ਕੈਨੇਡਾ ’ਚ ਭਾਰਤੀ ਪੈਨਸ਼ਨਰਾਂ ਵਾਸਤੇ ਲਾਈਫ਼ ਸਰਟੀਫਿਕੇਟ ਕੈਂਪ 2 ਨਵੰਬਰ ਤੋਂ
ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਹਿਤ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕੈਂਪ ਲਾਉਣ ਦਾ ਐਲਾਨ ਕੀਤਾ ਗਿਆ ਹੈ।;
ਟੋਰਾਂਟੋ : ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਹਿਤ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕੈਂਪ ਲਾਉਣ ਦਾ ਐਲਾਨ ਕੀਤਾ ਗਿਆ ਹੈ। ਕੌਂਸਲੇਟ ਵੱਲੋਂ ਜਾਰੀ ਸੂਚੀ ਮੁਤਾਬਕ ਕੈਂਪਾਂ ਦਾ ਸਿਲਸਿਲਾ 2 ਨਵੰਬਰ ਤੋਂ 1 ਦਸੰਬਰ ਤੱਕ ਜਾਰੀ ਰਹੇਗਾ। ਪਹਿਲਾ ਕੈਂਪ ਮੈਨੀਟੋਬਾ ਦੇ ਵਿੰਨੀਪੈਗ ਸ਼ਹਿਰ ਵਿਖੇ ਸਾਊਥ ਸਿੱਖ ਸੈਂਟਰ ਵਿਚ 2 ਨਵੰਬਰ ਨੂੰ ਲਾਇਆ ਜਾ ਰਿਹਾ ਹੈ ਜਿਸ ਦੌਰਾਨ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਵਿੰਨੀਪੈਗ ਵਿਖੇ ਹੀ 3 ਨਵੰਬਰ ਨੂੰ ਇਕ ਹੋਰ ਕੈਂਪ ਹਿੰਦੂ ਟੈਂਪਲ ਅਤੇ ਡਾ. ਰਾਜ ਪਾਂਡੇ ਹਿੰਦੂ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਲਾਇਆ ਜਾਵੇਗਾ। ਮਿਸੀਸਾਗਾ ਦੇ ਹਿੰਦੂ ਹੈਰੀਟੇਜ ਸੈਂਟਰ ਵਿਖੇ 2 ਨਵੰਬਰ ਨੂੰ ਲਾਈਫ਼ ਸਰਟੀਫਿਕੇਟ ਕੈਂਪ ਲੱਗੇਗਾ ਜਦਕਿ 3 ਨਵੰਬਰ ਨੂੰ ਬਰੈਂਪਟਨ ਦੀ ਗੋਰ ਰੋਡ ’ਤੇ ਸਥਿਤ ਹਿੰਦੂ ਸਭਾ ਮੰਦਰ ਵਿਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਕੈਂਪ ਲਾਇਆ ਜਾ ਰਿਹਾ ਹੈ। ਬਰੈਂਪਟਨ ਵਿਖੇ 9 ਨਵੰਬਰ ਨੂੰ ਮੁੜ ਕੈਂਪ ਲਾਇਆ ਜਾਵੇਗਾ ਜੋ ਸੂਸਨ ਫੈਨਲ ਸਪੋਰਟਸ ਕੰਪਲੈਕਸ ਦੇ ਕਮਰਾ ਨੰਬਰ ਦੋ ਵਿਚ ਹੋਵੇਗਾ ਅਤੇ ਇਸ ਦਾ ਸਮਾਂ ਵੀ ਸਵੇਰੇ 10 ਵਜੇ ਤੋਂ ਢਾਈ ਵਜੇ ਤੱਕ ਹੋਵੇਗਾ।
ਵੱਖ-ਵੱਖ ਸ਼ਹਿਰਾਂ ਵਿਚ 1 ਦਸੰਬਰ ਤੱਕ ਜਾਰੀ ਰਹਿਣਗੇ ਕੈਂਪ
10 ਨਵੰਬਰ ਨੂੰ ਬਰੈਂਪਟਨ ਦੇ ਏਅਰਪੋਰਟ ਰੋਡ ’ਤੇ ਸਥਿਤ ਸਿੱਖ ਹੈਰੀਟੇਜ ਸੈਂਟਰ ਵਿਖੇ ਕੈਂਪ ਲਾਇਆ ਜਾ ਰਿਹਾ ਹੈ ਜੋ ਸਵੇਰੇ 10.30 ਵਜੇ ਤੋਂ ਡੇਢ ਵਜੇ ਤੱਕ ਹੋਵੇਗਾ। ਮਿਸੀਸਾਗਾ ਦੇ ਟੋਰਾਂਟੋ ਕਾਲੀਬਾੜੀ ਵਿਖੇ 16 ਨਵੰਬਰ ਨੂੰ ਕੈਂਪ ਲਾਇਆ ਜਾ ਰਿਹਾ ਹੈ ਜਦਕਿ 16 ਨਵੰਬਰ ਨੂੰ ਹੀ ਹੈਲੀਫੈਕਸ ਵਿਖੇ ਡਲਹਾਊਜ਼ੀ ਇੰਟਰਨੈਸ਼ਨਲ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਢਾਈ ਵਜੇ ਤੱਕ ਕੈਂਪ ਲੱਗੇਗਾ। 17 ਨਵੰਬਰ ਨੂੰ ਮੁੜ ਬਰੈਂਪਟਨ ਵਿਖੇ ਕੈਂਪ ਲਾਇਆ ਜਾ ਰਿਹਾ ਹੈ ਜੋ ਤ੍ਰਿਵੇਣੀ ਮੰਦਰ ਵਿਖੇ ਹੋਵੇਗਾ। 17 ਨਵੰਬਰ ਨੂੰ ਹੀ ਵਿੰਡਸਰ ਦੇ ਰਾਇਨੋ ਪਿਕਸੀਨਿਨ ਹਾਲ ਵਿਖੇ ਲਾਇਆ ਜਾ ਰਿਹਾ ਹੈ। 23 ਨਵੰਬਰ ਨੂੰ ਓਕਵਿਲ ਵੈਸ਼ਨੋ ਦੇਵੀ ਮੰਦਰ ਵਿਚ ਸਵੇਰੇ 10 ਵਜੇ ਤੋਂ ਢਾਈ ਵਜੇ ਤੱਕ ਕੈਂਪ ਜਾਰੀ ਰਹੇਗਾ ਜਦਕਿ 24 ਨਵੰਬਰ ਨੂੰ ਕਿਚਨਰ ਦੇ ਕਿਚਨਰ ਮੈਮੋਰੀਅਲ ਆਡੀਟੋਰੀਅਮ ਵਿਚ ਕੈਂਪ ਲਾਇਆ ਜਾ ਰਿਹਾ ਹੈ। 24 ਨਵੰਬਰ ਨੂੰ ਹੀ ਕੈਂਬਰਿਜ ਦੇ ਪੁਰਤਗਾਲੀ ਕਲੱਬ ਵਿਚ ਕੈਂਪ ਲੱਗੇਗਾ ਅਤੇ 30 ਨਵੰਬਰ ਨੂੰ ਸਕਾਰਬ੍ਰੋਅ ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਕੈਂਪ ਲਾਇਆ ਜਾਵੇਗਾ। ਅੰਤਮ ਕੈਂਪ 1 ਦਸੰਬਰ ਨੂੰ ਉਨਟਾਰੀਓ ਦੇ ਲੰਡਨ ਸ਼ਹਿਰ ਦੇ ਕਵਾਨਿਸ ਸੈਂਟਰ ਵਿਖੇ ਸਵੇਰੇ 10 ਵਜੇ ਤੋਂ ਢਾਈ ਵਜੇ ਤੱਕ ਲਾਇਆ ਜਾ ਰਿਹਾ ਹੈ। ਕੌਂਸਲੇਟ ਵੱਲੋਂ ਲਾਈਫ਼ ਸਰਟੀਫਿਕੇਟ ਹਾਸਲ ਕਰਨ ਦੇ ਇੱਛਕ ਭਾਰਤੀਆਂ ਨੂੰ ਖੁਦ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਆਪਣੇ ਨਾਲ ਅਸਲ ਭਾਰਤੀ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਜਾਂ ਓ.ਸੀ.ਆਈ. ਕਾਰਡ ਜ਼ਰੂਰ ਲੈ ਕੇ ਆਉਣ। ਜਿਹੜੇ ਬਿਨੈਕਾਰ ਮੈਡੀਕਲ ਕਾਰਨਾਂ ਕਰ ਕੇ ਕੈਂਪ ਵਿਚ ਪੁੱਜਣ ਦੇ ਸਮਰੱਥ ਨਹੀਂ, ਉਹ ਆਪਣੇ ਕਿਸੇ ਦੇ ਵੀ ਹੱਥ ਆਪਣੀ ਅਰਜ਼ੀ ਭੇਜ ਸਕਦੇ ਹਨ ਪਰ ਉਸ ਨੂੰ ਵੀਡੀਓ ਕਾਲ ਰਾਹੀਂ ਬਿਨੈਕਾਰ ਨਾਲ ਗੱਲ ਕਰਵਾਉਣੀ ਹੋਵੇਗੀ। ਲਾਈਫ ਸਰਟੀਫਿਕੇਟ ਬਣਾਉਣ ਦਾ ਕੋਈ ਖਰਚਾ ਜਾਂ ਫੀਸ ਬਿਨੈਕਾਰਾਂ ਤੋਂ ਨਹੀਂ ਲਈ ਜਾਵੇਗੀ।