ਕੈਨੇਡਾ ’ਚ ਗਹਿਣਿਆਂ ਦਾ ਸਟੋਰ ਲੁੱਟਣ ਵਾਲੇ ਕਾਬੂ
ਉਨਟਾਰੀਓ ਦੇ ਨਿਊ ਮਾਰਕਿਟ ਵਿਖੇ ਇਕ ਜਿਊਲਰੀ ਸਟੋਰ ਲੁੱਟਣ ਵਾਲੇ ਚਾਰ ਸ਼ੱਕੀਆਂ ਨੂੰ ਹਾਈਵੇਅ 404 ’ਤੇ ਵਾਪਰੇ ਹਾਦਸੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ
ਨਿਊ ਮਾਰਕਿਟ : ਉਨਟਾਰੀਓ ਦੇ ਨਿਊ ਮਾਰਕਿਟ ਵਿਖੇ ਇਕ ਜਿਊਲਰੀ ਸਟੋਰ ਲੁੱਟਣ ਵਾਲੇ ਚਾਰ ਸ਼ੱਕੀਆਂ ਨੂੰ ਹਾਈਵੇਅ 404 ’ਤੇ ਵਾਪਰੇ ਹਾਦਸੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਮਿਲਟਨ ਦੇ ਇਕ ਸ਼ਖਸ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਵਾਲੀਆਂ ਚੋਰੀਸ਼ੁਦਾ ਪਰਫ਼ਿਊਮ ਦੀਆਂ ਸ਼ੀਸ਼ੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸੇ ਦੌਰਾਨ ਵਿਟਬੀ ਵਿਖੇ 39 ਸਾਲ ਦੇ ਰਵੀ ਤਿਰਬੇਣੀ ਨੂੰ ਸੈਕਸ਼ੁਅਲ ਅਸਾਲਟ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤਕਰੀਬਨ 5.30 ਵਜੇ ਅਪਰ ਕੈਨੇਡਾ ਮਾਲ ਵਿਚ ਜਿਊਲਰੀ ਸਟੋਰ ’ਤੇ ਡਾਕਾ ਪੈਣ ਦੀ ਇਤਲਾਹ ਮਿਲੀ। ਪੁਲਿਸ ਮੁਤਾਬਕ ਪੰਜ ਸ਼ੱਕੀ ਜਿਊਲਰੀ ਸਟੋਰ ਵਿਚ ਦਾਖਲ ਹੋਏ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ।
ਔਰਤਾਂ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ
ਡਾਕੇ ਦੌਰਾਨ 2 ਜਣਿਆਂ ਉਤੇ ਪੈਪਰ ਸਪ੍ਰੇਅ ਵੀ ਕੀਤਾ ਗਿਆ। ਪੁਲਿਸ ਨੇ ਸ਼ੱਕੀਆਂ ਦੀ ਗੱਡੀ ਦਾ ਪਿੱਛਾ ਸ਼ੁਰੂ ਕੀਤਾ ਅਤੇ ਸਟੀਲਜ਼ ਐਵੇਨਿਊ ਈਸਟ ਨੇੜੇ ਹਾਈਵੇਅ 404 ’ਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਇਸ ਦੌਰਾਨ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਜਦਕਿ ਪੰਜਵਾਂ ਸ਼ੱਕੀ ਹੁਣ ਤੱਕ ਫਰਾਰ ਹੈ। ਉਧਰ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮਿਲਟਨ ਦੇ ਇਕ ਘਰ ਵਿਚ ਛਾਪੇ ਦੌਰਾਨ ਚੋਰੀਸ਼ੁਦਾ ਪਰਫਿਊਮ ਦੀਆਂ 1,880 ਸ਼ੀਸ਼ੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੀ ਅੰਦਾਜ਼ਨ ਕੀਮਤ 3 ਲੱਖ 19 ਹਜ਼ਾਰ ਡਾਲਰ ਬਣਦੀ ਹੈ। ਘਰ ਵਿਚ ਮੌਜੂਦ 23 ਸਾਲ ਦੇ ਇਸਮ ਅਹਿਮਦ ਨੂੰ ਗ੍ਰਿਫ਼ਤਾਰ ਕਰਦਿਆਂ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਵਿਟਬੀ ਦੇ ਰਵੀ ਤਿਰਬੇਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਔਰਤਾਂ ਨੂੰ ਗੱਡੀ ਵਿਚ ਬਿਠਾ ਕੇ ਮੰਜ਼ਿਲ ’ਤੇ ਛੱਡਣ ਦੇ ਬਹਾਨੇ ਸੈਕਸ਼ੁਆਲ ਅਸਾਲਟ ਨੂੰ ਅੰਜਾਮ ਦਿੰਦਾ। ਪਹਿਲੀ ਵਾਰਦਾਤ 17 ਅਗਸਤ 2024 ਨੂੰ ਰਾਤ ਤਕਰੀਬਨ ਸਵਾ ਗਿਆਰਾਂ ਵਜੇ ਵਾਪਰੀ ਜਦੋਂ ਪੁਲਿਸ ਨੂੰ ਵੈਂਟਵਰਥ ਸਟ੍ਰੀਟ ਅਤੇ ਥਿਕਸਨ ਰੋਡ ਸਾਊਥ ਇਲਾਕੇ ਵਿਚ ਸੱਦਿਆ ਗਿਆ। ਪੀੜਤ ਔਰਤ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਔਸ਼ਵਾ ਦੇ ਕਿਊਬੈਕ ਸਟ੍ਰੀਟ ਇਲਾਕੇ ਵਿਚ ਸੀ ਜਦੋਂ ਇਕ ਸ਼ਖਸ ਆਇਆ ਅਤੇ ਆਪਣੀ ਗੱਡੀ ਵਿਚ ਰਾਈਡ ਦੀ ਪੇਸ਼ਕਸ਼ ਕੀਤੀ। ਸ਼ੱਕੀ, ਪੀੜਤ ਨੂੰ ਵਿਟਬੀ ਦੇ ਇੰਡਸਟ੍ਰੀਅਲ ਏਰੀਆ ਵਿਚ ਲੈ ਗਿਆ ਜਿਥੇ ਉਸ ਨਾਲ ਜਬਰ ਜਨਾਹ ਕੀਤਾ।
ਘਰ ਵਿਚ ਰੱਖੀ ਬੈਠਾ ਸੀ 3.19 ਲੱਖ ਡਾਲਰ ਦਾ ਚੋਰੀਸ਼ੁਦਾ ਪਰਫ਼ਿਊਮ
12 ਜਨਵਰੀ 2025 ਨੂੰ ਸਵੇਰੇ ਤਕਰੀਬਨ 4 ਵਜੇ ਵਿਕਟੋਰੀਆ ਸਟ੍ਰੀਟ ਈਸਟ ਅਤੇ ਥਿਕਸਨ ਰੋਡ ਸਾਊਥ ਇਲਾਕੇ ਵਿਚ ਸੈਕਸ਼ੁਅਲ ਅਸਾਲਟ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਔਸ਼ਵਾ ਦੇ ਸਿਮਕੋਅ ਸਟ੍ਰੀਟ ਸਾਊਥ ਅਤੇ ਹਾਲ ਸਟ੍ਰੀਟ ਇਲਾਕੇ ਵਿਚ ਸੀ ਜਦੋਂ ਉਸ ਨੂੰ ਰਾਈਡ ਦੀ ਪੇਸ਼ਕਸ਼ ਕੀਤੀ ਗਈ। ਦੋਹਾਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੁਲਿਸ ਨੇ ਪਹਿਲੀ ਵਾਰਦਾਤ ਤੋਂ ਸਵਾ ਸਾਲ ਬਾਅਦ ਸ਼ੱਕੀ ਦੀ ਪਛਾਣ ਸਕਾਰਬ੍ਰੋਅ ਦੇ ਰਵੀ ਤਿਰਬੇਨੀ ਵਜੋਂ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਰਵੀ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋ ਦੋਸ਼ ਆਇਦ ਕੀਤੇ ਗਏ ਹਨ ਅਤੇ ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1888 579 1520 ਐਕਸਟੈਨਸ਼ਨ 5676 ’ਤੇ ਕਾਲ ਕੀਤੀ ਜਾਵੇ।