ਕੈਨੇਡਾ ਵਿਚ ਜਾਨਲੇਵਾ ਹਾਦਸਾ, ਭਾਰਤੀ ਨੌਜਵਾਨ ਗ੍ਰਿਫ਼ਤਾਰ
ਉਨਟਾਰੀਓ ਦੇ ਹਾਈਵੇਅ 48 ’ਤੇ ਵਾਪਰੇ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿਚ ਭਾਰਤੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ
ਔਸ਼ਵਾ : ਉਨਟਾਰੀਓ ਦੇ ਹਾਈਵੇਅ 48 ’ਤੇ ਵਾਪਰੇ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿਚ ਭਾਰਤੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਵਿਚਰਚ-ਸਟੂਫਵਿਲ ਦੇ ਬੈਲਨਟ੍ਰੀ ਇਲਾਕੇ ਵਿਚ ਐਤਵਾਰ ਰਾਤ ਵਾਪਰੇ ਹਾਦਸੇ ਦੌਰਾਨ 35 ਸਾਲਾ ਸ਼ਖਸ ਦੀ ਮੌਤ ਹੋਣ ਅਤੇ ਚਾਰ ਜਣਿਆਂ ਦੇ ਜ਼ਖਮੀ ਜਿਸ ਮਗਰੋਂ 18 ਸਾਲ ਦੇ ਜੀਵਨ ਕਿਰੂਬਾਨੰਥਨ ਵਿਰੁੱਧ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਜਾਨਲੇਵਾ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫ਼ਲ ਰਹਿਣ ਦੇ ਦੋਸ਼ ਆਇਦ ਕੀਤੇ ਗਏ ਹਨ।
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕੀਤੀ ਕਾਰਵਾਈ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 3 ਅਗਸਤ ਦੀ ਰਾਤ ਤਕਰੀਬਨ 9.20 ਵਜੇ ਹਾਈਵੇਅ 48 ’ਤੇ ਸੇਂਟ ਜੌਹਨ ਸਾਈਡਰੋਡ ਅਤੇ ਬੈਲਨਟ੍ਰੀ ਕਾਮਨਜ਼ ਦਰਮਿਆਨ ਦੋ ਗੱਡੀਆਂ ਦੀ ਟੱਕਰ ਹੋਣ ਬਾਰੇ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਨਾਜ਼ੁਕ ਹਾਲਤ ਵਿਚ ਮਿਲਿਆ ਜਿਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਚਾਰ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਟੱਕਰ ਵਿਚ ਸ਼ਾਮਲ ਦੂਜੀ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਮਗਰੋਂ ਯਾਰਕ ਰੀਜਨਲ ਪੁਲਿਸ ਤੋਂ ਮਦਦ ਲੈਂਦਿਆਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਨਿਊ ਮਾਰਕਿਟ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ 8 ਅਗਸਤ ਨੂੰ ਹੋਣ ਵਾਲੀ ਪੇਸ਼ੀ ਤੱਕ ਜੀਵਨ ਕਿਰੂਬਾਨੰਥਨ ਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਕੋਈ ਡੈਸ਼ਕੈਮ ਫੁਟੇਜ ਜਾਂ ਹੋਰ ਜਾਣਕਾਰੀ ਹੋਵੇ ਤਾਂ ਉਹ 1888 310 1122 ’ਤੇ ਕਾਲ ਕਰ ਸਕਦਾ ਹੈ।
ਬੀ.ਸੀ. ਦੇ ਲੈਂਗਲੀ ਵਿਖੇ ਟਰੱਕ ਨੇ ਮੋਟਰਸਾਈਕਲ ਸਵਾਰ ਦਰੜਿਆ
ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਬੀ.ਸੀ. ਦੇ ਲੈਂਗਲੀ ਵਿਖੇ ਹਾਈਵੇਅ 1 ’ਤੇ ਇਕ ਟਰੱਕ ਨਾਲ ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਪੱਛਮ ਵੱਲ ਜਾ ਰਹੀਆਂ ਲੇਨਜ਼ ਨੂੰ 264ਵੀਂ ਸਟ੍ਰੀਟ ਤੇ 248ਵੀਂ ਸਟ੍ਰੀਟ ਦਰਮਿਆਨ ਅੱਠ ਘੰਟੇ ਬੰਦ ਰੱਖਣਾ ਪਿਆ। ਪੁਲਿਸ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।