ਕੈਨੇਡਾ ਪੁੱਜੇ ਭਾਰਤੀਆਂ ਦੀ ਜ਼ਿੰਦਗੀ ਬਣੀ ਨਰਕ

ਲੱਖਾਂ ਰੁਪਏ ਖਰਚ ਕੇ ਕੈਨੇਡਾ ਪੁੱਜੇ ਭਾਰਤੀਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ ਜਿਨ੍ਹਾਂ ਨੂੰ ਇਥੇ ਵੀ ਠੱਗ ਟੱਕਰ ਗਏ ਅਤੇ ਹਜ਼ਾਰਾਂ ਡਾਲਰ ਦਾ ਨੁਕਸਾਨ ਮੁੜ ਹੋ ਗਿਆ

Update: 2025-10-08 12:45 GMT

ਸੇਂਟ ਜੌਹਨ : ਲੱਖਾਂ ਰੁਪਏ ਖਰਚ ਕੇ ਕੈਨੇਡਾ ਪੁੱਜੇ ਭਾਰਤੀਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ ਜਿਨ੍ਹਾਂ ਨੂੰ ਇਥੇ ਵੀ ਠੱਗ ਟੱਕਰ ਗਏ ਅਤੇ ਹਜ਼ਾਰਾਂ ਡਾਲਰ ਦਾ ਨੁਕਸਾਨ ਮੁੜ ਹੋ ਗਿਆ। ਸੁਨਹਿਰੀ ਭਵਿੱਖ ਦੀ ਆਸ ਵਿਚ ਆਇਆ ਦੱਤਾਤ੍ਰੇਯ ਅਵਹਦ ਇਨ੍ਹਾਂ ਵਿਚੋਂ ਇਕ ਹੈ ਜਿਸ ਨੇ ਕੈਨੇਡਾ ਦੀ ਪੀ.ਆਰ. ਲਈ ਪੰਜਾਬੀ ਇੰਮੀਗ੍ਰੇਸ਼ਨ ਵਕੀਲ ਨੂੰ 24 ਹਜ਼ਾਰ ਡਾਲਰ ਦਿਤੇ ਪਰ ਅੱਜ ਤੱਕ ਨਾ ਉਹ ਪੱਕਾ ਹੋ ਗਿਆ ਸਕਿਆ ਹੈ ਅਤੇ ਨਾ ਹੀ ਰਕਮ ਵਾਪਸ ਮਿਲ ਸਕੀ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਦੱਤਾਤ੍ਰੇਯ ਅਵਹਦ ਨੇ ਦੱਸਿਆ ਕਿ ਉਸ ਨੇ ਕੁੱਕ ਦੀ ਨੌਕਰੀ ਵਾਸਤੇ ਐਟਲਾਂਟਿਕ ਇੰਮੀਗ੍ਰੇਸ਼ਨ ਸਰਵਿਸਿਜ਼ ਦੇ ਅਮਰਦੀਪ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਵੱਲੋਂ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਗਿਆ ਪਰ ਇਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਉਹ ਕੈਬ ਡਰਾਈਵਰ ਵਜੋਂ ਦਿਹਾੜੀਆਂ ਲਾ ਕੇ ਗੁਜ਼ਾਰਾ ਕਰ ਰਿਹਾ ਹੈ।

ਇੰਮੀਗ੍ਰੇਸ਼ਨ ਵਕੀਲਾਂ ਨੇ ਲਾਰੇ ਲਾ ਕੇ ਠੱਗੇ ਹਜ਼ਾਰਾਂ ਡਾਲਰ

ਦੱਤਾਤ੍ਰੇਯ ਮੁਤਾਬਕ ਇੰਮੀਗ੍ਰੇਸ਼ਨ ਵਕੀਲ ਅਮਰਦੀਪ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿਤੇ ਇਸ਼ਤਿਹਾਰ ਵਿਚ ਕਿਚਨ ਜੌਬਜ਼ ਮੌਜੂਦ ਹੋਣ ਅਤੇ 6 ਤੋਂ 12 ਮਹੀਨੇ ਦੇ ਅੰਦਰ ਕੈਨੇਡੀਅਨ ਇੰਮੀਗ੍ਰੇਸ਼ਨ ਦਾ ਵਾਅਦਾ ਕੀਤਾ ਗਿਆ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਅਮਰਦੀਪ ਸਿੰਘ ਵੱਲੋਂ ਪ੍ਰਵਾਸੀਆਂ ਦੀ ਕਾਨੂੰਨੀ ਨੁਮਾਇੰਦਗੀ ਕਰਨ ਅਤੇ ਨੌਕਰੀ ਦਿਵਾਉਣ ਨਾਲ ਸਬੰਧਤ ਦੋ ਕਿਸਮ ਦੇ ਵਾਅਦੇ ਸਰਾਸਰ ਗੈਰਵਾਜਬ ਹਨ। ਉਧਰ, ਦੱਤਾਤ੍ਰੇਯ ਨੇ ਦੋਸ਼ ਲਾਇਆ ਕਿ ਅਮਰਦੀਪ ਸਿੰਘ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਕਰ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਕਹਿੰਦੀ ਹੈ ਕਿ ਜਦੋਂ ਦੱਤਾਤ੍ਰੇਯ ਮੁੰਬਈ ਤੋਂ ਕੈਨੇਡਾ ਪੁੱਜਾ ਤਾਂ ਅਮਰਦੀਪ ਸਿੰਘ ਨੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਇਥੇ ਲਿਆਉਣ ਦੇ ਵਾਅਦਾ ਕੀਤਾ। ਰਕਮ ਅਦਾਇਗੀ ਤੋਂ ਛੇ ਮਹੀਨੇ ਬਾਅਦ ਦੱਤਾਤ੍ਰੇਯ ਨੂੰ ਇਕ ਬਾਰ ਵਿਚ ਨੌਕਰੀ ਦੀ ਪੇਸ਼ਕਸ਼ ਹੋਈ ਜੋ ਕਲੋਜ਼ਡ ਵਰਕ ਪਰਮਿਟ ਅਧੀਨ ਆਉਂਦੀ ਸੀ। ਨੌਕਰੀ ਦੌਰਾਨ ਉਸ ਨੂੰ ਤੈਅਸ਼ੁਦਾ 16 ਡਾਲਰ ਪ੍ਰਤੀ ਘੰਟੇ ਦਾ ਮਿਹਨਤਾਨਾ ਨਾ ਮਿਲਿਆ ਅਤੇ ਇਕ ਮਹੀਨੇ ਬਾਅਦ ਅਮਰਦੀਪ ਸਿੰਘ ਦਾ ਫੋਨ ਆ ਗਿਆ। ਦੱਤਾਤ੍ਰੇਯ ਮੁਤਾਬਕ ਅਮਰਦੀਪ ਸਿੰਘ ਨੇ ਕਿਹਾ ਕਿ ਇੰਪਲੌਇਰ ਉਸ ਨੂੰ ਨੌਕਰੀ ’ਤੇ ਨਹੀਂ ਰੱਖਣਾ ਚਾਹੁੰਦਾ ਅਤੇ ਜੇ ਨਵੀਂ ਨੌਕਰੀ ਚਾਹੀਦੀ ਹੈ ਤਾਂ 10 ਹਜ਼ਾਰ ਡਾਲਰ ਦੀ ਰਕਮ ਹੋਰ ਦੇਣੀ ਪਵੇਗੀ। ਐਨੀ ਗੱਲ ਸੁਣਦਿਆਂ ਹੀ ਦੱਤਾਤ੍ਰੇਯ ਦੇ ਹੋਸ਼ ਉਡ ਗਏ ਅਤੇ ਉਸ ਨੇ ਉਨਟਾਰੀਓ ਲਾਅ ਸੋਸਾਇਟੀ ਕੋਲ ਸ਼ਿਕਾਇਤ ਦਾਇਰ ਕਰ ਦਿਤੀ। ਉਧਰ ਬਾਰ ਵਿਚੋਂ ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਇਹ ਸਾਹਮਣੇ ਆਇਆ ਕਿ ਦੱਤਾਤ੍ਰੇਯ ਵੱਲੋਂ ਗਲਤ ਜਾਣਕਾਰੀ ਦਿਤੀ ਗਈ।

ਡਿਪੋਰਟ ਹੋਣ ਦੀ ਕਗਾਰ ’ਤੇ ਪੁੱਜਾ ਦੱਤਾਤ੍ਰੇਯ ਕਰ ਰਿਹਾ ਫਰਿਆਦ

ਬਾਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਦੱਤਾਤ੍ਰੇਯ ਖੁਦ ਨੂੰ ਤਜਰਬੇਕਾਰ ਕੁੱਕ ਦਸਦਾ ਸੀ ਪਰ ਉਸ ਨੂੰ ਵਾਈਟ ਬ੍ਰੈਡ ਅਤੇ ਬ੍ਰਾਊਨ ਬ੍ਰੈਡ ਵਿਚਾਲੇ ਫਰਕ ਹੀ ਪਤਾ ਨਹੀਂ। ਇਸ ਦੇ ਉਲਟ ਦੱਤਾਤ੍ਰੇਯ ਨੇ ਦੋਸ਼ ਲਾਇਆ ਕਿ ਬਾਰ ਪ੍ਰਬੰਧਕਾਂ ਵੱਲੋਂ ਭੇਜੇ ਚਾਰ-ਪੰਜ ਜਣਿਆਂ ਨੇ ਉਸ ਦਾ ਸਭ ਕੁਝ ਖੋਹ ਲਿਆ ਅਤੇ ਉਸ ਨੂੰ ਬਾਹਰ ਕੱਢ ਦਿਤਾ। ਇਸ ਦੇ ਜਵਾਬ ਵਿਚ ਬਾਰ ਵਾਲਿਆਂ ਨੇ ਕਿਹਾ ਕਿ ਦੱਤਾਤ੍ਰੇਯ ਨੇ ਕਿਰਾਇਆ ਨਹੀਂ ਸੀ ਦਿਤਾ ਅਤੇ ਨਾ ਹੀ ਦੇਣ ਦਾ ਇੱਛਕ ਨਜ਼ਰ ਆਉਂਦਾ ਸੀ। ਦੱਤਾਤ੍ਰੇਯ ਅਵਹਦ ਨੇ ਫਰਿਆਦ ਕੀਤੀ ਕਿ ਉਸ ਨੇ ਭਾਰਤ ਤੋਂ ਕਰਜ਼ਾ ਲੈ ਕੇ ਅਮਰਦੀਪ ਸਿੰਘ ਨੂੰ ਰਕਮ ਦਿਤੀ ਅਤੇ ਹੁਣ ਉਸ ਦੇ ਪਰਮਿਟ ਦੀ ਤਰੀਕ ਵੀ ਲੰਘ ਚੁੱਕੀ ਹੈ। ਉਹ ਮਨੁੱਖਤਾ ਦੇ ਆਧਾਰ ’ਤੇ ਵਰਕ ਪਰਮਿਟ ਵਧਾਉਣ ਦੀ ਮੰਗ ਕਰ ਰਿਹਾ ਹੈ ਅਤੇ ਆਪਣੀ ਰਕਮ ਨੂੰ ਲੈ ਕੇ ਵੀ ਚਿੰਤਤ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰਦੀਪ ਸਿੰਘ ਨੇ ਕਈ ਕਾਰੋਬਾਰ ਚਲਾਏ ਹੋਏ ਹਨ ਜਿਨ੍ਹਾਂ ਵਿਚ ਐਟਲਾਂਟਿਕ ਬਿਜ਼ਨਸ ਕਾਲਜ, ਐਟਲਾਂਟਿਕ ਇੰਮੀਗ੍ਰੇਸ਼ਨ ਅਤੇ ਐਟਲਾਂਟਿਕ ਜੌਬਜ਼ ਸ਼ਾਮਲ ਹਨ। ਇਸੇ ਦੌਰਾਨ ਮਾਇਗ੍ਰੈਂਟ ਵਰਕਰਜ਼ ਅਲਾਇੰਸ ਫੌਰ ਚੇਂਚ ਦੇ ਕਾਰਜਕਾਰੀ ਡਾਇਰੈਕਟਰ ਸਈਅਦ ਹੁਸੈਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹੌਟਲਾਈਨ ਤੋਂ ਅਵਹਦ ਦੇ ਮਾਮਲੇ ਬਾਰੇ ਪਤਾ ਲੱਗਾ ਅਤੇ ਉਸ ਦੀ ਰਕਮ ਵਾਪਸ ਕਰਵਾਉਣ ਲਈ ਉਨਟਾਰੀਓ ਸਰਕਾਰ ਤੇ ਨਿਊ ਫਾਊਂਡਲੈਂਡ ਸਰਕਾਰ ਨੂੰ ਤਾਲਮੇਲ ਅਧੀਨ ਕੰਮ ਕਰਨਾ ਚਾਹੀਦਾ ਹੈ। ਅਵਹਦ ਨੇ ਇਕ ਵੱਡੇ ਘਪਲੇ ਤੋਂ ਪਰਦਾ ਚੁੱਕਿਆ ਹੈ ਅਤੇ ਉਸ ਦਾ ਬਚਾਅ ਕਰਨ ਦੀ ਬਜਾਏ ਸੰਭਾਵਤ ਤੌਰ ’ਤੇ ਡਿਪੋਰਟ ਕੀਤਾ ਜਾ ਰਿਹਾ ਹੈ।

Tags:    

Similar News