ਕੈਨੇਡਾ ’ਚ ਭਾਰਤੀ ਟੋਅ ਟਰੱਕ ਡਰਾਈਵਰਾਂ ਦੀ ਜਾਨ ਨੂੰ ਖਤਰਾ
ਕੈਨੇਡਾ ਦੇ ਟੋਅ ਟਰੱਕ ਡਰਾਈਵਰ ਇਕ-ਦੂਜੇ ਨਾਲ ਦੁਸ਼ਮਣੀ ਕੱਢਣ ਦਾ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ ਅਤੇ ਇਸ ਕਿੱਤੇ ਵਿਚ ਲੱਗੇ ਭਾਰਤੀਆਂ ਦੀ ਜਾਨ ਉਤੇ ਖਤਰਾ ਮੰਡਰਾਅ ਰਿਹਾ ਹੈ।;
ਟੋਰਾਂਟੋ : ਕੈਨੇਡਾ ਦੇ ਟੋਅ ਟਰੱਕ ਡਰਾਈਵਰ ਇਕ-ਦੂਜੇ ਨਾਲ ਦੁਸ਼ਮਣੀ ਕੱਢਣ ਦਾ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ ਅਤੇ ਇਸ ਕਿੱਤੇ ਵਿਚ ਲੱਗੇ ਭਾਰਤੀਆਂ ਦੀ ਜਾਨ ਉਤੇ ਖਤਰਾ ਮੰਡਰਾਅ ਰਿਹਾ ਹੈ। 2025 ਵਿਚ ਟੋਅ ਟਰੱਕ ਡਰਾਈਵਰਾਂ ’ਤੇ ਗੋਲੀਆਂ ਚਲਾਉਣ ਦੀਆਂ 13 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿਚੋਂ 2 ਪਿਛਲੇ 24 ਘੰਟੇ ਦੌਰਾਨ ਸਾਹਮਣੇ ਆਈਆਂ। ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਟੋਅ ਟਰੱਕ ਡਰਾਈਵਰਾਂ ’ਤੇ ਚੱਲ ਰਹੀਆਂ ਗੋਲੀਆਂ ਬਾਰੇ ਪੁਲਿਸ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਗੋਲੀਬਾਰੀ ਦੀ ਤਾਜ਼ਾ ਵਾਰਦਾਤ ਦੇ ਚਸ਼ਮਦੀਦ ਅਰਜੁਨ ਰਾਜੀਵ ਨੇ ਦੱਸਿਆ ਕਿ ਇਕ ਟੋਅ ਟਰੱਕ ਡਰਾਈਵਰ ਆਪਣੀ ਜਾਨ ਬਚਾਉਣ ਲਈ ਦੌੜ ਰਿਹਾ ਸੀ ਜਿਸ ਦੀ ਪਿੱਠ ’ਤੇ ਗੋਲੀ ਮਾਰ ਦਿਤੀ ਗਈ ਅਤੇ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ। ਰਾਜੀਵ ਨੇ ਟੋਰਾਂਟੋ ਦੇ ਗੈਸ ਸਟੇਸ਼ਨ ’ਤੇ ਆਪਣੀ ਸ਼ਿਫ਼ਟ ਖਤਮ ਹੀ ਕੀਤੀ ਸੀ ਕਿ ਗੋਲੀਆਂ ਚੱਲ ਗਈਆਂ। ਉਹ ਪੀੜਤ ਦੀ ਮਦਦ ਵਾਸਤੇ ਅੱਗੇ ਵਧਿਆ ਜੋ ਜ਼ਖਮੀ ਹਾਲਤ ਵਿਚ 911 ’ਤੇ ਕਾਲ ਕਰਨ ਦੀ ਦੁਹਾਈ ਦੇ ਰਿਹਾ ਸੀ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਰਾਜੀਵ ਨੇ ਦੱਸਿਆ ਕਿ ਦੋ ਸ਼ੱਕੀ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਫਰਾਰ ਹੋ ਗਏ। ਟੋਰਾਂਟੋ ਪੁਲਿਸ ਅੱਗੇ ਪਿੱਛੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਫਿਲਹਾਲ ਆਪਸ ਵਿਚ ਜੋੜ ਕੇ ਨਹੀਂ ਦੇਖ ਰਹੀ। ਜਨਵਰੀ ਮਹੀਨੇ ਦੌਰਾਨ ਵੀ ਸਕਾਰਬ੍ਰੋਅ ਵਿਖੇ 24 ਘੰਟੇ ਦੇ ਅੰਦਰ ਤਿੰਨ ਟੋਅ ਟਰੱਕ ਡਰਾਈਵਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇਕ ਪੀੜਤ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁਲਟ ਪਰੂਫ ਜੈਕਟ ਨਾ ਪਾਈ ਹੁੰਦੀ ਤਾਂ ਉਸ ਦਾ ਭਰਾ ਅੱਜ ਜਿਊਂਦਾ ਨਾ ਹੁੰਦਾ।
2025 ਵਿਚ ਗੋਲੀਬਾਰੀ ਦੀਆਂ 13 ਵਾਰਦਾਤਾਂ ਆਈਆਂ ਸਾਹਮਣੇ
ਉਧਰ ਉਨਟਾਰੀਓ ਦੀ ਪ੍ਰੋਫੈਸ਼ਨਲ ਟੋਅਇੰਗ ਐਸੋਸੀਏਸ਼ਨ ਦੇ ਪ੍ਰਧਾਨ ਗੈਰੀ ਵੈਂਡਲਹਿਊਵਲ ਨੇ ਕਿਹਾ ਕਿ ਕੁਝ ਨਾ ਕੁਝ ਤਾਂ ਜ਼ਰੂਰ ਗਲਤ ਹੈ ਜੋ ਗੋਲੀਆਂ ਚੱਲਣ ਦਾ ਕਾਰਨ ਬਣ ਰਿਹਾ ਹੈ। ਹੁਣ ਟੋਅ ਟਰੱਕ ਡਰਾਈਵਰ ਬੁਲਟ ਪਰੂਫ ਜੈਕਟ ਪਾ ਕੇ ਕੰਮ ’ਤੇ ਜਾਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿਰਫ਼ ਟੋਅ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ, ਸਗੋਂ ਗਾਹਕਾਂ ’ਤੇ ਵੀ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਕ ਟੋਅ ਟਰੱਕ ਡਰਾਈਵਰ 500 ਡਾਲਰ ਤੋਂ ਇਕ ਹਜ਼ਾਰ ਡਾਲਰ ਦਾ ਕਿਰਾਇਆ ਲੈਂਦਾ ਹੈ ਪਰ ਐਨੀ ਰਕਮ ਪਿੱਛੇ ਕਿਸੇ ਨੂੰ ਜਾਨੋ ਮਾਰਨ ਦਾ ਯਤਨ ਸਾਡੀ ਸਮਝ ਤੋਂ ਬਾਹਰ ਹੈ। ਟੋਰਾਂਟੋ ਦੇ ਲੋਕ ਸੁਰੱਖਿਆ ਮਾਹਰ ਕ੍ਰਿਸ ਲੂਇਸ ਨੇ ਕਿਹਾ ਕਿ ਟੋਇੰਗ ਇੰਡਸਟਰੀ ਵਿਚ ਬੰਦੂਕ ਹਿੰਸਾ ਸਿਖਰਾਂ ’ਤੇ ਪੁੱਜਦੀ ਮਹਿਸੂਸ ਹੋ ਰਿਹੀ ਹੈ ਜਿਸ ਦਾ ਮੁੱਖ ਕਾਰਨ ਇਥੇ ਹੋਣ ਵਾਲੀ ਕਮਾਈ ਹੈ ਅਤੇ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੋਣ ਕਾਰਨ ਟਕਰਾਅ ਵਧ ਰਹੇ ਹਨ। ਸੂਬਾ ਸਰਕਾਰ ਵੱਲੋਂ ਟੋਇੰਗ ਇੰਡਸਟਰੀ ਨੂੰ ਨੇਮਬੱਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਿੰਸਾ ਨੂੰ ਕੰਟਰੋਲ ਕਰਨਾ ਸੌਖਾ ਨਹੀਂ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੱਛਮੀ ਇਲਾਕੇ ਵਿਚ ਗੋਲੀਬਾਰੀ ਦਾ ਨਿਸ਼ਾਨਾ ਬਣੇ 50-55 ਸਾਲ ਦੇ ਸ਼ਖਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ 20-25 ਸਾਲ ਦੇ ਡਰਾਈਵਰ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।