ਟੋਰਾਂਟੋ ਦੀ ਟੋਅ ਟਰੱਕ ਜੰਗ ਵਿਚ ਭਾਰਤੀ ਦਾ ਕਤਲ, 3 ਗ੍ਰਿਫ਼ਤਾਰ
ਭਾਰਤੀ ਮੂਲ ਦੇ ਟੋਅ ਟਰੱਕ ਡਰਾਈਵਰ ਦੀ ਹੱਤਿਆ ਦੇ ਮਾਮਲੇ ਵਿਚ ਟੋਰਾਂਟੋ ਪੁਲਿਸ ਵੱਲੋਂ ਦੋ ਅੱਲ੍ਹੜਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।;
ਟੋਰਾਂਟੋ : ਭਾਰਤੀ ਮੂਲ ਦੇ ਟੋਅ ਟਰੱਕ ਡਰਾਈਵਰ ਦੀ ਹੱਤਿਆ ਦੇ ਮਾਮਲੇ ਵਿਚ ਟੋਰਾਂਟੋ ਪੁਲਿਸ ਵੱਲੋਂ ਦੋ ਅੱਲ੍ਹੜਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੋਅ ਟਰੱਕ ਕਾਰੋਬਾਰ ’ਤੇ ਕਾਬਜ਼ ਹੋਣ ਲਈ ਸਾਊਥ ਏਸ਼ੀਅਨਜ਼ ਅਤੇ ਹੋਰਨਾਂ ਵਿਚਾਲੇ ਚੱਲ ਰਹੀ ਜੰਗ ਦੌਰਾਨ ਗੋਲੀਬਾਰੀ ਦੀਆਂ ਇਕ ਦਰਜਨ ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ ਜਦਕਿ ਕਈ ਟੋਅ ਟਰੱਕ ਅੱਗ ਲਾ ਕੇ ਫੂਕ ਦਿਤੇ ਗਏ। ਟੋਰਾਂਟੋ ਪੁਲਿਸ ਦੇ ਮੁਖੀ ਮਾਇਰਨ ਡਿਮਕਿਊ ਨੇ ‘ਪ੍ਰੋਜੈਕਟ ਬੀਕਨ’ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਚਾਰ ਜਣਿਆਂ ਵਿਰੁੱਧ 177 ਦੋਸ਼ ਆਇਦ ਕੀਤੇ ਗਏ ਹਨ। ਮਈ ਤੋਂ ਜੁਲਾਈ ਦੌਰਾਨ ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਗੋਲੀਬਾਰੀ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਦੌਰਾਨ ਇਕ ਜਣੇ ਦੀ ਮੌਤ ਹੋਈ ਜਿਸ ਦੀ ਸ਼ਨਾਖਤ ਪਿਕਰਿੰਗ ਨਾਲ ਸਬੰਧਤ 28 ਸਾਲ ਦੇ ਸੁਲਕਸ਼ਣ ਸੇਲਵਾਸਿੰਗਮ ਵਜੋਂ ਕੀਤੀ ਗਈ। ਔਸ਼ਵਾ ਅਤੇ ਸਟੂਫਵਿਲ ਤੋਂ ਗ੍ਰਿਫ਼ਤਾਰ ਕੀਤੇ ਅੱਲ੍ਹੜਾਂ ਦੀ ਉਮਰ ਸਿਰਫ 15 ਸਾਲ ਅਤੇ 16 ਸਾਲ ਦੱਸੀ ਜਾ ਰਹੀ ਹੈ।
‘ਪ੍ਰੋਜੈਕਟ ਬੀਕਨ’ ਅਧੀਨ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਇਨ੍ਹਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਤੋਂ ਇਲਾਵਾ 154 ਦੋਸ਼ ਵੱਖਰੇ ਤੌਰ ’ਤੇ ਆਇਦ ਕੀਤੇ ਗਏ ਹਨ। ਨਾਬਾਲਗ ਹੋਣ ਕਾਰਨ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਮਾਇਰਨ ਡਿਮਕਿਊ ਦਾ ਕਹਿਣਾ ਸੀ ਕਿ ਗੋਲੀਬਾਰੀ ਦੀਆਂ ਕੁਲ ਵਾਰਦਾਤਾਂ ਵਿਚੋਂ 14 ਫੀ ਸਦੀ ਟੋਅ ਟਰੱਕ ਇੰਡਸਟੀਰੀ ਨਾਲ ਸਬੰਧਤ ਮਹਿਸੂਸ ਹੋ ਰਹੀਆਂ ਹਨ। ਪ੍ਰੌਜੈਕਟ ਬੀਕਨ ਅਧੀਨ ਡੂੰਘਾਈ ਨਾਲ ਪੜਤਾਲ ਕਰਦਿਆਂ ਪੁਲਿਸ ਨੇ ਕਈ ਵਾਰਦਾਤਾਂ ਇਕ-ਦੂਜੇ ਨਾਲ ਸਬੰਧਤ ਮਹਿਸੂਸ ਕੀਤੀਆਂ। ਮਈ ਵਿਚ ਸਕਾਰਬ੍ਰੋਅ ਦੇ ਸਟੀਲਜ਼ ਐਵੇਨਿਊ ਈਸਟ ਅਤੇ ਮਾਰਖਮ ਰੋਡ ਇਲਾਕੇ ਵਿਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਅਤੇ ਇਕ ਗੂੜ੍ਹੇ ਰੰਗ ਦੀ ਗੱਡੀ ਵਿਚੋਂ ਦੋ ਟੋਅ ਟਰੱਕ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਗੋਲੀਬਾਰੀ ਦੇ ਸ਼ੱਕੀ ਦੀ ਜਲਦ ਹੀ ਸ਼ਨਾਖਤ ਹੋ ਗਈ ਜਿਸ ਦੀ ਉਮਰ 17 ਸਾਲ ਸੀ। ਇਸ ਮਗਰੋਂ ਪੁਲਿਸ ਨੇ ਔਸ਼ਵਾ ਦੇ 33 ਸਾਲਾ ਜਮਾਲ ਸਈਅਦ ਵਾਇਜ਼ੀ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕਰ ਦਿਤੇ। ਟੋਰਾਂਟੋ ਪੁਲਿਸ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ 1 ਜਨਵਰੀ ਤੋਂ ਟੋਅ ਟਰੱਕ ਇੰਡਸਟਰੀ ਨਾਲ ਸਬੰਧਤ ਗੋਲੀਬਾਰੀ ਦੀਆਂ 43 ਵਾਰਦਾਤਾਂ ਹੋ ਚੁੱਕੀਆਂ ਹਨ। ਪਿਛਲੇ ਮਹੀਨੇ ਕੈਨੇਡਾ ਡੇਅ ਦੇ ਲੌਂਗ ਵੀਕਐਂਡ ਦੌਰਾਨ ਸਿਰਫ 48 ਘੰਟੇ ਵਿਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਗੋਲੀਆਂ ਚੱਲੀਆਂ ਜਿਸ ਮਗਰੋਂ ਟੋਰਾਂਟੋ ਪੁਲਿਸ ਦੇ ਮੁਖੀ ਵੱਲੋਂ ਟੋਅ ਟਰੱਕ ਹਿੰਸਾ ਨੂੰ ਹਰ ਹੀਲ ਠੱਲ੍ਹ ਪਾਉਣ ਦਾ ਐਲਾਨ ਕੀਤਾ ਗਿਆ। ਟੋਅ ਟਰੰਕ ਇੰਡਸਟਰੀ ਜਿੰਨੀ ਹਿੰਸਾ ਕਿਸੇ ਵੀ ਖੇਤਰ ਵਿਚ ਦੇਖਣ ਨੂੰ ਨਹੀਂ ਮਿਲਦੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਆਮ ਲੋਕਾਂ ਦੀ ਜਾਨ ਦਾ ਖੌਅ ਵੀ ਬਣ ਰਹੀਆਂ ਹਨ।