ਕੈਨੇਡਾ ’ਚ ਪਨਾਹ ਨਹੀਂ ਮੰਗ ਸਕਣਗੇ ਕੌਮਾਂਤਰੀ ਵਿਦਿਆਰਥੀ!

ਵਿਜ਼ਟਰ ਵੀਜ਼ਾ ’ਤੇ ਆਉਣ ਮਗਰੋਂ ਅਸਾਇਲਮ ਦਾ ਦਾਅਵਾ ਕਰਨ ਵਾਲਿਆਂ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਬੇੜਨ ਲਈ ਕੈਨੇਡਾ ਸਰਕਾਰ ਨੇ ਕਮਰ ਕਸ ਲਈ ਹੈ

Update: 2024-11-29 12:10 GMT

ਔਟਵਾ : ਵਿਜ਼ਟਰ ਵੀਜ਼ਾ ’ਤੇ ਆਉਣ ਮਗਰੋਂ ਅਸਾਇਲਮ ਦਾ ਦਾਅਵਾ ਕਰਨ ਵਾਲਿਆਂ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਬੇੜਨ ਲਈ ਕੈਨੇਡਾ ਸਰਕਾਰ ਨੇ ਕਮਰ ਕਸ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਦਾਅਵੇ ਰੱਦ ਹੋ ਸਕਦੇ ਹਨ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ੀ ਦੌਰਾਨ ਕਿਹਾ ਕਿ ਅਸਾਇਲਮ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਨੂੰ ਮੁਕੰਮਲ ਤੌਰ ’ਤੇ ਬਦਲਣਾ ਹੋਵੇਗਾ। ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਕੋਲ ਅਕਤੂਬਰ ਦੇ ਅੰਤ ਤੱਕ ਅਸਾਇਲਮ ਦੇ 2 ਲੱਖ 60 ਹਜ਼ਾਰ ਤੋਂ ਵੱਧ ਦਾਅਵੇ ਵਿਚਾਰ ਅਧੀਨ ਸਨ ਅਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।

ਟਰੂਡੋ ਸਰਕਾਰ ਵੱਲੋਂ ਅਸਾਇਲਮ ਸਿਸਟਮ ਵਿਚ ਮੁਕੰਮਲ ਬਦਲਾਅ ਦੀ ਤਿਆਰੀ

ਮਾਰਕ ਮਿਲਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਗੈਰਵਾਜਬ ਤਰੀਕੇ ਨਾਲ ਪਨਾਹ ਦੇ ਦਾਅਵੇ ਕੀਤੇ ਜਦਕਿ ਉਹ ਇਸ ਦੇ ਬਿਲਕੁਲ ਵੀ ਯੋਗ ਨਹੀਂ ਸਨ। ਅਕਤੂਬਰ ਵਿਚ 17,400 ਜਣਿਆਂ ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਕੀਤਾ ਜਦਕਿ ਜੁਲਾਈ ਵਿਚ ਅੰਕੜਾ 20 ਹਜ਼ਾਰ ਦਰਜ ਕੀਤਾ ਗਿਆ। ਅਸਾਇਲਮ ਦੇ 14 ਹਜ਼ਾਰ ਤੋਂ ਵੱਧ ਦਾਅਵੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ। ਇੰਮੀਗ੍ਰੇਸ਼ਨ ਮੰਤਰੀ ਨੇ ਪਾਰਲੀਮਾਨੀ ਕਮੇਟੀ ਨੂੰ ਦੱਸਿਆ ਕਿ ਅਸਾਇਲਮ ਸਿਸਟਮ ਵਿਚ ਸੁਧਾਰਾਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਪਨਾਹ ਦਾ ਦਾਅਵਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਨਵੇਂ ਨਿਯਮ ਆਉਣ ਤੋਂ ਪਹਿਲਾਂ ਭਾਵੇਂ ਅਸਾਇਲਮ ਕਲੇਮ ਵਧ ਰਹੇ ਹਨ ਪਰ ਇਨ੍ਹਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਰਣਨੀਤੀ ਘੜੀ ਜਾ ਰਹੀ ਹੈ। ਇੰਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿਤੀ ਗਈ। ਇਸੇ ਦੌਰਾਨ ਯੂਨੀਵਰਸਿਟੀ ਟੋਰਾਂਟੋ ਵਿਚ ਕਾਨੂੰਨ ਦੀ ਪ੍ਰੋਫੈਸਰ ਅਤੇ ਮਨੁੱਖੀ ਅਧਿਕਾਰ ਇਕਾਈ ਦੀ ਮੁਖੀ ਔਡਰੀ ਮੈਕਲਿਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਵੇਂ ਨਿਯਮਾਂ ਅਧੀਨ ਅਸਾਇਲਮ ਦੇ ਦਾਅਵੇ ਧੜਾ ਧੜ ਰੱਦ ਕਰਨ ਦੀ ਪ੍ਰਕਿਰਿਆ ਕਾਨੂੰਨੀ ਚੁਣੌਤੀਆਂ ਵਿਚ ਉਲਝ ਸਕਦੀ ਹੈ। ਕਿਸੇ ਵੀ ਦਾਅਵੇ ਨੂੰ ਇਕਪਾਸੜ ਤੌਰ ’ਤੇ ਫਰਜ਼ੀ ਨਹੀਂ ਮੰਨਿਆ ਜਾ ਸਕਦਾ।

ਇੰਮੀਗ੍ਰੇਸ਼ਨ ਮੰਤਰੀ ਨੇ ਪਾਰਲੀਮਾਨੀ ਕਮੇਟੀ ਅੱਗੇ ਦਿਤੇ ਸੰਕੇਤ

ਬਿਹਤਰ ਇਹੀ ਹੋਵੇਗਾ ਕਿ ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਵੱਲੋਂ ਵਧੇਰੇ ਵਸੀਲਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਸਾਇਲਮ ਦੇ ਦਾਅਵੇ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਨਿਪਟਾਰੇ ਜਾਣ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਖੁਦ ਪ੍ਰਵਾਨ ਕਰਨ ਚੁੱਕੀ ਹੈ ਕਿ ਮੁਲਕ ਵਿਚ ਆਰਜ਼ੀ ਵੀਜ਼ਾ ’ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪ ਚੁੱਕੀ ਹੈ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀ ਹੈ। ਤਕਰੀਬਨ 2 ਲੱਖ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਜਾਂ ਖਤਮ ਹੋ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੌਰਾਨ ਮੁਲਕ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਸਕਦਾ ਹੈ।

Tags:    

Similar News