ਜਸਟਿਨ ਟਰੂਡੋ ਵੱਲੋਂ ਟਰੰਪ ਨੂੰ ਖੁੱਲ੍ਹੀ ਚੁਣੌਤੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗੁਆਂਢੀ ਮੁਲਕ ਵੱਲੋਂ ਲੱਗੀਆਂ ਟੈਰਿਫਸ ਵਿਚ ਮਾਮੂਲੀ ਕਮੀ ਪ੍ਰਵਾਨ ਨਹੀਂ ਅਤੇ ਅਜਿਹਾ ਹੋਣ ਦੀ ਸੂਰਤ ਵਿਚ ਕੈਨੇਡੀਅਨ ਟੈਰਿਫਸ ਵਾਪਸ ਨਹੀਂ ਲਈਆਂ ਜਾਣਗੀਆਂ।;
ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗੁਆਂਢੀ ਮੁਲਕ ਵੱਲੋਂ ਲੱਗੀਆਂ ਟੈਰਿਫਸ ਵਿਚ ਮਾਮੂਲੀ ਕਮੀ ਪ੍ਰਵਾਨ ਨਹੀਂ ਅਤੇ ਅਜਿਹਾ ਹੋਣ ਦੀ ਸੂਰਤ ਵਿਚ ਕੈਨੇਡੀਅਨ ਟੈਰਿਫਸ ਵਾਪਸ ਨਹੀਂ ਲਈਆਂ ਜਾਣਗੀਆਂ। ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਮੁੱਦੇ ’ਤੇ ਟਰੂਡੋ ਦੇ ਪੱਖ ਵਿਚ ਖੜ੍ਹੇ ਨਜ਼ਰ ਆਏ। ਇਸੇ ਦੌਰਾਨ ਕੈਨੇਡਾ ਦੇ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਟੈਰਿਫਸ ਦਾ ਮੁਕੰਮਲ ਖਾਤਮਾ ਚਾਹੁੰਦਾ ਹੈ ਅਤੇ ਇਨ੍ਹਾਂ ਨੂੰ ਘਟਾਉਣ ਵਿਚ ਕੋਈ ਦਿਲਚਸਪੀ ਨਹੀਂ। ਇਥੇ ਦਸਣਾ ਬਣਦਾ ਹੈ ਕਿ ਟੈਰਿਫਸ ਲਾਗੂ ਹੋਣ ਤੋਂ ਇਕ ਦਿਨ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਦੀਆਂ ਕਾਰ ਨਿਰਮਾਤਾ ਕੰਪਨੀਆਂ ਨੂੰ ਰਾਹਤ ਦਾ ਐਲਾਨ ਕਰ ਦਿਤਾ ਗਿਆ।
ਟੈਰਿਫਸ ’ਚ ਮਾਮੂਲੀ ਰਿਆਇਤ ਪ੍ਰਵਾਨ ਨਹੀਂ
ਫੋਰਡ, ਜਨਰਲ ਮੋਟਰਜ਼ ਅਤੇ ਸਟੇਲੈਂਟਿਸ ਦੇ ਨੁਮਾਇੰਦੀਆਂ ਨਾਲ ਗੱਲਬਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਆਟੋ ਇੰਡਸਟਰੀ ਨੂੰ 30 ਦਿਨ ਦੀ ਰਿਆਇਤ ਦਿਤੀ ਜਾ ਰਹੀ ਹੈ। ਉਧਰ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਆਟੋ ਇੰਡਸਟਰੀ ਨੂੰ ਇਕ ਮਹੀਨੇ ਦੀ ਰਿਆਇਤ ਮਗਰੋਂ ਸੂਬਾ ਸਰਕਾਰ ਕਿਸੇ ਰਿਆਇਤ ਦਾ ਐਲਾਨ ਨਹੀਂ ਕਰੇਗੀ। ਉਨਟਾਰੀਓ ਵਿਚ ਸ਼ਰਾਬ ਦੇ ਠੇਕਿਆਂ ਤੋਂ ਅਮਰੀਕਾ ਵਿਚ ਬਣੀ ਸ਼ਰਾਬ ਹਟਾਈ ਜਾ ਚੁੱਕੀ ਹੈ ਅਤੇ ਈਲੌਨ ਮਸਕ ਦੀ ਸਟਾਰÇਲੰਕ ਇੰਟਰਨੈਟ ਸਰਵਿਸ ਨਾਲ ਕੀਤਾ 100 ਮਿਲੀਅਨ ਡਾਲਰ ਦਾ ਸਮਝੌਤਾ ਵੀ ਰੱਦ ਕਰ ਦਿਤਾ ਗਿਆ ਹੈ। ਡਗ ਫੋਰਡ ਨੇ ਕਿਹਾ ਕਿ ਬਿਨਾਂ ਸ਼ੱਕ ਅਮਰੀਕਾ ਵਾਲੇ ਸਾਡੇ ਨੇੜਲੇ ਸਾਥੀ ਹਨ ਪਰ ਕੈਨੇਡਾ ਨੂੰ ਸਖਤ ਫੈਸਲੇ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦੇ ਵਣਜ ਮੰਤਰੀ ਹੌਵਰਡ ਲੂਟਨਿਕ ਨੇ ਦੁਹਰਾਇਆ ਕਿ ਆਉਣ ਵਾਲੇ ਦਿਨਾਂ ਵਿਚ ਰਾਸ਼ਟਰਪਤੀ ਟਰੰਪ ਕੈਨੇਡਾ ਵਾਸਤੇ ਵਧੇਰੇ ਰਿਆਇਤਾਂ ਦਾ ਐਲਾਨ ਕਰ ਸਕਦੇ ਹਨ।