‘ਜਸਟਿਨ ਟਰੂਡੋ ਦੀ ਵਿਦਾਇਗੀ ਸਮਾਂ ਆ ਗਿਐ’
ਜਸਟਿਨ ਟਰੂਡੋ ਨੂੰ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦੇ ਐਮ.ਪੀ. ਵੀ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ।;
ਮੌਂਟਰੀਅਲ : ਜਸਟਿਨ ਟਰੂਡੋ ਨੂੰ ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦੇ ਐਮ.ਪੀ. ਵੀ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ। ਜੀ ਹਾਂ, ਕਿਊਬੈਕ ਤੋਂ ਲਿਬਰਲ ਐਮ.ਪੀ. ਅਲੈਗਜ਼ਾਂਡਰਾ ਮੈਂਡਿਸ ਨੇ ਕਿਹਾ ਕਿ ਹਲਕੇ ਦੇ ਸੈਂਕੜੇ ਲੋਕ ਸਾਫ ਲਫਜ਼ਾਂ ਵਿਚ ਆਖ ਚੁੱਕੇ ਹਨ ਕਿ ਹੁਣ ਟਰੂਡੋ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਅਲੈਗਜ਼ੈਂਡਰਾ ਮੈਂਡਿਸ ਨੇ ਕਿਹਾ ਕਿ ਨਿਜੀ ਤੌਰ ’ਤੇ ਉਨ੍ਹਾਂ ਨੂੰ ਟਰੂਡੋ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਵਿਚ ਕੋਈ ਦਿੱਕਤ ਨਹੀਂ ਪਰ ਵੋਟਰ ਚਾਹੁੰਦੇ ਹਨ ਕਿ ਅਗਲੀਆਂ ਚੋਣਾਂ ਵਿਚ ਕੋਈ ਨਵਾਂ ਚਿਹਰਾ ਹੋਣਾ ਚਾਹੀਦਾ ਹੈ। ਮੈਂਡਿਸ ਉਨ੍ਹਾਂ ਚੋਣਵੇਂ ਲਿਬਰਲ ਐਮ.ਪੀਜ਼ ਵਿਚੋਂ ਇਕ ਹੈ ਜੋ ਜਨਤਕ ਤੌਰ ’ਤੇ ਟਰੂਡੋ ਦੀ ਲੀਡਰਸ਼ਿਪ ਵਿਰੁੱਧ ਆਵਾਜ਼ ਉਠਾ ਚੁਕੇ ਹਨ। ਕੈਨੇਡਾ ਦੇ ਇਕ ਕੈਬਨਿਟ ਲਈ ਕੰਮ ਕਰ ਚੁੱਕੀ ਮੈਂਡਿਸ ਪਹਿਲੀ ਵਾਰ 2008 ਵਿਚ ਮੌਂਟਰੀਅਲ ਦੇ ਦੱਖਣੀ ਇਲਾਕੇੋ ਤੋਂ ਐਮ.ਪੀ. ਚੁਣੀ ਗਈ ਸੀ।
ਲਿਬਰਲ ਐਮ.ਪੀ. ਨੇ ਦੱਸੀ ਆਪਣੇ ਹਲਕੇ ਵਾਲਿਆਂ ਦੇ ਦਿਲਾਂ ਦੀ ਗੱਲ
2011 ਦੀਆਂ ਚੋਣਾਂ ਵਿਚ ਸੰਤਰੀ ਲਹਿਰ ਨੇ ਸਭ ਕੁਝ ਸਾਫ ਕਰ ਦਿਤਾ ਮੈਂਡਿਸ ਨੂੰ ਐਨ.ਡੀ.ਪੀ. ਉਮੀਦਵਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 2015 ਵਿਚ ਮੈਂਡਿਸ ਮੁੜ ਪਾਰਲੀਮੈਂਟ ਵਿਚ ਪਰਤੀ ਅਤੇ ਹੁਣ ਤੱਕ ਸੇਵਾ ਨਿਭਾਅ ਰਹੀ ਹੈ। ਅਲੈਗਜ਼ੈਂਡਰਾ ਨੇ ਟਰੂਡੋ ਵਿਰੁੱਧ ਲੋਕ ਮਨਾਂ ਵਿਚ ਪੈਦਾ ਹੋਈ ਕੁੜੱਤਣ ’ਤੇ ਅਫਸੋਸ ਜ਼ਾਹਰ ਕੀਤਾ ਅਤੇ ਨਾਲ ਹੀ ਕਿ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਨੇ ਬਹੁਤ ਕੁਝ ਕੀਤਾ ਪਰ ਆਪਣੇ ਹਲਕੇ ਦੇ ਵੋਟਰਾਂ ਦੀ ਸੁਣੀ ਜਾਵੇ ਤਾਂ ਉਹ ਲੀਡਰਸ਼ਿਪ ਵਿਚ ਤਬਦੀਲੀ ਚਾਹੁੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਆਪਣੇ ਹਮਾਇਤੀਆਂ ਨੂੰ ਹਾਲ ਹੀ ਵਿਚ ਭੇਜੀਆਂ ਈਮੇਲਜ਼ ਰਾਹੀਂ ਲਿਬਰਲ ਸਰਕਾਰ ਵੱਲੋਂ ਕੈਨੇਡਾ ਚਾਈਲਡ ਬੈਨੇਫਿਟ, ਡੇਅ ਕੇਅਰ ਫੀਸ ਵਿਚ ਕਮੀ, ਵਿਦਿਆਰਥੀਆਂ ਲਈ ਵਿਆਜ ਮੁਕਤ ਕਰਜ਼ੇ, 40 ਲੱਖ ਘਰਾਂ ਦੀ ਉਸਾਰੀ ਯੋਜਨਾ, ਨੈਸ਼ਨਲ ਫਾਰਮਾਕੇਅਰ ਅਤੇ ਡੈਂਟਲ ਕੇਅਰ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਹੈ। ਫਿਲਹਾਲ ਲਿਬਰਲ ਪਾਰਟੀ ਵੱਲੋਂ ਕੌਮੀ ਪੱਧਰ ’ਤੇ ਇਸ਼ਤਿਹਾਰਬਾਜ਼ੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਜਿਵੇਂ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ। ਅਲੈਗਜ਼ੈਂਡਰਾ ਮੈਂਡਿਸ ਨੇ ਕਿਹਾ ਕਿ ਟੋਰਾਂਟੋ-ਸੇਂਟ ਪੌਲ ਸੀਟ ’ਤੇ ਹੋਈ ਹਾਰ ਮਗਰੋਂ ਉਮੀਦ ਕੀਤੀ ਜਾ ਰਹੀ ਸੀ ਕਿ ਵੱਡੀ ਗਿਣਤੀ ਵਿਚ ਪਾਰਲੀਮੈਂਟ ਮੈਂਬਰ ਟਰੂਡੋ ਨੂੰ ਕੁਰਸੀ ਛੱਡਣ ਲਈ ਮਜਬੂਰ ਕਰਨਗੇ ਪਰ ਅਜਿਹਾ ਨਾ ਹੋ ਸਕਿਆ।