ਬੀ.ਸੀ. ਵਿਚ ਬੁਰਾ ਫਸਿਆ ਭਾਰਤੀ ਊਬਰ ਡਰਾਈਵਰ
ਕੈਨੇਡਾ ਵਿਚ ਭਾਰਤੀ ਟੈਕਸੀ ਡਰਾਈਵਰ ਬੁਰਾ ਫਸ ਗਿਆ ਜਿਸ ਨੂੰ ਫੋਨ ’ਤੇ ਆਰਡਰ ਪ੍ਰਵਾਨ ਕਰਨ ਦੇ ਦੋਸ਼ ਹੇਠ 368 ਡਾਲਰ ਦਾ ਜੁਰਮਾਨਾ ਕਰ ਦਿਤਾ ਗਿਆ।;
ਵੈਨਕੂਵਰ : ਕੈਨੇਡਾ ਵਿਚ ਭਾਰਤੀ ਟੈਕਸੀ ਡਰਾਈਵਰ ਬੁਰਾ ਫਸ ਗਿਆ ਜਿਸ ਨੂੰ ਫੋਨ ’ਤੇ ਆਰਡਰ ਪ੍ਰਵਾਨ ਕਰਨ ਦੇ ਦੋਸ਼ ਹੇਠ 368 ਡਾਲਰ ਦਾ ਜੁਰਮਾਨਾ ਕਰ ਦਿਤਾ ਗਿਆ। ਵਾਸੂ ਵਿਰਦਾ ਨੇ ਚਲਾਨ ਵਿਰੁੱਧ ਅਪੀਲ ਦਾਇਰ ਕੀਤੀ ਤਾਂ ਹੇਠਲੀ ਅਦਾਲਤ ਨੇ ਫੈਸਲਾ ਉਸ ਦੇ ਹੱਕ ਵਿਚ ਸੁਣਾ ਦਿਤਾ ਪਰ ਬੀ.ਸੀ. ਦੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਬਦਲ ਦਿਤਾ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ 31 ਜੁਲਾਈ 2024 ਨੂੰ ਵਾਸੂ ਵੈਨਕੂਵਰ ਵਿਖੇ ਇਕ ਲਾਲ ਬੱਤੀ ’ਤੇ ਖੜ੍ਹਾ ਸੀ ਕਿ ਇਸੇ ਦੌਰਾਨ ਫੂਡ ਡਿਲੀਵਰੀ ਦਾ ਆਰਡਰ ਆ ਗਿਆ। ਵਾਸੂ ਨੇ ਆਰਡਰ ਪ੍ਰਵਾਨ ਕਰ ਲਿਆ ਪਰ ਇਕ ਪੁਲਿਸ ਅਫ਼ਸਰ ਨੇ ਉਸ ਨੂੰ ਅਜਿਹਾ ਕਰਦਿਆਂ ਦੇਖਿਆ ਅਤੇ ਮੋਟਰ ਵ੍ਹੀਕਲ ਐਕਟ ਅਧੀਨ ਟਿਕਟ ਦੇ ਦਿਤੀ।
ਹੇਠਲੀ ਅਦਾਲਤ ਨੇ ਬਰੀ ਕੀਤਾ, ਸੁਪਰੀਮ ਕੋਰਟ ਨੇ ਦੋਸ਼ੀ ਠਹਿਰਾਇਆ
ਵਾਸੂ ਨੇ 368 ਡਾਲਰ ਦੇ ਚਲਾਨ ਵਿਰੁੱਧ ਅਪੀਲ ਕੀਤੀ ਅਤੇ ਸਤੰਬਰ ਵਿਚ ਫੈਸਲਾ ਉਸ ਦੇ ਹੱਕ ਵਿਚ ਆ ਗਿਆ ਪਰ ਕ੍ਰਾਊਨ ਵੱਲੋਂ ਪ੍ਰੋਵਿਨਸ਼ੀਅਲ ਕੋਰਟ ਦੇ ਫੈਸਲੇ ਨੂੰ ਬੀ.ਸੀ. ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿਤੀ ਗਈ ਜਿਥੇ ਮਾਮਲਾ ਬਿਲਕੁਲ ਪੁੱਠਾ ਹੋ ਗਿਆ। ਨਿਯਮਾਂ ਮੁਤਾਬਕ ਡਰਾਈਵਿੰਗ ਦੌਰਾਨ ਫੋਨ ਦੀ ਸਕ੍ਰੀਨ ਨੂੰ ਸਿਰਫ਼ ਇਕ ਵਾਰ ਛੋਹਿਆ ਜਾ ਸਕਦਾ ਹੈ ਜੋ ਕਾਲ ਨੂੰ ਬੰਦ ਕਰਨ ਜਾਂ ਪ੍ਰਵਾਨ ਕਰਨ ਲਈ ਕੀਤੀ ਪ੍ਰਕਿਰਿਆ ਹੋ ਸਕਦੀ ਹੈ ਪਰ ਬੀ.ਸੀ. ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਵਾਸੂ ਨੇ ਆਪਣਾ ਕੰਮ ਕਰਦਿਆਂ ਆਰਡਰ ਪ੍ਰਵਾਨ ਕੀਤਾ ਅਤੇ ਕਾਨੂੰਨ ਮੁਤਾਬਕ ਇਹ ਸਹੀ ਨਹੀਂ। ਉਧਰ ਵਾਸੂ ਨੇ ਦਲੀਲ ਦਿਤੀ ਕਿ ਐਮਾਜ਼ੌਨ ਕੁਰੀਅਰ ਵਾਲੇ ਜਾਂ ਹੋਰ ਕਈ ਡਰਾਈਵਰ ਅਜਿਹਾ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਕੰਮ ਦਾ ਹਿੱਸਾ ਹੈ ਜਿਸ ਨੂੰ ਵੇਖਦਿਆਂ ਕਾਨੂੰਨ ਵਿਚ ਤਬਦੀਲੀਆਂ ਕੀਤੇ ਜਾਣ ਦੀ ਜ਼ਰੂਰਤ ਹੈ।