ਕੈਨੇਡਾ ਵਿਚ ਭਾਰਤੀ ਨੌਜਵਾਨ ਲਾਪਤਾ
ਕੈਨੇਡਾ ਵਿਚ ਲਾਪਤਾ ਭਾਰਤੀ ਨੌਜਵਾਨ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ
ਲੰਡਨ : ਕੈਨੇਡਾ ਵਿਚ ਲਾਪਤਾ ਭਾਰਤੀ ਨੌਜਵਾਨ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਉਨਟਾਰੀਓ ਦੇ ਲੰਡਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ 22 ਸਾਲ ਦੇ ਚਿਰਾਗ ਲੋਧਾਰੀ ਨੂੰ ਆਖਰੀ ਵਾਰ 24 ਅਗਸਤ ਦੀ ਸ਼ਾਮ ਚੀਪਸਾਈਡ ਸਟ੍ਰੀਟ ਅਤੇ ਫੈਨਸ਼ੌਅ ਕਾਲਜ ਬੁਲੇਵਾਰਡ ਇਲਾਕੇ ਵਿਚ ਦੇਖਿਆ ਗਿਆ। ਪੁਲਿਸ ਮੁਤਾਬਕ ਚਿਰਾਗ ਅਕਸਰ ਹੀ ਪੀਲ ਰੀਜਨ ਅਤੇ ਟੋਰਾਂਟੋ ਦੇ ਗੇੜੇ ਲਾਉਂਦਾ ਹੈ ਪਰ 24 ਅਗਸਤ ਤੋਂ ਬਾਅਦ ਕਿਸੇ ਵੀ ਇਲਾਕੇ ਵਿਚ ਨਜ਼ਰ ਨਹੀਂ ਆਇਆ। ਚਿਰਾਗ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦਾ ਸਰੀਰ ਦਰਮਿਆਨ ਅਤੇ ਕੱਦ 5 ਫੁੱਟ 6 ਇੰਚ ਹੈ।
ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ
ਉਸ ਦੇ ਵਾਲੇ ਕਾਲੇ ਅਤੇ ਆਖਰੀ ਵਾਰ ਦੇਖੇ ਜਾਣ ਵੇਲੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਚਿਰਾਗ ਦਾ ਪਰਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਚਿੰਤਤ ਹਨ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਚਿਰਾਗ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਲੰਡਨ ਪੁਲਿਸ ਸਰਵਿਸ ਨਾਲ 519 661 5670 ’ਤੇ ਸੰਪਰਕ ਕੀਤਾ ਜਾਵੇ। ਪੁਲਿਸ ਨੇ ਕਿਹਾ ਕਿਸੇ ਵੀ ਸ਼ਖਸ ਨੂੰ ਜਦੋਂ ਮਰਜ਼ੀ ਲਾਪਤਾ ਕਰਾਰ ਦਿਤਾ ਜਾ ਸਕਦਾ ਹੈ ਅਤੇ ਇਸ ਵਾਸਤੇ 24 ਘੰਟੇ ਉਡੀਕ ਕਰਨ ਦੀ ਕੋਈ ਜ਼ਰੂਰਤ ਨਹੀਂ। ਜੇ ਤੁਸੀਂ ਕਿਸੇ ਦੀ ਸੁਰੱਖਿਆ ਬਾਰੇ ਚਿੰਤਤ ਹੋ ਤਾਂ 911 ’ਤੇ ਕਾਲ ਕਰੋ ਅਤੇ ਜੇ ਕਿਸੇ ਗੁੰਮਸ਼ੁਦਾ ਬਾਰੇ ਜਾਣਕਾਰੀ ਦਰਜ ਕਰਵਾਉਣੀ ਹੈ ਤਾਂ 519 661 5670 ’ਤੇ ਕਾਲ ਕੀਤੀ ਜਾ ਸਕਦੀ ਹੈ।