਤਹਿਤ ਭਾਰਤੀ ਕਾਰੋਬਾਰੀਆਂ ਦੇ ਘਰ ਫੂਕਣ ਦੇ ਹੁਕਮ ਦੇਣ ਵਾਲੇ ਗੁਰਕਰਨ ਸਿੰਘ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ

Update: 2025-11-05 13:18 GMT

ਐਡਮਿੰਟਨ : ਕੈਨੇਡਾ ਵਿਚ ਜਬਰੀ ਵਸੂਲੀ ਦੇ ਯਤਨਾਂ ਤਹਿਤ ਭਾਰਤੀ ਕਾਰੋਬਾਰੀਆਂ ਦੇ ਘਰ ਫੂਕਣ ਦੇ ਹੁਕਮ ਦੇਣ ਵਾਲੇ ਗੁਰਕਰਨ ਸਿੰਘ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 20 ਸਾਲ ਦੇ ਗੁਰਕਰਨ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਜਬਰੀ ਵਸੂਲੀ, ਅਗਜ਼ਨੀ ਅਤੇ ਮਨੀ ਲੌਂਡਰਿੰਗ ਦੇ ਦੋਸ਼ ਕਬੂਲ ਕਰ ਲਏ ਸਨ। ਪ੍ਰੌਜੈਕਟ ਗੈਸਲਾਈਟ ਅਧੀਨ ਕਿਸੇ ਵੀ ਦੋਸ਼ੀ ਨੂੰ ਸਣਾਈ ਗਈ ਇਹ ਸਭ ਤੋਂ ਲੰਮੀ ਸਜ਼ਾ ਦੱਸੀ ਜਾ ਰਹੀ ਹੈ ਜਿਸ ਦਾ ਐਲਾਨ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵੱਲੋਂ ਸਜ਼ਾ ਦੀ ਮਿਆਦ ਬਾਰੇ ਸਾਂਝੇ ਤੌਰ ’ਤੇ ਦਾਖਲ ਦਸਤਾਵੇਜ਼ ਉਤੇ ਗੌਰ ਕਰਨ ਮਗਰੋਂ ਕੀਤਾ ਗਿਆ।

20 ਸਾਲ ਦੇ ਗੁਰਕਰਨ ਸਿੰਘ ਨੂੰ ਮਿਲੀ ਸਭ ਤੋਂ ਲੰਮੀ ਸਜ਼ਾ

ਐਡਮਿੰਟਨ ਵਿਖੇ ਵਾਪਰੀਆਂ ਵਾਰਦਾਤਾਂ ਬਾਰੇ ਸ਼ਹਿਰ ਦੇ ਪੁਲਿਸ ਮੁਖੀ ਡੈਵਿਨ ਲਾਫੋਰਸ ਨੇ ਦੱਸਿਆ ਕਿ ਅਗਜ਼ਨੀ ਅਤੇ ਹਿੰਸਾ ਦੇ ਹੋਰਨਾਂ ਢੰਗ-ਤਰੀਕਿਆਂ ਦੀ ਵਰਤੋਂ ਕਰਦਿਆਂ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗੀ ਗਈ। ਐਡਮਿੰਟਨ ਪੁਲਿਸ ਨੇ ਇਨ੍ਹਾਂ ਵਾਰਦਾਤਾਂ ਦੀ ਪੜਤਾਲ ਵਾਸਤੇ ਕੈਲਗਰੀ ਪੁਲਿਸ ਅਤੇ ਐਲਬਰਟਾ ਲਾਅ ਐਨਫੋਰਸਮੇਂਟ ਰਿਸਪੌਂਸ ਟੀਮਾਂ ਦੀ ਮਦਦ ਲਈ। ਇਸ ਮਾਮਲੇ ਦਿਵਨੂਰ ਸਿੰਘ ਨੂੰ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਦਿਵਨੂਰ ਤੋਂ ਇਲਾਵਾ ਮਾਨਵ ਹੀਰ, ਪਰਮਿੰਦਰ ਸਿੰਘ ਅਤੇ 17 ਸਾਲ ਦੇ ਇਕ ਅੱਲ੍ਹੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਕੀਤੇ ਗਏ। ਦੂਜੇ ਪਾਸੇ ਕਮਿਊਨਿਟੀ ਤੱਕ ਪਹੁੰਚ ਸਥਾਪਤ ਕਰਦਿਆਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੇ ਯਤਨ ਜਾਰੀ ਰਹੇ। ਇਥੇ ਦਸਣਾ ਬਣਦਾ ਹੈ ਕਿ ਪ੍ਰੌਜੈਕਟ ਗੈਸਲਾਈਟ ਦੌਰਾਨ ਸਾਹਮਣੇ ਆਈਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਘਾੜਾ ਮਨਿੰਦਰ ਧਾਲੀਵਾਲ ਨੂੰ ਮੰਨਿਆ ਜਾ ਰਿਹਾ ਹੈ ਅਤੇ ਉਹ ਇਸ ਵੇਲੇ ਸੰਯੁਕਤ ਅਰਬ ਅਮੀਰਾਤ ਦੀ ਜੇਲ ਵਿਚ ਹੈ।

ਪ੍ਰੌਜੈਕਟ ਗੈਸਲਾਈਟ ਅਧੀਨ ਪੁਲਿਸ ਕਰ ਚੁੱਕੀ ਹੈ ਕਈ ਗ੍ਰਿਫ਼ਤਾਰੀਆਂ

ਕੈਨੇਡਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ ਪਰ ਇਸ ਪ੍ਰਕਿਰਿਆ ਵਿਚ ਲੱਗਣ ਵਾਲੇ ਸਮੇਂ ਬਾਰੇ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਪਿਛਲੇ ਸਮੇਂ ਦੌਰਾਨ ਵਾਪਰੀਆਂ ਵਾਰਦਾਤਾਂ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਰਹੀਆਂ ਪਰ ਐਡਮਿੰਟਨ ਪੁਲਿਸ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ। ਡੈਵਿਨ ਲਾਫੋਰਸ ਨੇ ਕਿਹਾ ਕਿ ਮਾਮਲਾ ਬੇਹੱਦ ਸੰਜੀਦਾ ਹੋਣ ਕਰ ਕੇ ਸੀਮਤ ਜਾਣਕਾਰੀ ਹੀ ਸਾਹਮਣੇ ਆ ਸਕੀ ਹੈ। ਉਧਰ ਬੀ.ਸੀ. ਵਿਚ ਪੁਲਿਸ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਹਿੰਦੀ ਬੋਲਣ ਵਾਲੇ ਸ਼ੱਕੀ ਬਿਸ਼ਨੋਈ ਗਿਰੋਹ ਨਾਲ ਸਬੰਧਤ ਹਨ ਜਿਨ੍ਹਾਂ ਵੱਲੋਂ ਕਾਰੋਬਾਰੀਆਂ ਤੋਂ ਵ੍ਹਟਸਐਪ ਮੈਸਜ ਰਾਹੀਂ ਜਾਂ ਕਾਲ ਕਰ ਕੇ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ। ਸ਼ੱਕੀਆਂ ਕੋਲ ਪੀੜਤ ਪਰਵਾਰਾਂ ਬਾਰੇ ਮੁਕੰਮਲ ਜਾਣਕਾਰੀ ਮੌਜੂਦ ਹੈ। ਮਿਸਾਲ ਵਜੋਂ ਪਰਵਾਰ ਵਿਚ ਕਿੰਨੇ ਮੈਂਬਰ ਹਨ ਅਤੇ ਕਿਹੜੀਆਂ ਕਿਹੜੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਸਰਗਰਮੀਆਂ ਕਿਹੋ ਜਿਹੀਆਂ ਹਨ। ਮੁਢਲੇ ਤੌਰ ’ਤੇ ਐਡਮਿੰਟਨ ਪੁਲਿਸ ਨੇ ਪ੍ਰੌਜੈਕਟ ਗੈਸਲਾਈਟ ਵਾਲੇ ਮਾਮਲਿਆਂ ਨੂੰ ਬੀ.ਸੀ. ਜਾਂ ਉਨਟਾਰੀਓ ਨਾਲ ਜੋੜਨ ਤੋਂ ਨਾਂਹ ਕਰ ਦਿਤੀ। ਡੈਵਿਨ ਲਾਫੋਰਸ ਨੇ ਕਿਹਾ ਕਿ ਜਦੋਂ ਪੂਰੇ ਮੁਲਕ ਵਿਚ ਇਕੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹੋਣ ਤਾਂ ਵੱਡੀ ਮੁਹਿੰਮ ਵਾਸਤੇ ਕਮਰ ਕੱਸ ਲੈਣੀ ਚਾਹੀਦੀ ਹੈ।

Tags:    

Similar News