ਕੈਨੇਡਾ ਵਿਚ ਸਸਤੇ ਮਕਾਨ ਕਿਰਾਏ ਦੇ ਨਾਂ ’ਤੇ ਠੱਗੇ ਜਾ ਰਹੇ ਭਾਰਤੀ

ਕੈਨੇਡਾ ਵਿਚ ਸਸਤੇ ਮਕਾਨ ਕਿਰਾਏ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਣ ਵਾਲਿਆਂ ਦੇ ਗਿਰੋਹ ਸਰਗਰਮ ਹਨ ਅਤੇ ਤਾਜ਼ਾ ਮਾਮਲੇ ਤਹਿਤ ਕਈ ਭਾਰਤੀਆਂ ਸਣੇ 35 ਜਣਿਆਂ ਤੋਂ 40 ਹਜ਼ਾਰ ਡਾਲਰ ਠੱਗੇ ਜਾਣ ਦਾ ਖੁਲਾਸਾ ਹੋਇਆ ਹੈ।

Update: 2024-09-24 12:14 GMT

ਕਿਚਨਰ : ਕੈਨੇਡਾ ਵਿਚ ਸਸਤੇ ਮਕਾਨ ਕਿਰਾਏ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਣ ਵਾਲਿਆਂ ਦੇ ਗਿਰੋਹ ਸਰਗਰਮ ਹਨ ਅਤੇ ਤਾਜ਼ਾ ਮਾਮਲੇ ਤਹਿਤ ਕਈ ਭਾਰਤੀਆਂ ਸਣੇ 35 ਜਣਿਆਂ ਤੋਂ 40 ਹਜ਼ਾਰ ਡਾਲਰ ਠੱਗੇ ਜਾਣ ਦਾ ਖੁਲਾਸਾ ਹੋਇਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕਿਚਨਰ ਦੇ ਸੂਰਜ ਥੌਮਸ ਨੇ ਦੱਸਿਆ ਕਿ ਫੇਸਬੁਕ ਮਾਰਕਿਟ ਪਲੇਸ ਦਾ ਇਸ਼ਤਿਹਾਰ ਉਸ ਦੇ ਵੱਡੇ ਆਰਥਿਕ ਨੁਕਸਾਨ ਦਾ ਕਾਰਨ ਬਣਿਆ। ਇਸ਼ਤਿਹਾਰ ਵਿਚ ਦੋ ਬੈਡਰੂਮ ਵਾਲੇ ਇਕ ਅਪਾਰਟਮੈਂਟ ਦਾ ਕਿਰਾਇਆ 1,900 ਡਾਲਰ ਪ੍ਰਤੀ ਮਹੀਨੇ ਦੱਸਿਆ ਗਿਆ। ਸੂਰਜ ਥੌਮਸ ਨੇ ਇਸ਼ਤਿਹਾਰ ਵਿਚ ਨਜ਼ਰ ਆ ਰਹੇ ਨੰਬਰ ’ਤੇ ਸੁਨੇਹਾ ਭੇਜਿਆ ਤਾਂ ਅੱਗੋਂ ਇਕ ਹੋਰ ਨੰਬਰ ਦੇ ਦਿਤਾ ਗਿਆ ਜੋ ਸੰਭਾਵਤ ਤੌਰ ’ਤੇ ਮਾਲਕ ਦਾ ਸੀ। ਅਪਾਰਟਮੈਂਟ ਵਿਚ ਇਕ ਕਿਰਾਏਦਾਰ ਰਹਿ ਰਿਹਾ ਸੀ ਜਿਸ ਨੇ ਨੋਵਾ ਸਕੋਸ਼ੀਆ ਵਿਚ ਨੌਕਰੀ ਮਿਲਣ ਕਾਰਨ ਉਥੇ ਜਾਣ ਦੀ ਗੱਲ ਆਖੀ। ਸਭ ਕੁਝ ਠੀਕ-ਠਾਕ ਮਹਿਸੂਸ ਕਰਦਿਆਂ ਸੂਰਜ ਥੌਮਸ ਨੇ ਅਪਾਰਟਮੈਂਟ ਲੈਣ ਦਾ ਫੈਸਲਾ ਕਰ ਲਿਆ।

ਵਾਟਰਲੂ ਰੀਜਨ ਵਿਚ 35 ਜਣਿਆਂ ਨਾਲ 40 ਹਜ਼ਾਰ ਡਾਲਰ ਦੀ ਠੱਗੀ

ਕਥਿਤ ਮਕਾਨ ਮਾਲਕ ਨੇ ਉਸ ਦਾ ਫੋਟੋ ਸ਼ਨਾਖਤੀ ਕਾਰਡ ਅਤੇ ਕਰੈਡਿਟ ਰਿਪੋਰਟ ਮੰਗੀ ਜਦਕਿ ਪਹਿਲੇ ਅਤੇ ਆਖਰੀ ਮਹੀਨੇ ਦੇ ਕਿਰਾਏ ਵਜੋਂ 4,100 ਡਾਲਰ ਵੀ ਸੂਰਜ ਥੌਮਸ ਨੇ ਟ੍ਰਾਂਸਫਰ ਕਰ ਦਿਤੇ। ਇਥੋਂ ਹੀ ਸੂਰਜ ਦਾ ਬੁਰਾ ਦੌਰ ਸ਼ੁਰੂ ਹੋਇਆ। ਅਗਲੀ ਸਵੇਰ ਜਦੋਂ ਸੂਰਜ ਚਾਬੀਆਂ ਲੈਣ ਪੁੱਜਾ ਤਾਂ ਨਾ ਮਕਾਨ ਮਾਲਕ ਲੱਭਿਆ ਅਤੇ ਨਾ ਹੀ ਕਿਰਾਏਦਾਰ। ਬਹੁਮੰਜ਼ਿਲਾ ਇਮਾਰਤ ਦੇ ਇਕ ਨੁਮਾਇੰਦੇ ਨੇ ਸਾਰੀ ਕਹਾਣੀ ਸੁਣਨ ਮਗਰੋਂ ਸੂਰਜ ਨੂੰ ਦੱਸਿਆ ਕਿ ਉਸ ਨਾਲ ਠੱਗੀ ਵੱਜ ਚੁੱਕੀ ਹੈ। ਨੁਮਾਇੰਦੇ ਨੇ ਦੱਸਿਆ ਕਿ ਕਲ ਇਥੇ 15 ਜਣੇ ਆਏ ਸਨ ਜਿਨ੍ਹਾਂ ਨੂੰ ਅਪਾਰਟਮੈਂਟ ਕਿਰਾਏ ’ਤੇ ਦੇਣ ਦਾ ਵਾਅਦਾ ਕੀਤਾ ਗਿਆ। ਇਮਾਰਤ ਦੀ ਮਾਲਕੀ ਗਰੀਨ ਵਿਨ ਕਾਰਪੋਰੇਸ਼ਨ ਕੋਲ ਹੈ ਅਤੇ ਟੋਰਾਂਟੋ ਦੀ ਇਸ ਕੰਪਨੀ ਵੱਲੋਂ ਠੱਗੀ ਬਾਰੇ ਜਾਣੂ ਹੋਣ ਦੀ ਤਸਦੀਕ ਕਰ ਦਿਤੀ ਗਈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਪਾਰਟਮੈਂਟ ਕਿਰਾਏ ’ਤੇ ਦਿਤੇ ਜਾਂਦੇ ਹਨ ਪਰ ਇਹ ਸਭ ਕੁਝ ਇਮਾਰਤ ਵਿਚ ਬਣੇ ਦਫ਼ਤਰ ਰਾਹੀਂ ਹੁੰਦਾ ਨਾਕਿ ਕਿਸੇ ਮਾਲਕ ਰਾਹੀਂ। ਘੱਟ ਕਿਰਾਏ ਦੇ ਨਾਂ ’ਤੇ ਠੱਗੀਆਂ ਦਾ ਇਹ ਸਿਲਸਿਲਾ ਪੂਰੇ ਕੈਨੇਡਾ ਵਿਚ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਲੰਡਨ ਵਿਖੇ ਇਕ ਔਰਤ ਨੂੰ ਹਜ਼ਾਰਾਂ ਡਾਲਰ ਗਵਾਉਣੇ ਪਏ ਜਦਕਿ ਓਕਵਿਲ ਦੇ ਇਕ ਜੋੜੇ ਦਾ ਸਾਢੇ ਚਾਰ ਹਜ਼ਾਰ ਡਾਲਰ ਦਾ ਨੁਕਸਾਨ ਹੋਇਆ। ਨਿਊ ਬ੍ਰਨਜ਼ਵਿਕ ਦੇ ਫਰੈਡਰਿਕਟਨ ਵਿਖੇ ਇਕ ਸ਼ਖਸ ਨਾਲ ਅਜਿਹੇ ਅਪਾਰਟਮੈਂਟ ਦੇ ਨਾਂ ’ਤੇ 1700 ਡਾਲਰ ਦੀ ਠੱਗੀ ਵੱਜ ਗਈ ਜੋ ਅਸਲ ਵਿਚ ਹੈ ਹੀ ਨਹੀਂ। ਬੀ.ਸੀ. ਦੇ ਸਰੀ ਨਾਲ ਸਬੰਧਤ ਇਕ ਸ਼ਖਸ ਨੇ ਦੱਸਿਆ ਕਿ ਠੱਗਾਂ ਵੱਲੋਂ ਉਸ ਦੇ ਘਰ ਦਾ ਪਤਾ ਠੱਗੀਆਂ ਵਾਸਤੇ ਵਰਤਿਆ ਜਾ ਰਿਹਾ ਹੈ। ਉਧਰ ਵਾਟਰਲੂ ਰੀਜਨਲ ਪੁਲਿਸ ਦੀ ਫਰੌਡ ਯੂਨਿਟ ਦੇ ਜੇਸਨ ਵੈਨ ਕੈਲਜ਼ਬੀਕ ਨੇ ਦੱਸਿਆ ਕਿ ਕਿਚਨਰ ਵਾਲਾ ਅਪਾਰਟਮੈਂਟ ਕਿਰਾਏ ’ਤੇ ਲੈਣ ਦੇ ਚੱਕਰ ਵਿਚ ਘੱਟੋ ਘੱਟ 35 ਜਣਿਆਂ ਨਾਲ ਠੱਗੀ ਵੱਜ ਚੁੱਕੀ ਹੈ ਪਰ ਫਿਲਹਾਲ ਕਿਸੇ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਯੂਨੀਵਰਸਿਟੀ ਡਿਸਟ੍ਰਿਕਟ ਆਫ਼ ਵਾਟਰਲੂ ਵਿਖੇ ਵੀ ਅਜਿਹਾ ਹੀ ਸਕੈਮ ਸਾਹਮਣੇ ਆ ਚੁੱਕਾ ਹੈ।

Tags:    

Similar News