ਬਰੈਂਪਟਨ ’ਚ ਭਾਰਤੀ ਨੌਜਵਾਨ ਨੇ ਕੀਤਾ ਪਿਤਾ ਦਾ ਕਤਲ
ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ
ਬਰੈਂਪਟਨ : ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਐਤਵਾਰ ਨੂੰ ਜਾਰੀ ਬਿਆਨ ਮੁਤਾਬਕ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਲੀਅਰ ਜੁਆਏ ਸਟ੍ਰੀਟ ਵਿਚ ਬਾਅਦ ਦੁਪਹਿਰ ਤਕਰੀਬਨ ਸਵਾ ਤਿੰਨ ਵਜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਹੰਗਾਮੀ ਉਪਾਅ ਕੀਤੇ ਜਾਣ ਬਾਵਜੂਦ ਉਹ ਮੌਕੇ ’ਤੇ ਹੀ ਦਮ ਤੋੜ ਗਿਆ।
ਪੀਲ ਰੀਜਨਲ ਪੁਲਿਸ ਨੇ ਜ਼ਾਹਰ ਕੀਤੀ ਸ਼ੱਕੀ ਦੀ ਪਛਾਣ
ਐਕਟਿੰਗ ਸਾਰਜੈਂਟ ਟਾਇਲਰ ਬੈਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਂਚਕਰਤਾਵਾਂ ਮੁਤਾਬਕ ਸ਼ੱਕ ਇਸੇ ਘਰ ਨਾਲ ਸਬੰਧਤ ਹੈ ਅਤੇ ਫ਼ਿਲਹਾਲ ਯਕੀਨੀ ਤੌਰ ’ਤੇ ਕਹਿਣਾ ਮੁਸ਼ਕਲ ਹੋਵੇਗਾ ਕਿ ਉਹ ਇਥੇ ਪੱਕੇ ਤੌਰ ’ਤੇ ਰਹਿ ਰਿਹਾ ਸੀ ਜਾਂ ਕਦੇ ਕਦਾਈਂ ਆਉਂਦਾ ਸੀ। ਸ਼ੱਕੀ ਦੀ ਪਛਾਣ 25 ਸਾਲ ਦੇ ਨਿਕੋਲਸ ਜਗਲਾਲ ਵਜੋਂ ਕੀਤੀ ਗਈ ਹੈ ਅਤੇ ਉਸ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਤੋਂ ਇਲਾਵਾ ਇਰਾਦਾ ਕਤਲ ਦਾ ਦੋਸ਼ ਵੀ ਲਾਇਆ ਗਿਆ ਹੈ। ਪੁਲਿਸ ਮੁਤਾਬਕ ਆਖਰੀ ਵਾਰ ਦੇਖੇ ਜਾਣ ਵੇਲੇ ਨਿਕੋਲਸ ਜਗਲਾਲ ਨੇ ਕ੍ਰਿਸਮਸ ਸਟਾਈਲ ਪਜਾਮਾ ਪੈਂਟ ਅਤੇ ਨੀਲੀ-ਗੁਲਾਬੀ ਹੂਡੀ ਵਾਲੀ ਗੂੜ੍ਹੇ ਰੰਗ ਦੀ ਜੈਕਟ ਪਹਿਨੀ ਹੋਈ ਸੀ। ਪੁਲਿਸ ਦਾ ਮੰਨਣਾ ਹੈ ਕਿ ਨਿਕੋਲਸ ਜਗਲਾਲ ਹਥਿਆਰਬੰਦ ਅਤੇ ਖ਼ਤਰਨਾਕ ਹੈ ਜਿਸ ਦੇ ਮੱਦੇਨਜ਼ਰ ਕੋਈ ਵੀ ਉਸ ਦੇ ਨੇੜੇ ਜਾਣ ਦਾ ਯਤਨ ਨਾ ਕਰੇ ਅਤੇ ਤੁਰਤ 911 ’ਤੇ ਕਾਲ ਕੀਤੀ ਜਾਵੇ।