ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਵਾਲਾ ਕਾਬੂ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜਾ ਫ਼ਰਾਰ ਹੈ
ਬਰੈਂਪਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜਾ ਫ਼ਰਾਰ ਹੈ ਅਤੇ ਪੁਲਿਸ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ 26 ਅਕਤੂਬਰ ਨੂੰ ਵੱਡੇ ਤੜਕੇ ਤਕਰੀਬਨ 3 ਵਜੇ ਕੈਲੇਡਨ ਵਿਖੇ ਹਾਈਵੇਅ 10 ਦੇ ਪੱਛਮ ਵੱਲ ਓਲਡ ਸਕੂਲ ਰੋਡ ਅਤੇ ਕ੍ਰੈਡਿਟ ਵਿਊ ਰੋਡ ’ਤੇ ਵਾਪਰੀ। ਪੁਲਿਸ ਮੁਤਾਬਕ ਸਿਲਵਰ ਕਲਰ ਬੀ.ਐਮ.ਡਬਲਿਊ ਐਸ.ਯੂ.ਵੀ. ਵਿਚ ਸਵਾਰ ਦੋ ਸ਼ੱਕੀਆਂ ਨੇ ਵਾਰਦਾਤ ਨੂੰ ਅੰਜਾਮ ਦਿਤਾ।
ਕੈਲੇਡਨ ਅਤੇ ਬਰੈਂਪਟਨ ਵਿਖੇ 2 ਥਾਵਾਂ ’ਤੇ ਚੱਲੀਆਂ ਸਨ ਗੋਲੀਆਂ
ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ੱਕੀ ਡਰਾਈਵੇਅ ਵਿਚ ਤੇਲ ਛਿੜਕ ਕੇ ਅੱਗ ਲਾਉਂਦਾ ਹੈ ਅਤੇ ਦੋਵੇਂ ਸ਼ੱਕੀ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਉਂਦੇ ਹਨ। ਕੁਝ ਸਮੇਂ ਬਾਅਦ ਦੋਵੇਂ ਸ਼ੱਕੀ ਬਰੈਂਪਟਨ ਵਿਖੇ ਹਾਈਵੇਅ 407 ਦੇ ਉੱਤਰ ਵੱਲ ਡਿਕਸੀ ਰੋਡ ਅਤੇ ਐਡਵਾਂਸ ਬੁਲੇਵਾਰਡ ’ਤੇ ਸਥਿਤ ਇਕ ਕਾਰੋਬਾਰੀ ਅਦਾਰੇ ਕੋਲ ਪੁੱਜਣ ਮਗਰੋਂ ਗੱਡੀ ਵਿਚ ਬੈਠੇ ਬੈਠੇ ਹੀ ਗੋਲੀਆਂ ਚਲਾਉਣ ਲਗਦੇ ਹਨ। ਦੋਹਾਂ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਸ਼ੱਕੀਆਂ ਦੀ ਭਾਲ ਵਿਚ ਜੁਟੀ ਪੁਲਿਸ ਨੇ 25 ਸਾਲ ਦੇ ਇਕਬਾਲ ਭਾਗੜੀਆ ਨੂੰ ਗ੍ਰਿਫ਼ਤਾਰ ਕਰਦਿਆਂ ਅਗਜ਼ਨੀ, ਨਾਜਾਇਜ਼ ਹਥਿਆਰ ਰੱਖਣ ਅਤੇ ਲਾਪ੍ਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ ਆਇਦ ਕਰ ਦਿਤੇ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਪੀਲ ਰੀਜਨਲ ਪੁਲਿਸ ਦੂਜੇ ਸ਼ੱਕੀ ਦੀ ਸ਼ਨਾਖਤ ਤੈਅ ਕਰਦਿਆਂ ਉਸ ਨੂੰ ਕਾਬੂ ਕਰਨ ਦੇ ਯਤਨਾਂ ਵਿਚ ਜੁਟੀ ਹੋਈ ਹੈ।
ਇਕਬਾਲ ਭਾਗੜੀਆ ਦੇ ਸਾਥੀ ਦੀ ਤਲਾਸ਼ ਵਿਚ ਜੁਟੀ ਪੁਲਿਸ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਕੈਨੇਡਾ ਸਰਕਾਰ ਨੇ ਸ਼ੱਕੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਡਿਪੋਰਟ ਕਰਨਾ ਸ਼ੁਰੂ ਕਰ ਦਿਤਾ ਹੈ। ਹੁਣ ਤੱਕ ਤਿੰਨ ਜਣਿਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ 78 ਹੋਰਨਾਂ ਨੂੰ ਕੱਢਣ ਦੀ ਕਾਰਵਾਈ ਚੱਲ ਰਹੀ ਹੈ। ਪੀਲ ਪੁਲਿਸ ਵੱਲੋਂ ਗ੍ਰਿਫ਼ਤਾਰ ਇਕਬਾਲ ਭਾਗੜੀਆ ਫ਼ਿਲਹਾਲ ਹਿਰਾਸਤ ਵਿਚ ਹੈ ਅਤੇ ਉਸ ਨੂੰ ਵੀ ਡਿਪੋਰਟੇਸ਼ਨ ਦੀ ਸੂਚੀ ਵਿਚ ਪਾਇਆ ਜਾ ਸਕਦਾ ਹੈ।