ਦੰਤ ਕਥਾ (Living Legend) ਜਗਮੀਤ ਸਿੰਘ ਐਨ. ਡੀ. ਪੀ. ਸੁਪਰੀਮੋ

ਕੈਨੇਡਾ ਵਿਸ਼ਵ ਦਾ ਇੱਕ ਅਤਿ ਖੂਬਸੂਰਤ ਦੇਸ਼ ਹੈ ਜਿਸ ਵਿਚ ਲੋਕਤੰਤਰ ਵੱਡੀਆਂ ਨਿੱਤ ਪ੍ਰਤੀ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਅੱਖਾਂ ਚੁੰਧਿਆ ਦੇਣ ਵਾਲੀ ਸਫਲਤਾ ਨਾਲ ਤਰੱਕੀ ਕਰ ਰਿਹਾ ਹੈ। ਇਹ ਇਕ ਫੈਡਰੋਲ ਕਿਸਮ ਦਾ ਲੋਕਤੰਤਰ ਹੈ ਜੋ ਸਿਧਾਂਤਕ ਪੱਖੋਂ ਏਨਾ ਮਜ਼ਬੂਤ ਹੈ

Update: 2024-10-01 13:51 GMT

ਦੰਤ ਕਥਾ (Living Legend) ਜਗਮੀਤ ਸਿੰਘ ਐਨ. ਡੀ. ਪੀ. ਸੁਪਰੀਮੋ

ਦਰਬਾਰਾ ਸਿੰਘ ਕਾਹਲੋਂ

ਕੈਨੇਡਾ ਦੀ ਧਰਤੀ ਤੇ ਇੱਕ ਜਿੰਦਾ ਰਾਜਨੀਤਕ ਅਤੇ ਸਮਾਜਿਕ ਚਮਤਕਾਰ ਵਿਚਰ ਰਿਹਾ ਹੈ ਜਿਸਦਾ ਨਾਮ ਹੈ ਸ: ਜਗਮੀਤ ਸਿੰਘ। ਅਜੋਕੇ ਡਿਜੀਟਲ ਗਲੋਬਲ ਸਮਾਜ ਵਿਚ ਕਿਸੇ ਵਿਦੇਸ਼ੀ ਧਰਤੀ ਤੇ ਉੱਥੋਂ ਦੀ ਰਾਸ਼ਟਰੀ ਪੱਧਰ ਦੀ ਰਾਜਨੀਤਕ ਪਾਰਟੀ ਦਾ ਸੁਪਰੀਮੋ ਬਣਨਾ, ਇੱਕ ਪ੍ਰਵਾਸੀ ਘੱਟ-ਗਿਣਤੀ ਵਿਚੋਂ, ਉਹ ਵੀ ਸਿੱਖ ਸਮੁਦਾਇ ਨਾਲ ਸਬੰਧਿਤ ਵਿਅਕਤੀ ਦਾ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ।

ਕੈਨੇਡਾ ਵਿਸ਼ਵ ਦਾ ਇੱਕ ਅਤਿ ਖੂਬਸੂਰਤ ਦੇਸ਼ ਹੈ ਜਿਸ ਵਿਚ ਲੋਕਤੰਤਰ ਵੱਡੀਆਂ ਨਿੱਤ ਪ੍ਰਤੀ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਅੱਖਾਂ ਚੁੰਧਿਆ ਦੇਣ ਵਾਲੀ ਸਫਲਤਾ ਨਾਲ ਤਰੱਕੀ ਕਰ ਰਿਹਾ ਹੈ। ਇਹ ਇਕ ਫੈਡਰੋਲ ਕਿਸਮ ਦਾ ਲੋਕਤੰਤਰ ਹੈ ਜੋ ਸਿਧਾਂਤਕ ਪੱਖੋਂ ਏਨਾ ਮਜ਼ਬੂਤ ਹੈ ਕਿ ਉਹ ਕਿਸੇ ਵੀ ਵਿਸ਼ਵ ਸ਼ਕਤੀ ਨਾਲ ਅੱਖਾਂ ਵਿਚ ਅੱਖਾਂ ਪਾ ਕੇ ਧੜੱਲੇ ਨਾਲ ਗੱਲ ਕਰ ਸਕਦਾ ਹੈ। ਦਸ ਰਾਜਾਂ ਅਤੇ ਤਿੰਨ ਇਲਾਕਾਈ ਖੇਤਰਾਂ ਆਧਾਰਿਤ ਇਹ ਦੇਸ਼ ਰੂਸ ਬਾਅਦ ਸਭ ਤੋਂ ਵੱਡੇ ਖੇਤਰਫਲ ਵਾਲਾ ਦੇਸ਼ ਹੈ ਲੇਕਿਨ ਇਸ ਦੀ ਆਬਾਦੀ ਚਾਰ ਕਰੋੜ ਦੇ ਕਰੀਬ ਹੈ। ਭਾਵੇਂ 17 ਮਾਨਤਾ ਪ੍ਰਾਪਤ ਪਾਰਟੀਆਂ ਹਨ ਪਰ ਮੁੱਖ ਤੌਰ ਤੇ 4. ਰਾਸ਼ਟਰੀ ਕੰਜਰਵੇਟਿਵ, ਲਿਬਰਲ, ਐਨ. ਡੀ. ਪੀ. ਅਤੇ ਗਰੀਨ ਪਾਰਟੀਆਂ ਅਤੇ 5 ਵੀਂ ਤਾਕਤਵਰ ਇਲਾਕਾਈ ਪਾਰਟੀ ਕਿਉੂਬੈਕ ਬਲਾਕ ਹਨ।

ਨਿਊ ਡੈਮੋਕ੍ਰੈਟਿਕ ਪਾਰਟੀ ਜੋ ਸੰਨ 1961 ਵਿਚ ਸਥਾਪਿਤ ਕੀਤੀ ਗਈ ਸੀ, ਉਸਦੇ ਅਜੋਕੇ ਸੁਪਰੀਮੋ ਜਗਮੀਤ ਸਿੰਘ ਹਨ। ਬ੍ਰਿਟਿਸ਼ ਕੋਲੰਬੀਆ ਅਤੇ ਮਨੀਟੋਬਾ ਰਾਜਾਂ ਵਿਚ ਇਸ ਪਾਰਟੀ ਦੀਆਂ ਸਰਕਾਰਾਂ ਹਨ। ਅਲਬਰਟਾ, ਸਸਕੈਚਵਿਨ ਅਤੇ ਓਂਟਾਰੀਓ ਵਿਚ ਇਹ ਮੁੱਖ ਵਿਰੋਧੀ ਧਿਰ ਪਾਰਟੀ ਹੈ। ਲਿਬਰਲ ਪਾਰਟੀ ਦੀਆਂ ਜਸਟਿਨ ਟਰੂਡੋ ਦੀ ਅਗਵਾਈ ਵਿਚ ਚਲੀ ਪਿੱਛਲੀ ਅਤੇ ਅਜੋਕੀ ਘੱਟ ਗਿਣਤੀ ਫੈਡਰਲ ਸਰਕਾਰ ਐਨ.ਡੀ. ਪੀ. ਦੀ ਮੁੱਦਿਆਂ ਅਧਾਰਤ ਬਾਹਰੀ ਹਮਾਇਤ ਕਰਕੇ ਚਲ ਪਾਈਆਂ ਹਨ।

ਦੁਮਾਲਾ ਸਜਾਉਣ ਵਾਲੇ ਕ੍ਰਿਸ਼ਮਈ ਪੂਰਨ ਗੁਰਸਿੱਖ ਐਨ. ਡੀ. ਪੀ. ਸੁਪਰੀਮੋ ਜਗਮੀਤ ਸਿੰਘ ਦਾ ਜਨਮ ਪੰਜਾਬ ਸਬੰਧਿਤ ਪ੍ਰਵਾਸੀ ਪਰਿਵਾਰ ਵਿਚ ਮਾਤਾ ਹਰਮੀਤ ਕੌਰ ਦੀ ਕੁੱਖੋਂ ਸ: ਜਗਤਾਰਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਸਕਾਰਬੋਰੋ (ਓਂਟਾਰੀਓ) ਅੰਦਰ 2 ਜਨਵਰੀ, 1979 ਵਿਚ ਹੋਇਆ ਸੀ। ਕਰੀਬ ਇੱਕ ਸਾਲ ਪੰਜਾਬ ਦਾਦਕਿਆਂ ਕੋਲ ਰਹਿਣ ਬਾਅਦ ਬਚਪਨ ਸੇਂਟ ਜਾਹਨ ਅਤੇ ਗਰਾਂਡ ਫਾਲਜ਼-ਵਿੰਡਸਰ, ਨਿਊਫਾਊਂਡਲੈਂਡ ਰਾਜ ਵਿਚ ਬੀਤਿਆ। ਫਿਰ ਮਾਪੇ ਵਿਡਸਰ, ਓਂਟਾਰੀਓ ਵੱਸ ਗਏ। 6 ਸਾਲ ਡੀਟਰਾਇਟ ਕਾਉਂਟੀ ਡੇਅ ਸਕੂਲ ਬੀਵਰਲੀ ਹਿਲਜ਼, ਮਿਸ਼ੀਗਨ (ਅਮਰੀਕਾ), ਬੀ. ਐਸ. ਸੀ. ਬਾਇਓ ਸੰਨ 2001 ਵਿਚ ਵੈਸਟਰਨ ਓਂਟਾਰੀਓ ਯੂਨੀਵਰਸਿਟੀ, ਲਾਅ ਸੰਨ 2005 ਵਿਚ ਯਾਰਕ ਯੂਨੀਵਰਸਿਟੀ ਤੋਂ ਕਰਕੇ ਸੰਨ 2006 ਵਿਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸੰਨ 2018 ’ਚ ਗੁਰਕਿਰਨ ਕੌਰ ਨਾਲ ਸ਼ਾਦੀ ਕੀਤੀ। ਉਨ੍ਹਾਂ ਦੀਆਂ ਦੋ ਧੀਆਂ ਹਨ।

ਉਸ ਦੇ ਵਿਅਕਤੀਤੱਵ ਤੇ ਉਸਦੀ ਮਾਤਾ ਦਾ ਬਹੁਤ ਵੱਡਾ ਪ੍ਰਭਾਵ ਪਿਆ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਇਕ ਵਿਅਕਤੀ ਵੀ ਦੁੱਖੀ ਹੁੰਦਾ ਹੈ ਤਾਂ ਇਸ ਦਾ ਮੰਦ ਅਸਰ ਪੂਰੇ ਸਮਾਜ ਤੇ ਪੈਂਦਾ ਹੈ। ਬੇਇਨਸਾਫੀ, ਧੱਕੇਸ਼ਾਹੀ ਅਤੇ ਜ਼ਬਰ ਵਿਰੁੱਧ ਲੜਨਾ ਅਤੇ ਡੱਟ ਕੇ ਖੜ੍ਹੇ ਰਹਿਣਾ ਉਸ ਨੇ ਆਪਣੀ ਮਾਤਾ ਕੋਲੋਂ ਸਿੱਖਿਆ ਸੀ।

ਵਕਾਲਤ ਦੇ ਨਾਲ-ਨਾਲ ਉਸਨੇ ਰਾਜਨੀਤੀ ਵਿਚ ਵੀ ਭਾਗ ਲੈਣਾ ਸ਼ੁਰੂ ਕਰ ਦਿਤਾ ਆਪਣੇ ਛੋਟੇ ਭਰਾ ਗੁਰਰਤਨ ਸਿੰਘ ਨਾਲ। ਜਦੋਂ ਨਵੰਬਰ 84 ਸਿੱਖ ਕਤਲ-ਏ-ਆਮ ਲਈ ਭੀੜਾਂ ਨੂੰ ਉਕਸਾਉਣ ਵਾਲਾ ਕਾਂਗਰਸ ਆਗੂ ਵਪਾਰ ਮੰਤਰੀ ਹੁੰਦੇ ਕੈਨੇਡਾ ਗਿਆ ਤਾਂ ਜਗਮੀਤ ਸਿੰਘ ਸਾਥੀ ਕਾਰਕੁਨਾਂ ਨੇ ਉਸਦਾ ਡੱਟ ਕੇ ਵਿਰੋਧ ਕੀਤਾ। ਐਨ. ਡੀ ਪਾਰਟੀ ਵਿਚ ਬਾਅਦ ’ਚ ਸ਼ਾਮਲ ਹੋ ਗਿਆ।

ਸੰਨ 2011 ਦੀਆਂ ਫੈਡਰਲ ਚੋਣਾਂ ਵਿਚ ਉਸਨੇ ਐਨ. ਡੀ.ਪੀ ਉਮੀਦਵਾਰ ਵਜੋਂ ਬਰਾਂਪਟਨ ਦੀ ਬਰਾਮਾਲੀਆ-ਗੋਰ-ਮਾਲਟਨ ਸੀਟ ਤੋਂ ਚੋਣ ਲੜੀ ਪਰ ਕੰਜਰਵੇਟਿਵ ਉਮੀਦਵਾਰ ਬਲ ਗੋਸਲ ਤੋਂ 539 ਵੋਟਾਂ ਨਾਲ ਹਾਰ ਗਿਆ। ਲੇਕਿਨ ਓਂਟਾਰੀਓ ਸੂਬਾਈ ਵਿਧਾਨ ਸਭਾ ਚੋਣਾਂ ਵਿਚ ਇਸੇ ਸਾਲ 2011 ਵਿਚ ਲਿਬਰਲ ਉਮੀਦਵਾਰ ਕੁਲਦੀਪ ਕੁਲਾਰ ਨੂੰ 2277 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਹੋ ਸੀਟ ਸੰਨ 2014 ਵਿਚ ਮੁੜ ਵੱਡੇ ਫਰਕ ਨਾਲ ਦਿੱਤ ਲਈ। ਓਂਟਾਰੀਓ ਵਿਧਾਨ ਸਭਾ ਵਿਚ ਉਨ੍ਹਾਂ ਦੀ ਲੋਕ ਪੱਖੀ ਕਾਰਗੁਜਾਰੀ, ਪ੍ਰਾਈਵੇਟ ਮੈਂਬਰ ਬਿਲਾਂ, ਵਿਦਿਅਕ ਸੁਧਾਰਾਂ ਸਬੰਧੀ ਸੁਝਾਵਾਂ ਕਰਕੇ ਪਾਰਟੀ ਅਤੇ ਰਾਸ਼ਟਰੀ ਪੱਧਰ ਤੇ ਵੱਡੀ ਵਾਹਵਾ ਹੀ ਪ੍ਰਾਪਤ ਕੀਤੀ। ਪਾਰਟੀ ਉਮੀਦਵਾਰਾਂ ਲਈ ਅਲਬਰਟਾ, ਨੋਵਾ ਸਕੋਸ਼ੀਆ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਚੋਣ ਮੁਹਿੰਮ ਭਖਾਈ।

ਐਨ. ਡੀ. ਪੀ. ਦੇ ਕ੍ਰਿਸ਼ਮਈ ਅਤੇ ਦੂਰ ਅੰਦੇਸ਼ ਆਗੂ ਜੈਕ ਲੇਟਨ ਜਿਨ੍ਹਾਂ ਪਾਰਟੀ ਦੀ ਅਗਵਾਈ ਸੰਨ 20032011 ਤੱਕ ਕੀਤੀ, ਕੈਨੇਡੀਅਨ ਰਾਜਨੀਤੀ ਵਿਚ ਇਸ ਨੂੰ ਸਿਖਰਾਂ ਵੱਲ ਲੈ ਗਿਆ। ਪਾਰਲੀਮੈਂਟ ਵਿਚ 13 ਸਾਂਸਦਾਂ ਤੋਂ ਸੰਨ 2011 ਦੀਆਂ ਚੋਣਾਂ ਵਿਚ 103 ਤੇ ਲੈ ਗਿਆ। ਪਰ ਉਨ੍ਹਾਂ ਦੀ ਕੈਂਸਰ ਕਰਕੇ ਮੌਤ ਤੋਂ ਬਾਅਦ ਪਾਰਟੀ ਮੁੱਖੀ ਥਾਮਸ ਮੁਕਲੇਅਰ ਚੁਣੇ ਗਏ। ਸੰਨ 2015 ਵਿਚ ਪਾਰਲੀਮਾਨੀ ਚੋਣਾਂ ਵਿਚ ਉਨ੍ਹਾਂ ਦੀ ਅਗਾਈ ਵਿਚ ਪਾਰਟੀ ਧੜਾਮ ਥੱਲੇ 44 ਸੀਟਾਂ ਤੇ ਡਿੱਗ ਪਈ। ਨਤੀਜੇ ਵਜੋਂ ਉਸ ਨੂੰ ਹਟਾ ਦਿਤਾ। 20 ਅਕਤੂਰ, 2017 ਵਿਚ ਜਗਮੀਤ ਸਿੰਘ ਨੂੰ ਪਾਰਟੀ ਆਗੂ ਚੁਣ ਲਿਆ ਗਿਆ।

ਜਗਮੀਤ ਸਿੰਘ ਨੇ ਪਾਰਟੀ ਦੇ ਖੁਰਦੇ ਅਕਸ ਨੂੰ ਥੰਮਿਆ। ਸੰਨ 2019 ਵਿਚ ਬਰਨ ਬੇਅ (ਬ੍ਰਿਟਿਸ਼ ਕੋਲੰਬੀਆ) ਤੋਂ ਉੱਪ ਚੋਣ ਜਿੱਤ ਕੇ ਪਾਰਲੀਮੈਂਟ ਵਿਚ ਦਾਖਲ ਹੋਏ। ਸੰਨ 2019 ਦੀਆਂ ਫੈਡਰਲ ਚੋਣਾਂ ਵਿਚ ਐਨ.ਡੀ. ਪੀ. ਸਿਰਫ 24 ਸੀਟਾਂ ਜਿੱਤ ਸਕੀ। ਲੇਕਿਨ ਜਸੂਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਘੱਟੋ-ਘੱਟ ਪ੍ਰੋਗਰਾਮ ਅਧਾਰ ਤੇ ਉਨ੍ਹਾਂ ਬਾਹਰੋਂ ਹਮਾਇਤ ਦੇ ਦੇਸ਼ ਨੂੰ ਮੁੜ ਚੋਣਾਂ ਤੋਂ ਬਚਾਅ ਲਿਆ। ਸੰਨ 2021 ਨੂੰ ਬਹੁਮੱਤ ਪ੍ਰਾਪਤ ਕਰਨ ਦੀ ਇੱਛਾ ਨਾਲ ਟਰੂਡੋ ਸਰਕਾਰ ਨੇ ਦੇਸ਼ ਤੇ ਮੱਧਕਾਲੀ ਚੋਣਾਂ ਥੋਪੀਆਂ। ਇਨ੍ਹਾਂ ਚੋਣਾਂ ਵਿਚ ਜਗਮੀਤ ਸਿੰਘ ਨੇ ਜਿੱਥੇ ਆਪਣੀ ਬਰਨ ਬੇਅ ਸੀਟ ਬਰਕਰਾਰ ਰਖੀ ਉਥੇ ਪਾਰਟੀ ਨੂੰ 25 ਸੀਟਾਂ ਤੇ ਜਿੱਤ ਹਾਸਿਲ ਹੋਈ। ਜਗਮੀਤ ਨੇ ਮੁੜ ਘੱਟੋ-ਘੱਟ ਪ੍ਰੋਗਰਾਮ ਤਹਿਤ ਟਰੂਡੋ ਦੀ ਘੱਟ ਗਿਣਤੀ ਸਰਕਾਰ ਕਾਇਮ ਰੱਖਣ ਨਾਲ ਦੇਸ਼ ਨੂੰ ਮੱਧਕਾਲੀ ਚੋਣਾਂ ਤੋਂ ਬਚਾਅ ਲਿਆ। ਚੋਣਾਂ ਦੌਰਾਨ ਉਨ੍ਹਾਂ ਸਪਸ਼ਟ ਕਰ ਦਿਤਾ ਸੀ ਕਿ ਲੱਟਕਵੀਂ ਪਾਰਲੀਮੈਂਟ ਦੀ ਸੂਰਤ ਵਿਚ ਉਹ ਕੰਜ਼ਰਵੇਟਿਵ ਘੱਟ ਗਿਣਤੀ ਦੀ ਸਰਕਾਰ ਗਠਤ ਕਰਨ ਲਈ ਹਮਾਇਤ ਨਹੀਂ ਕਰਨਗੇ।

ਜਗਮੀਤ ਸਿੰਘ ਸਮਾਜਵਾਦੀ, ਗੁਰਨਾਨਕ ਦੇ ਵਿਚਾਰਾਂ ਅਤੇ ਖੁੱਲ੍ਹੀ ਸੋਚ ਦੇ ਧਾਰਨੀ ਇੱਕ ਮਜ਼ਬੂਤ ਇਰਾਦੇ ਵਾਲੇ ਸੱਚੇਸੁੱਚੇ, ਇਮਾਨਦਾਰ, ਵਚਨਬੱਧ ਅਤੇ ਅਗਾਂਹਵਧੂ ਆਗੂ ਹਨ। ਕੈਨੇਡਾ ਦੇ ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਕਿ ਕੈਨੇਡਾ ਦੀ ਮਜ਼ਬੂਤੀ, ਤਰੱਕੀ ਅਤੇ ਕੌਮਾਂਤਰੀ ਪੱਧਰ ਤੇ ਪ੍ਰਮਾਣਕਤਾ ਲਈ ਜਗਮੀਤ ਸਿੰਘ ਵਰਗੇ ਆਗੂ ਨੂੰ ਘੱਟੋਘੱਟ ਇਕ ਕਾਰਜਕਾਲ ਲਈ ਪ੍ਰਧਾਨ ਮੰਤਰੀ ਵਜੋਂ ਮੌਕਾ ਦੇਣਾ ਚਾਹੀਦਾ ਹੈ।

ਉਹ ਇੱਕ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਆਗੂ ਹੈ। ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧ ਹੈ ਅਤੇ ਚਾਹੁੰਦਾ ਹੈ ਕਿ ਸੰਨ 2025 ਤੱਕ ਕਾਰਬਨ ਨਿਕਾਸੀ ਮੁੜ੍ਹ 2005 ਲੈਵਲ ’ਤੇ ਲਿਾਂਦੀ ਜਾਏ। ਲੱਖਾਂ ਗਰੀਬ ਕੈਨੇਡੀਅਨਾਂ ਦੀ ਹਾਲਤ ਸੁਧਾਰਨ ਲਈ ਉਹ ਅਮੀਰਾਂ ਅਤੇ ਕਾਰਪੋਰੇਟਰਾਂ ਤੇ ਟੈਕਸ ਠੋਕਣ ਅਤੇ ਹੇਠਲੇ ਵਰਗਾਂ ਨੂੰ ਰਾਹਤ ਦਾ ਹਾਮੀ ਹੈ। ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਉਜਰਤ ਦਾ ਹਾਮੀ ਹੈ। ਫਾਰਮਾ ਕੇਅਰ, ਡਰਗ, ਸਥਾਨਿਕ ਫਰਸਟ ਨੈਸ਼ਨਜ਼ ਦੀ ਹਾਲਤ ਸੁਧਾਰਨ, ਬੱਚਿਆਂ ਦਾ ਸੋਸ਼ਣ ਰੋਕਣ, ਡੈਂਟਲ ਕੇਅਰ ਅਤੇ ਚੋਣ ਸੁਧਾਰ ਪ੍ਰੋਗਰਾਮਾਂ ਖ਼ਾਤਰ ਅਕਸਰ ਉਨਾਂ ਨੂੰ ਟਰੂਡੋ ਲਿਬਰਲ ਸਰਕਾਰ ਤੇ ਹਮਲਾਵਰ ਹੁੰਦੇ ਵੇਖਿਆ ਜਾਂਦਾ ਰਿਹਾ ਹੈ। ਇਨਾਂ ਮੁੱਦਿਆਂ ਅਧਾਰਤ ਟਰੂਡੋ ਲਿਬਰਲ ਪਾਰਟੀ ਸਰਕਾਰ ਨੂੰ ਸੰਨ 2025 ਵਿਚ ਕਾਰਜਕਾਲ ਪੂਰਤੀ ਤੱਕ ਹਮਾਇਤ ਜਾਰੀ ਰੱਖਣ ਲਈ ਮਾਰਚ 2022 ਨੂੰ ‘ਸਪਲਾਈ ਅਤੇ ਵਿਸਵਾਸ਼’ ਸੰਧੀ ਕੀਤੀ ਸੀ। ਲੇਕਿਨ ਟਰੂਡੋ ਸਰਕਾਰ ਵੱਲੋਂ ਮੱਧ ਵਰਗ ਦੀ ਹਮਾਇਤ ਤੋਂ ਪੈਰ ਪਿਛਾਂਅ ਖਿੱਚਣ ਅਤੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਪੂਰਨ ਕਰਕੇ 4 ਸਤੰਬਰ, 2024 ਨੂੰ ਸ. ਜਗਮੀਤ ਸਿੰਘ ਨੇ ਇਹ ਸੰਧੀ ਤੋੜ ਦਿੱਤੀ। ਇਵੇਂ ਟਰੂਡੋ ਘੱਟ ਗਿਣਤੀ ਸਰਕਾਰ ਰਾਜਨੀਤਕ ਸੰਕਟ ਗ੍ਰਹਸਤ ਹੋ ਗਈ। ਫਿਰ ਵੀ ਸਰਕਾਰ ਦਾ ਡਿਗਣਾ ਹੁਣ ਐਨ. ਡੀ. ਪੀ. ਅਤੇ ਕਿਊਬੈਕ ਬਲਾਕ ਦੇ ਵਤੀਰੇ ਤੇ ਨਿਰਭਰ ਕਰੇਗਾ।

ਕੈਨੇਡਾ ਅੰਦਰ ਅਜੋਕੀ 21ਵੀਂ ਸਦੀ ਵਿਚ ਬ੍ਰਿਟਿਸ਼ ਰਾਜਸ਼ਾਹੀ ਦੀ ਸਾਰਥਕਤਾ ਜ਼ੀਰੋ ਹੋ ਚੁੱਕੀ ਹੈ। ਕੈਨੇਡਾ ਰਿਪਬਲਿਕ ਸਟੇਟ ਵਜੋਂ ਸਥਾਪਿਤ ਕੀਤਾ ਜਾਵੇ। ਜਗਮੀਤ ਇਸਦਾ ਵੱਡਾ ਅਲੰਬਰਦਾਰ ਹੈ। ਉਹ ਨਸਲਵਾਦ ਅਤੇ ਕਾਰਡਿੰਗ ਸਿਸਟਮ ਦੇ ਖ਼ਾਤਮੇ ਲਈ ਫੈਡਰਲ ਕਾਨੂੰਨ ਦਾ ਹਾਮੀ ਹੈ। ਖੁਦ ਕਈ ਵਾਰ ਨਸਲਵਾਦ ਦਾ ਸ਼ਿਕਾਰ ਹੋਇਆ ਹੈ ਸਿੱਖ ਹੋਣ ਨਾਤੇ।

ਜਗਮੀਤ ਸਿੰਘ ਰਾਜਾਂ ਦੇ ਸਵੈ ਨਿਰਣੇ ਦੇ ਅਧਿਕਾਰ ਖਾਸ ਕਰਕੇ ਫਰੈਂਚ ਬਹੁਲਰਾਜ ਕਿਊਬੈੱਕ ਦਾ ਵੱਡਾ ਹਾਮੀ ਹੈ ਪਰ ਉਸ ਦੇ ਧਾਰਮਿਕ ਅਜ਼ਾਦੀਆਂ ਵਿਰੋਧੀ ਬਿਲ-21 ਦਾ ਵਿਰੋਧੀ ਹੈ ਕਿਉਂਕਿ ਇਹ ਬਿੱਲ ਧਾਰਮਿਕ ਚਿੰਨ ਪਹਿਨਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਵੰਚਿਤ ਕਰਦਾ ਹੈ, ਮਾਨਵ ਅਧਿਕਾਰਾਂ ਦੀ ਸਰਬਲੌਕਿਕਤਾ ਵਿਰੁੱਧ ਹੈ। ਭਾਰਤ ਅੰਦਰ ਸਿੱਖ ਘੱਟ-ਗਿਣਤੀਆਂ ਦੇ ਮਾਨਵ ਅਧਿਕਾਰਾਂ ਦੀ ਰਾਖੀ ਸਬੰਧੀ ਉਨ੍ਹਾਂ ਦੀ ਤਿੱਖੀ ਤਰਜ਼ਮਾਨੀ ਨੂੰ ਲੈ ਕੇ ਕੈਨੇਡੀਅਨ ਖੁਫੀਆ ਏਜੰਸੀਆਂ ਨੇ ਇਕਸਾਫ਼ ਕੀਤਾ ਹੈ ਕਿ ਉਹ ਭਾਰਤੀ ਖੂਫੀਆ ਏਜੰਸੀਆਂ ਦੇ ਰਾਡਾਰ ’ਤੇ ਹਨ। ਇਹ ਅਤਿ ਚਿੰਤਾਜਨਕ ਗੱਲ ਹੈ।

ਉਨ੍ਹਾਂ ਕੈਨੇਡਾ ਦੀ ਇਸਰਾਈਲ ਦੇ ਫਲਸਤੀਨੀਆਂ ਤੇ ਲਗਾਤਾਰ ਨਸਲਘਾਤ ਅਤੇ ਇਲਾਕੇ ਦੱਬਣ ਬਾਵਜੂਦ ਹਮਾਇਤ ਦੀ ਨੀਤੀ ਵਿਰੋਧ ਪਾਰਟੀ ਵੱਲੋਂ ਅਵਾਜ਼ ਬੁਲੰਦ ਕਰਦੇ ਇਸਰਾਈਲ ਨੂੰ ਅਜਿਹਾ ਕਰਨੋਂ ਰੋਕਣ ਲਈ ਕੈਨੇਡਾ ਨੂੰ ਅਜਿਹੀ ਪਹੁੰਚ ਅਪਣਾਉਣ ਲਈ ਜ਼ੋਰ ਦਿਤਾ ਹੈ।

ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐਨ. ਡੀ. ਪੀ ਦੇ ਸੀਨੀਅਰ, ਤੇਜ਼ ਤਰਾਰ ਅਤੇ ਤਜ਼ਰਬੇਕਾਰ ਆਗੂਆਂ ਦੀ ਟੀਮ ਗਠਤ ਕਰ ਦਿੱਤੀ ਹੈ। ਉਨ੍ਹਾਂ ਦਾ ਪਾਰਟੀ ਆਗੂ ਵਜੋਂ ਭਵਿੱਖ ਇਨਾਂ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਤੇ ਨਿਰਭਰ ਕਰੇਗਾ। ਫਿਰ ਵੀ ਕੈਨੇਡਾ ਦੀ ਰਾਜਨੀਤੀ ਅਤੇ ਐਨ.ਡੀ.ਪੀ. ਦੇ ਆਗੂ ਵਜੋਂ ਉਨ੍ਹਾਂ ਵੱਲੋਂ ਨਿਭਾਈ ਗਈ ਇਤਿਹਾਸਿਕ ਭੂਮਿਕਾ ਸੁਨਹਿਰੀ ਅਖਰਾਂ ਵਿਚ ਕਾਇਮ ਰਹੇਗੀ।

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ

ਕਿੰਗਸਟਨਕੈਨੇਡਾ

+12898292929

Tags:    

Similar News