ਪੰਜਾਬੀਆਂ ਦਾ ਅਮਰੀਕਾ-ਕੈਨੇਡਾ ਨਾਲ ਮੋਹ ਹੋਇਆ ਭੰਗ
ਕੈਨੇਡਾ-ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਪੰਜਾਬੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਅੰਕੜੇ ਜਿਉਂ ਜਿਉਂ ਵਧ ਰਹੇ ਹਨ, ਪੰਜਾਬ ਵਿਚ ਪਾਸਪੋਰਟ ਬਣਾਉਣ ਦੇ ਇੱਛਕ ਨੌਜਵਾਨਾਂ ਦੀ ਗਿਣਤੀ ਲੱਖਾਂ ਵਿਚ ਘਟਦੀ ਜਾ ਰਹੀ ਹੈ
ਨਿਊ ਯਾਰਕ : ਕੈਨੇਡਾ-ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਪੰਜਾਬੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਅੰਕੜੇ ਜਿਉਂ ਜਿਉਂ ਵਧ ਰਹੇ ਹਨ, ਪੰਜਾਬ ਵਿਚ ਪਾਸਪੋਰਟ ਬਣਾਉਣ ਦੇ ਇੱਛਕ ਨੌਜਵਾਨਾਂ ਦੀ ਗਿਣਤੀ ਲੱਖਾਂ ਵਿਚ ਘਟਦੀ ਜਾ ਰਹੀ ਹੈ। ਜੀ ਹਾਂ, ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਦਾ ਕਰੇਜ਼ ਪੰਜਾਬੀਆਂ ਵਿਚ ਐਨਾ ਵਧਿਆ ਕਿ ਸਾਲ 2023 ਦੌਰਾਨ ਸਾਰੇ ਰਿਕਾਰਡ ਤੋੜਦਿਆਂ 12 ਲੱਖ ਲੋਕਾਂ ਨੇ ਪਾਸਪੋਰਟ ਬਣਵਾਏ ਪਰ ਸਾਲ 2024 ਵੱਖ ਵੱਖ ਮੁਲਕਾਂ ਵਿਚ ਵੱਡੀਆਂ ਇੰਮੀਗ੍ਰੇਸ਼ਨ ਤਬਦੀਲੀਆਂ ਲੈ ਕੇ ਆਇਆ। ਅਮਰੀਕਾ ਵਿਚ ਡੌਨਲਡ ਟਰੰਪ ਚੋਣ ਜਿੱਤ ਗਏ ਅਤੇ ਹਰ ਸਾਲ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕਰ ਦਿਤਾ ਜਦਕਿ ਕੈਨੇਡਾ ਨੇ ਵੀ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਿਆਂ ਦੀ ਗਿਣਤੀ ਵਿਚ ਵੱਡੀ ਕਟੌਤੀ ਕਰ ਦਿਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ 2025 ਦੌਰਾਨ ਪੰਜਾਬ ਵਿਚ ਪਾਸਪੋਰਟ ਅਰਜ਼ੀਆਂ ਦਾਖਲ ਕਰਨ ਵਾਲਿਆਂ ਦੀ ਗਿਣਤੀ 5 ਲੱਖ ਘਟ ਗਈ।
ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ 5 ਲੱਖ ਘਟੀ
ਆਸਟ੍ਰੇਲੀਆ ਸਰਕਾਰ ਵੱਲੋਂ ਵੀ ਸਟੱਡੀ ਵੀਜ਼ਾ ਨਿਯਮ ਸਖ਼ਤ ਕੀਤੇ ਜਾ ਚੁੱਕੇ ਹਨ ਅਤੇ ਯੂ.ਕੇ. ਦੇ ਸਟੱਡੀ ਵੀਜ਼ਾ ’ਤੇ ਸਪਾਊਜ਼ ਨੂੰ ਨਾਲ ਲਿਜਾਣ ਦਾ ਨਿਯਮ ਖ਼ਤਮ ਕਰ ਦਿਤਾ ਗਿਆ ਹੈ। ਕੈਨੇਡਾ ਰਹਿੰਦੇ ਕਮਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਿਨਾਂ ਸ਼ੱਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਪੁੱਜ ਰਹੇ ਭਾਰਤੀ ਲੋਕਾਂ ਦੀ ਗਿਣਤੀ ਵਿਚ 30 ਤੋਂ 40 ਫੀ ਸਦੀ ਤੱਕ ਕਮੀ ਆਈ ਹੈ। ਕਮਲਜੀਤ ਸਿੰਘ ਮੁਤਾਬਕ ਕੈਨੇਡਾ ਵਿਚ ਪਹਿਲਾਂ ਹੀ ਲੱਖਾਂ ਟੈਂਪਰੇਰੀ ਰੈਜ਼ੀਡੈਂਟਸ ਅਜਿਹੇ ਹਨ ਜਿਨ੍ਹਾਂ ਦੇ ਵੀਜ਼ਾ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਕੋਲ ਵਾਪਸੀ ਕਰਨ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ। ਦੂਜੇ ਪਾਸੇ ਕੈਨੇਡਾ ਵਿਚ ਮੌਜੂਦ ਪ੍ਰਵਾਸੀਆਂ ਨੂੰ ਸਬਜ਼ਬਾਗ ਦਿਖਾ ਕੇ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਵਾਲੇ ਵੀ ਲਗਾਤਾਰ ਬਾਰਡਰ ਏਜੰਟਾਂ ਦੇ ਅੜਿੱਕੇ ਆ ਰਹੇ ਹਨ ਅਤੇ ਨਿਊ ਯਾਰਕ ਦੀ ਕÇਲੰਟਨ ਕਾਊਂਟੀ ਵਿਚ ਕਾਬੂ ਕੀਤੇ 22 ਸਾਲਾ ਸ਼ਿਵਮ ਵਿਰੁੱਧ ਫੈਡਰਲ ਗਰੈਂਡ ਜਿਊਰੀ ਨੇ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕਰ ਦਿਤੇ। ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਸ਼ਿਵਮ ਨੇ ਦਰਜਨਾਂ ਭਾਰਤੀ ਨਾਗਰਿਕਾਂ ਨੇ ਇੰਟਰਨੈਸ਼ਨ ਬਾਰਡਰ ਪਾਰ ਕਰਨ ਵਿਚ ਮਦਦ ਕੀਤੀ ਅਤੇ ਇਸ ਦੇ ਇਵਜ਼ ਵਿਚ ਮੋਟੀਆਂ ਰਕਮਾਂ ਵੀ ਹਾਸਲ ਕੀਤੀਆਂ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸ਼ਿਵਮ ਨੇ ਜਨਵਰੀ 2025 ਤੋਂ ਜੂਨ 2025 ਦਰਮਿਆਨ ਕਈ ਮੌਕਿਆਂ ’ਤੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਅਮਰੀਕਾ ਦਾਖ਼ਲ ਕਰਵਾਇਆ। ਅਦਾਲਤ ਵਿਚ 26 ਜਨਵਰੀ ਦੀ ਇਕ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਦੌਰਾਨ ਗੱਡੀਆਂ ਇੰਟਰਨੈਸ਼ਨ ਬਾਰਡਰ ਨੇੜੇ ਅਮਰੀਕਾ ਦੇ ਇਲਾਕੇ ਵਿਚ ਨਜ਼ਰ ਆਈਆਂ। ਬਾਰਡਰ ਪੈਟਰੋਲ ਏਜੰਟਾਂ ਵੱਲੋਂ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਦੋਵੇਂ ਡਰਾਈਵਰ ਗੱਡੀਆਂ ਭਜਾ ਕੇ ਲੈ ਗਏ। ਬਾਰਡਰ ਏਜੰਟਾਂ ਨੇ ਗੱਡੀਆਂ ਦਾ ਪਿੱਛਾ ਸ਼ੁਰੂ ਕਰ ਦਿਤਾ ਅਤੇ ਇਕ ਗੱਡੀ ਜਲਦ ਹੀ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਫਸੀ ਜਦਕਿ ਦੂਜੀ ਗੱਡੀ ਨੂੰ ਨਿਊ ਯਾਰਕ ਦੇ ਮੂਅਰਜ਼ ਇਲਾਕੇ ਵਿਚ ਘੇਰਿਆ ਗਿਆ। ਦੋਹਾਂ ਗੱਡੀਆਂ ਵਿਚ 12 ਗੈਰਕਾਨੂੰਨੀ ਪ੍ਰਵਾਸੀ ਸਵਾਰ ਸਨ ਅਤੇ ਡਰਾਈਵਰਾਂ ਦਰਮਿਆਨ ਵ੍ਹਟਸਐਪ ਰਾਹੀਂ ਹੋਏ ਤਾਲਮੇਲ ਵਿਚ ਸ਼ਿਵਮ ਦਾ ਜ਼ਿਕਰ ਮਿਲਿਆ। ਇਹ ਵੀ ਪਤਾ ਲੱਗਾ ਕਿ ਸ਼ਿਵਮ ਕਈ ਮੌਕਿਆਂ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਣ ਦੀ ਪ੍ਰਕਿਰਿਆ ਨਾਲ ਜੁੜਿਆ।
ਬਾਰਡਰ ਏਜੰਟਾਂ ਵੱਲੋਂ ਕਾਬੂ ਭਾਰਤੀ ਨੌਜਵਾਨ ਵਿਰੁੱਧ ਦੋਸ਼ ਤੈਅ
ਸ਼ਿਵਮ ਵਿਰੁੱਧ ਵਿਦੇਸ਼ੀ ਨਾਗਰਿਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਕਰਵਾਉਣ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ। ਡਿਪਾਰਟਮੈਂਟ ਆਫ਼ ਜਸਟਿਸ ਮੁਤਾਬਕ ਸ਼ਿਵਮ ਨੂੰ ਦੋਸ਼ੀ ਠਹਿਰਾਏ ਜਾਣ ’ਤੇ 15 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਣ ਪ੍ਰਕਿਰਿਆ ਨੂੰ ਕਿਸੇ ਵੇਲੇ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਸੀ ਅਤੇ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਦੀ ਸਾਲਾਨਾ ਗਿਣਤੀ ਇਕ ਲੱਖ 90 ਹਜ਼ਾਰ ਤੋਂ ਟੱਪ ਗਈ ਪਰ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਆਈਸ ਦੇ ਛਾਪਿਆਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਜੜਾਂ ਪਾ ਦਿਤੀਆਂ ਅਤੇ ਕੌਮਾਂਤਰੀ ਬਾਰਡਰ ਰਾਹੀਂ ਨਾਜਾਇਜ਼ ਪ੍ਰਵਾਸ ਵੀ ਹੇਠਲੇ ਪੱਧਰ ’ਤੇ ਆ ਗਿਆ। ਐਨਾ ਸਭ ਹੋਣ ਦੇ ਬਾਵਜੂਦ ਪੰਜਾਬ-ਹਰਿਆਣਾ ਵਿਚ ਸਰਗਰਮ ਟਰੈਵਲ ਏਜੰਟ ਨੌਜਵਾਨਾਂ ਨੂੰ ਵਰਗਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਤੇ ਹੁਣ ਵੀ ਅਮਰੀਕਾ ਵਿਚ ਬਿਹਤਰ ਭਵਿੱਖ ਦੇ ਸੁਪਨੇ ਦਿਖਾਏ ਜਾ ਰਹੇ ਹਨ। ਦੱਸ ਦੇਈਏ ਕਿ 2025 ਦੌਰਾਨ ਪੰਜਾਬ ਵਿਚ 7 ਲੱਖ 8 ਹਜ਼ਾਰ ਲੋਕਾਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਜਦਕਿ ਹਰਿਆਣਾ ਦਾ ਅੰਕੜਾ 4 ਲੱਖ 48 ਹਜ਼ਾਰ ਦਰਜ ਕੀਤਾ ਗਿਆ। ਕੌਮੀ ਪੱਧਰ ’ਤੇ ਦੇਖਿਆ ਜਾਵੇ ਇਸੇ ਵੇਲੇ ਕੇਰਲ ਦੇ 1 ਕਰੋੜ 46 ਲੱਖ ਲੋਕਾਂ ਕੋਲ ਪਾਸਪੋਰਟ ਹਨ ਅਤੇ ਇਹ ਅੰਕੜਾ ਸਭ ਤੋਂ ਵੱਧ ਬਣਦਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2025 ਤੱਕ 98 ਲੱਖ 89 ਹਜ਼ਾਰ ਪਾਸਪੋਰਟ ਜਾਰੀ ਕੀਤੇ ਗਏ। ਹਰਿਆਣਾ ਦਾ ਜ਼ਿਕਰ ਕੀਤਾ ਜਾਵੇ ਤਾਂ 11 ਸਾਲ ਦੇ ਸਮੇਂ ਦੌਰਾਨ 4.46 ਮਿਲੀਅਨ ਪਾਸਪੋਰਟ ਬਣੇ।