ਕੈਨੇਡਾ ’ਚ ਪੰਜਾਬੀ ਕਾਰੋਬਾਰੀਆਂ ’ਤੇ ਗੋਲੀਬਾਰੀ ਕਰਨ ਵਾਲੇ ਕਾਬੂ
ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੇ ਘਰਾਂ ’ਤੇ ਗੋਲੀਆਂ ਚਲਾਉਣ ਵਾਲੇ 2 ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ
ਸਰੀ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੇ ਘਰਾਂ ’ਤੇ ਗੋਲੀਆਂ ਚਲਾਉਣ ਵਾਲੇ 2 ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਦੂਜੇ ਪਾਸੇ ਭਾਰਤ ਦੀ ਕੌਮੀ ਜਾਂਚ ਏਜੰਸੀ ਨੂੰ ਲੋੜੀਂਦੇ ਕੁਲਬੀਰ ਸਿੱਧੂ ਵੱਲੋਂ ਕਬੱਡੀ ਪ੍ਰਮੋਟਰ ਸੇਵਾ ਸਿੰਘ ਰਾਣਾ ਦੇ ਘਰ ’ਤੇ ਗੋਲੀਆਂ ਚਲਾਉਣ ਦਾ ਦਾਅਵਾ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਹੈ। ਕੁਲਬੀਰ ਸਿੱਧੂ ਦੀ ਪੋਸਟ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਗੋਲੀਆਂ ਚਲਦੀਆਂ ਦੇਖੀਆਂ ਜਾ ਸਕਦੀਆਂ ਹਨ।
ਕਬੱਡੀ ਪ੍ਰਮੋਟਰ ਸੇਵਾ ਸਿੰਘ ਰਾਣਾ ਦੇ ਘਰ ’ਤੇ ਫਾਇਰਿੰਗ ਦਾ ਦਾਅਵਾ
ਪੋਸਟ ਵਿਚ ਕੁਲਬੀਰ ਸਿੱਧੂ ਨੇ ਕਿਹਾ ਹੈ ਕਿ ਸੇਵਾ ਸਿੰਘ ਰਾਣਾ ਨਾਲ ਨਿਜੀ ਦੁਸ਼ਮਣੀ ਦੇ ਚਲਦਿਆਂ ਇਹ ਵਾਰਦਾਤ ਕੀਤੀ ਗਈ ਅਤੇ ਕਪਿਲ ਸ਼ਰਮਾ ਦੇ ਕੈਫ਼ੇ ’ਦੇ 2 ਵਾਰ ਗੋਲੀਆਂ ਉਸ ਨੇ ਚਲਵਾਈਆਂ। ਹਮਦਰਦ ਟੀ.ਵੀ. ਸੋਸ਼ਲ ਮੀਡੀਆ ਪੋਸਟ ਦੀ ਤਸਦੀਕ ਨਹੀਂ ਕਰਦਾ। ਇਸੇ ਦੌਰਾਨ ਸਰੀ ਪੁਲਿਸ ਨੇ ਦੱਸਿਆ ਕਿ ਦੋ ਸ਼ੱਕੀਆਂ ਦੀ ਗ੍ਰਿਫ਼ਤਾਰੀ ਵੀਰਵਾਰ ਵੱਡੇ ਤੜਕੇ 56 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਇਲਾਕੇ ਵਿਚ ਇਕ ਘਰ ’ਤੇ ਹੋਈ ਗੋਲੀਬਾਰੀ ਦੇ ਸਬੰਧ ਵਿਚ ਕੀਤੀ ਗਈ। ਗੋਲੀਬਾਰੀ ਦੌਰਾਨ ਘਰ ਵਿਚ ਕਈ ਜਣੇ ਮੌਜੂਦ ਸਨ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਸਰੀ ਪੁਲਿਸ ਦੇ ਸਾਰਜੈਂਟ ਟਿਗੇ ਪੌਲਕ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਡੂੰਘਾਈ ਨਾਲ ਪੜਤਾਲ ਕੀਤੇ ਬਗੈਰ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਦੇ ਅਸਲ ਜ਼ਿੰਮੇਵਾਰ ਕੌਣ ਹਨ।
ਕਪਿਲ ਸ਼ਰਮਾ ਦੇ ਕੈਫ਼ੇ ’ਤੇ ਗੋਲੀਬਾਰੀ ਦੀ ਜ਼ਿੰਮੇਵਾਰ ਕੁਲਬੀਰ ਸਿੱਧੂ ਨੇ ਲਈ
ਕਈ ਮਾਮਲਿਆਂ ਵਿਚ ਮਲਟੀਨੈਸ਼ਨਲ ਪੜਤਾਲ ਦੀ ਜ਼ਰੂਰਤ ਪੈ ਸਕਦੀ ਹੈ। ਤਾਜ਼ਾ ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਸ਼ੱਕੀ ਅੜਿੱਕੇ ਆ ਗਏ ਜਿਸ ਰਾਹੀਂ ਜਾਂਚਕਰਤਾਵਾਂ ਨੂੰ ਕਾਫ਼ੀ ਮਦਦ ਮਿਲੇਗੀ ਅਤੇ ਭਵਿੱਖ ਵਿਚ ਦੋਸ਼ ਆਇਦ ਕੀਤੇ ਜਾ ਸਕਣਗੇ। ਇਥੇ ਦਸਣਾ ਬਣਦਾ ਹੈ ਕਿ ਐਤਵਾਰ ਸਵੇਰੇ ਸਰੀ ਦੇ ਇਕ ਘਰ ’ਤੇ ਗੋਲੀਆਂ ਚੱਲਣ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਿਰੋਹ ਲੈ ਰਿਹਾ ਹੈ। ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਗੈਰ ਐਮਰਜੰਸੀ ਨੰਬਰ 604 599 0502 ’ਤੇ ਕਾਲ ਕਰਦਿਆਂ ਫਾਈਲ ਨੰਬਰ 25-95384 ਦਾ ਜ਼ਿਕਰ ਜ਼ਰੂਰ ਕੀਤਾ ਜਾਵੇ।