ਕੈਨੇਡਾ ਵਿਚ ਭਾਰਤੀ ਨੌਜਵਾਨ ਲਾਪਤਾ
ਬੀ.ਸੀ. ਦੇ ਸਰੀ ਸ਼ਹਿਰ ਨਾਲ ਸਬੰਧਤ ਵਿਸ਼ਾਲ ਬਜਾਜ ਦੀ ਭਾਲ ਵਿਚ ਜੁਟੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ।;
ਸਰੀ : ਬੀ.ਸੀ. ਦੇ ਸਰੀ ਸ਼ਹਿਰ ਨਾਲ ਸਬੰਧਤ ਵਿਸ਼ਾਲ ਬਜਾਜ ਦੀ ਭਾਲ ਵਿਚ ਜੁਟੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਵਿਸ਼ਾਲ ਬਜਾਜ 13 ਸਤੰਬਰ ਨੂੰ ਦੇਰ ਸ਼ਾਮ ਤਕਰੀਬਨ ਪੌਣੇ ਨੌਂ ਵਜੇ ਘਰੋਂ ਰਵਾਨਾ ਹੋਇਆ ਪਰ ਇਸ ਮਗਰੋਂ ਕਦੇ ਨਜ਼ਰ ਨਾ ਆਇਆ। ਵਿਸ਼ਾਲ ਬਜਾਜ ਵੈਨਕੂਵਰ ਵਿਖੇ ਕੰਮ ਕਰਦਾ ਸੀ ਅਤੇ 15 ਸਤੰਬਰ ਨੂੰ ਸਰੀ ਆਰ.ਸੀ.ਐਮ.ਪੀ. ਨੂੰ ਇਤਲਾਹ ਮਿਲੀ ਕਿ ਉਹ ਆਪਣੇ ਕੰਮ ਵਾਲੀ ਥਾਂ ’ਤੇ ਨਹੀਂ ਪਹੁੰਚਿਆ। 15 ਸਤੰਬਰ ਨੂੰ ਹੀ ਵਿਸ਼ਾਲ ਬਜਾਜ ਦਾ ਬੈਕਪੈਕ ਅਲੈਕਸ ਫਰੇਜ਼ਰ ਬ੍ਰਿਜ ’ਤੇ ਪੈਦਲ ਮੁਸਾਫਰਾਂ ਲਈ ਬਣੇ ਵਾਕਵੇਅ ਤੋਂ ਬਰਾਮਦ ਕੀਤਾ ਗਿਆ।
ਭਾਲ ਵਿਚ ਜੁਟੀ ਸਰੀ ਆਰ.ਸੀ.ਐਮ.ਪੀ. ਨੇ ਲੋਕਾਂ ਤੋਂ ਮੰਗੀ ਮਦਦ
ਸਰੀ ਆਰ.ਸੀ.ਐਮ.ਪੀ. ਨੇ ਵਿਸ਼ਾਲ ਬਜਾਜ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦੀ ਉਮਰ 27 ਸਾਲ, ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 64 ਕਿਲੋ ਹੈ। ਉਸ ਦੇ ਵਾਲ ਛੋਟੇ ਅਤੇ ਅੱਖਾਂ ਭੂਰੀਆਂ ਹਨ। ਸਰੀ ਆਰ.ਸੀ.ਐਮ.ਪੀ. ਦੀ ਮੀਡੀਆ ਰਿਲੇਸ਼ਨਜ਼ ਅਫਸਰ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਮਿਸਿੰਗ ਪਰਸਨਜ਼ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ ਅਤੇ ਪੁਲਿਸ ਵੱਲੋਂ ਵਿਸ਼ਾਲ ਦੇ ਦੋਸਤਾਂ ਜਾਂ ਸਾਥੀਆਂ ਨਾਲ ਸੰਪਰਕ ਕਰ ਕੇ ਉਸ ਦਾ ਪਤਾ-ਟਿਕਾਣਾ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਵਿਸ਼ਾਲ ਬਜਾਜ ਦਾ ਪਰਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਬਾਰੇ ਬੇਹੱਦ ਚਿੰਤਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਿਸ਼ਾਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕਰਦਿਆਂ ਫਾਈਲ 2024-138453 ਦਾ ਜ਼ਿਕਰ ਕੀਤਾ ਜਾਵੇ।