ਕੈਨੇਡਾ ’ਚ ਸੜੇ ਪੰਜਾਬੀ ਕਿਰਾਏਦਾਰਾਂ ਦਾ ਮਕਾਨ ਮਾਲਕ ਆਇਆ ਸਾਹਮਣੇ
ਕੈਨੇਡਾ ਵਿਚ ਪੰਜਾਬੀ ਪਰਵਾਰ ਨਾਲ ਵਾਪਰੀ ਤਰਾਸਦੀ ਤੋਂ ਬਾਅਦ ਰੂਪੋਸ਼ ਹੋਇਆ ਮਕਾਨ ਮਾਲਕ ਆਖ਼ਰਕਾਰ ਸਾਹਮਣੇ ਆ ਗਿਆ ਹੈ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਲਾਏ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ ਹੈ
ਬਰੈਂਪਟਨ : ਕੈਨੇਡਾ ਵਿਚ ਪੰਜਾਬੀ ਪਰਵਾਰ ਨਾਲ ਵਾਪਰੀ ਤਰਾਸਦੀ ਤੋਂ ਬਾਅਦ ਰੂਪੋਸ਼ ਹੋਇਆ ਮਕਾਨ ਮਾਲਕ ਆਖ਼ਰਕਾਰ ਸਾਹਮਣੇ ਆ ਗਿਆ ਹੈ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਲਾਏ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ ਹੈ। ਮਕਾਨ ਮਾਲਕ ਦੇ ਵਕੀਲ ਸੁੱਖੀ ਬੈਦਵਾਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਕਲਾਫ਼ਲਿਨ ਰੋਡ ਅਤੇ ਰਿਮੈਂਬਰੈਂਸ ਰੋਡ ’ਤੇ ਸਥਿਤ ਪ੍ਰੌਪਰਟੀ ਮਾਰਚ 2023 ਵਿਚ ਕਾਨੂੰਨੀ ਤਰੀਕੇ ਨਾਲ 3,100 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਰਾਏ ’ਤੇ ਚਾੜ੍ਹੀ ਗਈ। ਭਾਵੇਂ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਮੰਦਭਾਗੇ ਮਕਾਨ ਵਿਚ 11 ਜਣੇ ਰਹਿੰਦੇ ਸਨ ਪਰ ਸੁੱਖੀ ਬੈਦਵਾਨ ਨੇ ਦਾਅਵਾ ਕੀਤਾ ਕਿ ਇਹ ਘਰ ਸਿਰਫ਼ ਪੰਜ ਜੀਆਂ ਦੇ ਪਰਵਾਰ ਨੂੰ ਕਿਰਾਏ ’ਤੇ ਦਿਤਾ ਗਿਆ ਅਤੇ ਮਕਾਨ ਮਾਲਕ ਨੂੰ ਬਾਕੀ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਦਾਅਵਾ ਕੀਤਾ : ਕਾਨੂੰਨੀ ਤੌਰ ’ਤੇ ਰੱਖੇ ਸਨ ਕਿਰਾਏਦਾਰ
ਬੈਦਵਾਨ ਨੇ ਇਹ ਵੀ ਕਿਹਾ ਕਿ ਤਕਰੀਬਨ ਇਕ ਦਹਾਕਾ ਪਹਿਲਾਂ ਬਿਲਡਰ ਤੋਂ ਮਕਾਨ ਖਰੀਦੇ ਜਾਣ ਤੋਂ ਹੁਣ ਤੱਕ ਇਥੇ ਕੋਈ ਨਵੀਂ ਉਸਾਰੀ ਜਾਂ ਅਲਟ੍ਰੇਸ਼ਨ ਨਹੀਂ ਸੀ ਕੀਤੀ ਗਈ। ਬਰੈਂਪਟਨ ਦੇ 12 ਬੈਨਜ਼ ਵੇਅ ’ਤੇ ਸਥਿਤ ਮਕਾਨ ਵਿਚ 4 ਬੈਡਰੂਮ ਸਨ ਅਤੇ ਇਸ ਤੋਂ ਇਲਾਵਾ ਬੇਸਮੈਂਟ ਵਿਚ ਬਾਥਰੂਮ ਅਤੇ ਪੰਜਵਾਂ ਬੈਡਰੂਮ ਸ਼ਾਮਲ ਸੀ। ਇਹ ਸਭ ਸਿਟੀ ਪਲੈਨਰ ਦੀ ਪ੍ਰਵਾਨਗੀ ਨਾਲ ਬਿਲਡਰ ਵੱਲੋਂ ਤਿਆਰ ਕੀਤਾ ਗਿਆ ਅਤੇ ਬਿਲਕੁਲ ਨਵੇਂ ਮਕਾਨ ਵਜੋਂ ਪ੍ਰੌਪਰਟੀ ਖਰੀਦੀ ਗਈ। ਮਕਾਨ ਮਾਲਕ ਨੇ ਆਪਣੇ ਵਕੀਲ ਰਾਹੀਂ ਹਾਦਸਾੇ ਦੌਰਾਨ ਹੋਏ ਵੱਡੀ ਜਾਨੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮਕਾਨ ਮਾਲਕ ਲੰਮਾ ਸਮਾਂ ਦੇਸ਼ ਤੋਂ ਬਾਹਰ ਹੀ ਰਹਿੰਦਾ ਹੈ ਅਤੇ 2019 ਵਿਚ ਉਸ ਵੱਲੋਂ ਬੇਸਮੈਂਟ ਵਿਚ ਦੂਜੇ ਯੂਨਿਟ ਦੀ ਉਸਾਰੀ ਵਾਸਤੇ ਬਿਲਡਿੰਗ ਪਰਮਿਟ ਐਪਲੀਕਸ਼ਨ ਦਾਖਲ ਕੀਤੀ ਗਈ। ਪੈਟ੍ਰਿਕ ਬ੍ਰਾਊਨ ਮੁਤਾਬਕ ਮਕਾਨ ਮਾਲਕ ਨੇ ਸਿਟੀ ਇੰਸਪੈਕਟਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕੀਤੀ ਪਰ ਸੁੱਖ ਬੈਦਵਾਨ ਨੇ ਦਾਅਵਾ ਕੀਤਾ ਕਿ ਨਵੀਂ ਉਸਾਰੀ ਵਾਸਤੇ ਕਦੇ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਗਈ। ਵਕੀਲ ਮੁਤਾਬਕ ਮਕਾਨ ਮਾਲਕ ਨੂੰ ਸਿਟੀ ਵੱਲੋਂ ਆਈ ਕਿਸੇ ਇੰਸਪੈਕਸ਼ਨ ਰਿਕੁਐਸਟ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕਦੇ ਜਾਂਚ ਤੋਂ ਇਨਕਾਰ ਕੀਤਾ।
ਮੇਅਰ ਪੈਟ੍ਰਿਕ ਬ੍ਰਾਊਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਵਕੀਲ ਨੇ ਅੱਗੇ ਦੱਸਿਆ ਕਿ ਮਕਾਨ ਮਾਲਕ ਅਤੇ ਕਿਰਾਏਦਾਰ ਦਰਮਿਆਨ ਚੰਗਾ ਕੰਮਕਾਜੀ ਰਿਸ਼ਤਾ ਸੀ ਅਤੇ ਅਕਸਰ ਹੀ ਦੋਹਾਂ ਵਿਚਾਲੇ ਸੰਪਰਕ ਹੁੰਦਾ ਰਹਿੰਦਾ। ਲੈਂਡ ਲੌਰਡ ਇਹ ਮਕਾਨ ਵੇਚਣਾ ਚਾਹੁੰਦਾ ਸੀ ਅਤੇ 23 ਅਕਤੂਬਰ ਨੂੰ ਰੀਅਲ ਅਸਟੇਟ ਏਜੰਟ ਮਕਾਨ ਦੇਖਣ ਪੁੱਜੇ। ਕਿਰਾਏਦਾਰਾਂ ਨੂੰ 30 ਨਵੰਬਰ ਤੱਕ ਮਕਾਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿਤਾ ਗਿਆ ਅਤੇ ਉਹ ਜਲਦ ਹੀ ਆਪਣਾ ਸਮਾਨ ਚੁੱਕਣ ਦੀ ਤਿਆਰੀ ਕਰ ਰਹੇ ਸਨ। ਦੂਜੇ ਪਾਸੇ ਸੁੱਖੀ ਬੈਦਵਾਨ ਨੇ ਕਿਹਾ ਕਿ ਲੈਂਡਲੌਰਡ ਨੇ ਕਦੇ ਵੀ ਅੱਗ ਲੱਗਣ ਦੀ ਘਟਨਾ ਦਾ ਦੋਸ਼ ਕਿਰਾਏਦਾਰਾਂ ਸਿਰ ਨਹੀਂ ਮੜ੍ਹਿਆ। ਇਥੇ ਦਸਣਾ ਬਣਦਾ ਹੈ ਕਿ ਮਕਾਨ ਵਿਚ ਫਾਇਰ ਅਲਾਰਮਜ਼ ਦੀ ਮੌਜੂਦਗੀ ਦਾ ਜ਼ਿਕਰ ਜਾਂਚਕਰਤਾਵਾਂ ਨੇ ਕੀਤਾ ਪਰ ਇਹ ਨਹੀਂ ਦੱਸਿਆ ਕਿ ਕੀ ਕੰਮ ਕਰ ਰਹੇ ਸਨ। ਅੱਗ ਲੱਗਣ ਦਾ ਅਸਲ ਕਾਰਨ ਫ਼ਿਲਹਾਲ ਸਾਹਮਣੇ ਨਹੀਂ ਆ ਸਕਿਆ ਜਿਸ ਦੌਰਾਨ ਇਕ ਅਣਜੰਮੇ ਬੱਚੇ ਸਣੇ ਪੰਜ ਜਣਿਆਂ ਦੀ ਜਾਨ ਗਈ।