ਕੈਨੇਡਾ ਵਿਚ ਜਬਰੀ ਵਸੂਲੀ ਦੇ ਮੁੱਦੇ ’ਤੇ ਭਾਰਤੀਆਂ ਦਾ ਵੱਡਾ ਇਕੱਠ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਉਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਨਕੂਵਰ ਪੁਲਿਸ ਨੇ ਇਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟੌਰਸ਼ਨ ਮਾਮਲਿਆਂ ਬਾਰੇ ਡੂੰਘਾਈ ਨਾਲ ਜਾਣੂ ਕਰਵਾਇਆ
ਵੈਨਕੂਵਰ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਉਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਨਕੂਵਰ ਪੁਲਿਸ ਨੇ ਇਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟੌਰਸ਼ਨ ਮਾਮਲਿਆਂ ਬਾਰੇ ਡੂੰਘਾਈ ਨਾਲ ਜਾਣੂ ਕਰਵਾਇਆ ਅਤੇ ਕਮਿਊਨਿਟੀਜ਼ ’ਤੇ ਪੈ ਰਹੇ ਅਸਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਐਂਟੀ ਐਕਸਟੌਰਸ਼ਨ ਕਮਿਊਨਿਟੀ ਫੋਰਮ ਦੌਰਾਨ ਲੋਕਾਂ ਨੂੰ ਚਿਤਾਵਨੀ ਸੰਕੇਤ ਸਮਝਣ ਅਤੇ ਨਿਸ਼ਾਨੇ ’ਤੇ ਹੋਣ ਦੀ ਸੂਰਤ ਵਿਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ। ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਜਬਰੀ ਵਸੂਲੀ ਕਰਨ ਵਾਲਿਆਂ ਦੀ ਜਿੱਤ ਹੋਵੇਗੀ ਜੇ ਅਸੀਂ ਅਸਲੀਅਤ ਤੋਂ ਦੂਰ ਜਾਂਦਿਆਂ ਪਰਛਾਵਿਆਂ ਹੇਠ ਲੁਕਣ ਦਾ ਯਤਨ ਕਰਾਂਗੇ।
ਪੁਲਿਸ ਨੇ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ
ਪੁਲਿਸ ਵੱਲੋਂ ਇਹ ਮੰਦਭਾਗਾ ਰੁਝਾਨ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਲੋਕਾਂ ਨੂੰ ਵੀ ਖੁੱਲ੍ਹ ਕੇ ਸਾਹਮਣੇ ਆਉਣਾ ਹੋਵੇਗਾ। ਪੁਲਿਸ ਦਾ ਟੀਚਾ ਕਮਿਊਨਿਟੀ ਵਿਚ ਏਕਾ ਕਾਇਮ ਕਰਦਿਆਂ ਮਸਲੇ ਦੀ ਡੂੰਘਾਈ ਤੱਕ ਜਾਣਾ ਹੈ ਅਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਆਖਰਕਾਰ ਐਕਸਟੌਰਸ਼ਨ ਅਸਲ ਤਸਵੀਰ ਕਿਹੋ ਜਿਹੀ ਹੈ। ਬੀ.ਸੀ. ਵਿਚ ਸਾਹਮਣੇ ਆ ਰਹੇ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਨਾਲ ਸਬੰਧਤ ਹਨ ਜਿਥੇ ਮੌਜੂਦਾ ਵਰ੍ਹੇ ਦੌਰਾਨ 100 ਤੋਂ ਵੱਧ ਵਾਰਦਾਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਬੀ.ਸੀ. ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੂਵਰ ਪੁਲਿਸ ਦੇ ਸੁਪਰਡੈਂਟ ਰਹਿ ਚੁੱਕੇ ਕਾਸ਼ ਹੀਡ ਨੇ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਬਾਸ਼ਿੰਦਿਆਂ ਵਾਸਤੇ ਵੱਡੀ ਅਹਿਮੀਅਤ ਰੱਖਦੇ ਹਨ।
ਚਿਤਾਵਨੀ ਸੰਕੇਤ ਸਮਝਣ ਦੇ ਤਰੀਕੇ ਸਮਝਾਏ
ਇਸ ਵੇਲੇ ਰਿਚਮੰਡ ਦੇ ਕੌਂਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਕਾਸ਼ ਹੀਡ ਦਾ ਕਹਿਣਾ ਸੀ ਕਿ ਪੁਲਿਸ ਅਫ਼ਸਰ ਨਹੀਂ ਚਹੁੰਦੇ ਕਿ ਹਾਲਾਤ ਬੇਕਾਬੂ ਹੋਣ ਅਤੇ ਇਸ ਤੋਂ ਪਹਿਲਾਂ ਹੀ ਸਖ਼ਤ ਕਾਰਵਾਈ ਕਰਨ ਦੇ ਰੌਂਅ ਵਿਚ ਹਨ। ਇਕੱਠ ਦੌਰਾਨ ਅਪ੍ਰੇਸ਼ਨ ਕਮਾਂਡ ਦੇ ਸੁਪਰਡੈਂਟ ਫ਼ਿਲ ਹਰਡ, ਇਨਵੈਸਟੀਗੇਟਿਵ ਸਰਵਿਸਿਜ਼ ਦੇ ਸੁਪਰਡੈਂਟ ਡੇਲ ਵੀਡਮੈਨ, ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੀ ਕਾਰਜਕਾਰੀ ਇੰਸਪੈਕਟਰ ਹਰਮਨ ਰਾਏ ਅਤੇ ਅਪ੍ਰੇਸ਼ਨਜ਼ ਡਿਵੀਜ਼ਨ ਦੇ ਸਾਰਜੈਂਟ ਗੁਰਦੀਪ ਬੀਸਲਾ ਹਾਜ਼ਰ ਸਨ। ਵੈਨਕੂਵਰ ਦੀ ਰੌਸ ਸਟ੍ਰੀਟ ਦੇ ਸਾਊਥ ਹਾਲ ਬੈਂਕੁਇਟਨ ਵਿਖੇ ਕੀਤੇ ਗਏ ਇਕੱਠ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਪੁਲਿਸ ਇਨ੍ਹਾਂ ਵਾਰਦਾਤਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠ ਸਕਦੀ ਹੈ।