ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਮੰਤਰੀ ਮੰਡਲ ਵਿਚ ਵੱਡਾ ਰੱਦੋ-ਬਦਲ

ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਵੱਡਾ ਰੱਦੋ-ਬਦਲ ਕਰਦਿਆਂ ਸਟੀਫਨ ਲੈਚੇ ਤੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਅਤੇ ਹੋਰ ਕਈ ਮੰਤਰੀਆਂ ਦੇ ਵਿਭਾਗ ਬਦਲ ਦਿਤੇ। ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਟੌਡ ਸਮਿੱਥ ਨੂੰ ਸੌਂਪੀ ਗਈ ਹੈ ਜਦਕਿ ਸਟੀਫਨ ਲੈਚੇ ਨੂੰ ਐਨਰਜੀ ਅਤੇ ਇਲੈਕਟ੍ਰੀਫਿਕੇਸ਼ਨ ਮਹਿਕਮਾ ਸੌਂਪਿਆ ਗਿਆ ਹੈ।

Update: 2024-06-07 11:56 GMT

ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਵੱਡਾ ਰੱਦੋ-ਬਦਲ ਕਰਦਿਆਂ ਸਟੀਫਨ ਲੈਚੇ ਤੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਅਤੇ ਹੋਰ ਕਈ ਮੰਤਰੀਆਂ ਦੇ ਵਿਭਾਗ ਬਦਲ ਦਿਤੇ। ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਟੌਡ ਸਮਿੱਥ ਨੂੰ ਸੌਂਪੀ ਗਈ ਹੈ ਜਦਕਿ ਸਟੀਫਨ ਲੈਚੇ ਨੂੰ ਐਨਰਜੀ ਅਤੇ ਇਲੈਕਟ੍ਰੀਫਿਕੇਸ਼ਨ ਮਹਿਕਮਾ ਸੌਂਪਿਆ ਗਿਆ ਹੈ। ਦੂਜੇ ਪਾਸੇ ਗਰੀਨਬੈਲਟ ਵਿਵਾਦ ਕਾਰਨ ਹਾਊਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਟੀਵ ਕਲਾਰਕ ਦੀ ਵਾਪਸੀ ਹੋਈ ਹੈ ਜਿਨ੍ਹਾਂ ਨੂੰ ਸਦਨ ਵਿਚ ਸਰਕਾਰ ਦਾ ਆਗੂ ਬਣਾਇਆ ਗਿਆ ਹੈ।

ਪ੍ਰੀਮੀਅਰ ਡਗ ਫੋਰਡ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਅਸੀਂ ਆਪਣੇ ਸੂਬੇ ਦੇ ਇਤਿਹਾਸ ਵਿਚ ਅਹਿਮ ਪੜਾਅ ’ਤੇ ਖੜ੍ਹੇ ਹਾਂ ਜਿਥੇ ਤਰਜੀਹਾਂ ਬਿਲਕੁਲ ਸਪੱਸ਼ਟ ਹਨ।’’ ਪ੍ਰੀਮੀਅਰ ਵੱਲੋਂ ਕੁਝ ਮਹਿਕਮਿਆਂ ਦੋ ਹਿੱਸਿਆਂ ਵਿਚ ਵੰਡਦਿਆਂ ਨਵੇਂ ਨਾਂ ਦਿਤੇ ਗਏ ਹਨ ਜਿਨ੍ਹਾਂ ਮੁਤਾਬਕ ਸਟੈਨ ਚੋਅ ਨਵੇਂ ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਹੋਣਗੇ। ਇਹ ਮਹਿਕਮਾ ਪਹਿਲਾਂ ਨੀਲ ਲਮਜ਼ਡਨ ਕੋਲ ਸੀ ਜਿਨ੍ਹਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਹੈ। ਲਿਜ਼ਾ ਥੌਂਪਸਨ ਰੂਰਲ ਮਾਮਲਿਆਂ ਬਾਰੇ ਮੰਤਰੀ ਹੋਣਗੇ ਜਦਕਿ ਰੌਬ ਫਲੈਕ ਨੂੰ ਫਾਰਮਿੰਗ, ਐਗਰੀਕਲਚਰ ਅਤੇ ਐਗਰੀਬਿਜ਼ਨਸ ਮੰਤਰਾਲਾ ਸੌਂਪਿਆ ਗਿਆ ਹੈ। ਪਰਮ ਗਿੱਲ ਦੀ ਅਸਤੀਫੇ ਮਗਰੋਂ ਖਾਲੀ ਹੋਏ ਲਾਲਫੀਤਾਸ਼ਾਹੀ ਘਟਾਉਣ ਵਾਲੇ ਮੰਤਰਾਲੇ ਦੀ ਜ਼ਿੰਮੇਵਾਰੀ ਮਾਈਕ ਹੈਰਿਸ ਨੂੰ ਸੌਂਪੀ ਗਈ ਹੈ।

ਐਸੋਸੀਏਟ ਮੰਤਰੀਆਂ ਦੇ ਅਹੁਦਿਆਂ ਵਿਚ ਵਾਧਾ ਕੀਤਾ ਗਿਆ ਹੈ ਅਤੇ ਡਗ ਫੋਰਡ ਦੀ ਨਵੀਂ ਕੈਬਨਿਟ ਦੇ ਮੈਂਬਰਾਂ ਦੀ ਗਿਣਤੀ 36 ਹੋ ਗਈ ਹੈ। ਦੱਸ ਦੇਈਏ ਕਿ ਮੰਤਰੀ ਮੰਡਲ ਵਿਚ ਫੇਰ ਬਦਲ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਵਿਧਾਨ ਸਭਾ ਦੀ ਕਾਰਵਾਈ 21 ਅਕਤੂਬਰ ਤੱਕ ਮੁਲਤਵੀ ਕਰ ਦਿਤੀ ਗਈ। ਦੂਜੇ ਪਾਸੇ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਨਵੀਂ ਕੈਬਨਿਟ ਨੂੰ ਬੇਹੱਦ ਵੱਡੇ ਆਕਾਰ ਵਾਲੀ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਡਗ ਫੋਰਡ ਅਤੇ ਉਨ੍ਹਾਂ ਦੇ ਮੰਤਰੀ ਜਨਤਾ ਤੋਂ ਲੁਕਣ ਦਾ ਯਤਨ ਕਰ ਰਹੇ ਹਨ। ਸੰਭਾਵਤ ਤੌਰ ’ਤੇ ਇਸੇ ਕਰ ਕੇ ਕੈਬਨਿਟ ਵਿਚ ਵਾਧੇ ਲਈ ਵੀਰਵਾਰ ਦਾ ਦਿਨ ਚੁਣਿਆ ਹੋਗਿਆ। ਸਟੀਫਨ ਲੈਚੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਵਿਚੋਂ ਬਾਹਰ ਕੀਤੇ ਮੰਤਰੀ ਨੇ ਸਕੂਲਾਂ ਦਾ ਪ੍ਰਬੰਧ ਹੀ ਵਿਗਾੜ ਦਿਤਾ ਅਤੇ ਹੁਣ ਨਵੇਂ ਮਹਿਕਮੇ ਵਿਚ ਵੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਆ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕਈ ਵੱਡੇ ਮਹਿਕਮਿਆਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਿਹਤ ਮੰਤਰਾਲ ਸਿਲਵੀਆ ਜੋਨਜ਼ ਕੋਲ ਹੀ ਰਹੇਗਾ ਜਦਕਿ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਪੀਟਰ ਬੈਥਲਨਫੌਲਵੀ ਹੀ ਸੰਭਾਲਣਗੇ। ਪੌਲ ਕਲੈਂਡਰ ਮਿਊਂਸਪਲ ਮਾਮਲਿਆਂ ਅਤੇ ਹਾਊਸਿੰਗ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਟ੍ਰਾਂਸਪੋਰਟੇਸ਼ਨ ਮੰਤਰਾਲਾ ਪ੍ਰਭਮੀਤ ਸਿੰਘ ਸਰਕਾਰੀਆ ਕੋਲ ਹੀ ਰਹੇਗਾ ਅਤੇ ਡੇਵਿਡ ਪਚੀਨੀ ਕਿਰਤ, ਇੰਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਬਣੇ ਰਹਿਣਗੇ।

Tags:    

Similar News