ਕੈਨੇਡਾ ਵਿਚ ਲਾਈਫ਼ ਸਰਟੀਫਿਕੇਟ ਕੈਂਪਾਂ ਦਾ ਸਿਲਸਿਲਾ ਮੁਕੰਮਲ

ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਬਜ਼ੁਰਗਾਂ ਨੂੰ ਲਾਈਫ਼ ਸਰਟੀਫ਼ਿਕੇਟ ਜਾਰੀ ਕਰਨ ਦਾ ਅੰਤਮ ਕੈਂਪ ਸਰੀ ਦੇ ਬੈਂਕੁਇਟ ਹਾਲ ਵਿਖੇ ਲਾਇਆ ਗਿਆ।

Update: 2024-12-02 13:14 GMT

ਸਰੀ : ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਬਜ਼ੁਰਗਾਂ ਨੂੰ ਲਾਈਫ਼ ਸਰਟੀਫ਼ਿਕੇਟ ਜਾਰੀ ਕਰਨ ਦਾ ਅੰਤਮ ਕੈਂਪ ਸਰੀ ਦੇ ਬੈਂਕੁਇਟ ਹਾਲ ਵਿਖੇ ਲਾਇਆ ਗਿਆ। ਮੁਢਲੇ ਤੌਰ ’ਤੇ ਇਹ ਕੈਂਪ ਲਕਸ਼ਮੀ ਨਾਰਾਇਣ ਮੰਦਰ ਵਿਚ ਲਾਇਆ ਜਾਣਾ ਸੀ ਪਰ ਹਾਲਾਤ ਨੂੰ ਵੇਖਦਿਆਂ ਜਗ੍ਹਾ ਬਦਲ ਦਿਤੀ ਗਈ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਆਖਰੀ ਕੈਂਪ ਉਨਟਾਰੀਓ ਦੇ ਲੰਡਨ ਵਿਖੇ ਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਇਸ ਨੂੰ ਰੱਦ ਕਰ ਦਿਤਾ ਗਿਆ।

ਸਰੀ ਦੇ ਬੈਂਕੁਇਟ ਹਾਲ ਵਿਚ ਲੱਗਾ ਅੰਤਮ ਕੈਂਪ

ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਦੇ ਬੁਲਾਰੇ ਪੁਰਸ਼ੋਤਮ ਗੋਇਲ ਨੇ ਕਿਹਾ ਕਿ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਕੈਂਪ ਦੀ ਜਗ੍ਹਾ ਬਦਲਣੀ ਹੀ ਬਿਹਤਰ ਸੀ। ਦੱਸ ਦੇਈਏ ਕਿ ਇਸੇ ਮੰਦਰ ਵਿਚ 3 ਨਵੰਬਰ ਵੀ ਕੈਂਪ ਲੱਗਾ ਅਤੇ ਬਾਹਰ ਮੌਜੂਦ ਖਾਲਿਸਤਾਨ ਹਮਾਇਤੀਆਂ ਦੇ ਮੁਜ਼ਾਹਰੇ ਦੌਰਾਨ ਟਕਰਾਅ ਵੇਖਣ ਨੂੰ ਮਿਲਿਆ। ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਤਿੰਨੋ ਜਣਿਆਂ ਦੀ ਰਿਹਾਈ ਹੋਣ ਤੱਕ ਪੁਲਿਸ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿਤਾ। ਗ੍ਰਿਫ਼ਤਾਰ ਕੀਤੇ ਦੋ ਜਣਿਆਂ ਵਿਰੁੱਧ ਲੱਗੇ ਦੋਸ਼ ਬਾਅਦ ਵਿਚ ਹਟਾ ਦਿਤੇ ਗਏ। ਪੁਰਸ਼ੋਤਮ ਗੋਇਲ ਨੇ ਦੋਸ਼ ਲਾਇਆ ਕਿ ਸਰੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਅਤੇ ਹੁਣ ਉਨ੍ਹਾਂ ਦਾ ਪੁਲਿਸ ਤੋਂ ਯਕੀਨ ਉਠ ਚੁੱਕਾ ਹੈ।

ਸਕਾਰਬ੍ਰੋਅ ਦੇ ਮੰਦਰ ਵਿਚ ਵੀ ਕੈਂਪ ਦੌਰਾਨ ਜਾਰੀ ਕੀਤੇ ਲਾਈਫ਼ ਸਰਟੀਫ਼ਿਕੇਟ

ਦੂਜੇ ਪਾਸੇ ਸ਼ਨਿੱਚਰਵਾਰ ਨੂੰ ਸਕਾਰਬ੍ਰੋਅ ਵਾਲਾ ਕੈਂਪ ਮੰਦਰ ਵਿਚ ਹੀ ਲੱਗਾ ਅਤੇ ਵੱਡੀ ਗਿਣਤੀ ਵਿਚ ਭਾਰਤੀ ਲੋਕ ਆਪਣੇ ਲਾਈਫ਼ ਸਰਟੀਫਿਕੇਟ ਜਾਰੀ ਕਰਵਾਉਣ ਪੁੱਜੇ। ਅਦਾਲਤੀ ਹੁਕਮਾਂ ਦੇ ਮੱਦੇਨਜ਼ਰ ਖਾਲਿਸਤਾਨ ਹਮਾਇਤੀਆਂ ਦਾ ਮੁਜ਼ਾਹਰਾ ਮੰਦਰ ਤੋਂ 100 ਮੀਟਰ ਦੀ ਦੂਰੀ ’ਤੇ ਹੋਇਆ ਪਰ ਪੁਲਿਸ ਵੱਲੋਂ ਅਹਿਤਿਆਤੀ ਪ੍ਰਬੰਧ ਕੀਤੇ ਗਏ ਸਨ।

Tags:    

Similar News