ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਮੁਟਿਆਰ ਦੀ ਮੌਤ

ਕੈਨੇਡਾ ਦੇ ਪੈਰੀ ਸਾਊਂਡ ਇਲਾਕੇ ਵਿਚ ਹਾਈਵੇਅ 400 ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਮੁਟਿਆਰ ਦੀ ਮੌਤ ਹੋ ਗਈ।;

Update: 2024-08-20 12:15 GMT

ਬਰੈਂਪਟਨ : ਕੈਨੇਡਾ ਦੇ ਪੈਰੀ ਸਾਊਂਡ ਇਲਾਕੇ ਵਿਚ ਹਾਈਵੇਅ 400 ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਮੁਟਿਆਰ ਦੀ ਮੌਤ ਹੋ ਗਈ। ਸਟੱਡੀ ਵੀਜ਼ਾ ’ਤੇ ਕੈਨੇਡਾ ਆਈ ਮੁਸਕਾਨ ਬੱਤਰਾ ਆਪਣੇ ਦੋਸਤਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਬਰੈਂਪਟਨ ਆ ਰਹੀ ਸੀ ਜਦੋਂ ਹਾਦਸਾ ਵਾਪਰਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸੇ ਦੌਰਾਨ ਇਕ ਹੋਰ ਸ਼ਖਸ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਸਕਾਨ ਬੱਤਰਾ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਅਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਚਿਤਵਨ ਅਰੋੜਾ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਮੁਸਕਾਨ ਦੇ ਮਾਪਿਆਂ ਨੇ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ। ਮੁਸਕਾਨ ਦੇ ਮਾਪਿਆਂ ਨੂੰ ਜਦੋਂ ਤਰਾਸਦੀ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਪਹਿਲੀ ਵਾਰ ਯਕੀਨ ਹੀ ਨਾ ਹੋਇਆ। ਗੋਫੰਡਮੀ ਪੇਜ ਰਾਹੀਂ ਮੁਸਕਾਨ ਬੱਤਰਾ ਦੇ ਮਾਪਿਆਂ ਦੀ ਮਦਦ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ।

ਰੱਖੜੀ ਦਾ ਤਿਉਹਾਰ ਮਨਾਉਣ ਬਰੈਂਪਟਨ ਆ ਰਹੀ ਸੀ ਮੁਸਕਾਨ ਬੱਤਰਾ

ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੈਨੇਡਾ ਅਤੇ ਅਮਰੀਕਾ ਵਿਚ ਸੜਕ ਹਾਦਸਿਆਂ ਦੌਰਾਨ ਕਈ ਭਾਰਤੀ ਨੌਜਵਾਨਾਂ ਦੀ ਜਾਨ ਗਈ। 9 ਅਗਸਤ ਨੂੰ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ ਵਾਪਰੇ ਟਰੱਕ ਹਾਦਸੇ ਦੌਰਾਨ ਤੇਜਬੀਰ ਸਿੰਘ ਬਾਠ ਦਮ ਤੋੜ ਗਿਆ ਜੋ ਸਿਰਫ਼ ਦੋ ਸਾਲ ਪਹਿਲਾਂ ਹੀ ਕੈਨੇਡਾ ਪੁੱਜਾ ਸੀ ਅਤੇ ਟ੍ਰਕਿੰਗ ਸੈਕਟਰ ਵੱਲ ਚਲਾ ਗਿਆ। ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਫਰਿਜ਼ਨੋ ਸ਼ਹਿਰ ਵਿਚ ਰਹਿੰਦੇ 19 ਸਾਲ ਦੀ ਵਿਸ਼ਵਦੀਪ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਫਰਿਜ਼ਨੋ ਕਾਊਂਟੀ ਵਿਚ ਹਾਈਵੇਅ 180 ’ਤੇ ਵਾਪਰੇ ਹਾਦਸੇ ਦੌਰਾਨ ਵਿਸ਼ਵਦੀਪ ਸਿੰਘ ਆਪਣੇ ਦੋ ਸਾਥੀਆਂ ਨਾਲ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਮੋੜ ਮੁੜਦਿਆਂ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿਤੀ। 19 ਸਾਲ ਦੇ ਵਿਸ਼ਵਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਬੀ.ਸੀ. ਦੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮਨਵਿੰਦਰ ਸਿੰਘ ਦਮ ਤੋੜ ਗਿਆ ਜੋ ਸਿਰਫ 8 ਮਹੀਨੇ ਪਹਿਲਾਂ ਹੀ ਕੈਨੇਡਾ ਪੁੱਜਾ ਸੀ। ਮਨਵਿੰਦਰ ਸਿੰਘ ਦੀ ਭੈਣ ਚਮਨਦੀਪ ਕੌਰ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਪੰਜ ਮਹੀਨੇ ਪਹਿਲਾਂ ਉਨ੍ਹਾਂ ਦੇ ਪਿਤਾ ਇਸ ਦੁਨੀਆਂ ਤੋਂ ਚਲੇ ਗਏ ਅਤੇ ਹੁਣ ਭਰਾ ਨੇ ਵੀ ਸਦੀਵੀ ਵਿਛੋੜਾ ਦੇ ਦਿਤਾ। ਮਨਵਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।

Tags:    

Similar News