ਬੀ.ਸੀ. ਵਿਚ ਭਾਰਤੀ ਪਰਵਾਰ ਦੇ ਘਰ ’ਤੇ ਚੱਲੀਆਂ ਗੋਲੀਆਂ
ਬੀ.ਸੀ. ਦੇ ਐਬਸਫੋਰਡ ਵਿਖੇ ਭਾਰਤੀ ਪਰਵਾਰ ਦੇ ਘਰ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਬਸਫੋਰਡ : ਬੀ.ਸੀ. ਦੇ ਐਬਸਫੋਰਡ ਵਿਖੇ ਭਾਰਤੀ ਪਰਵਾਰ ਦੇ ਘਰ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲਾਵਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਗੋਲੀਆਂ ਨਾਲ ਵਿੰਨ੍ਹ ਦਿਤੀ ਪਰ ਖੁਸ਼ਕਿਸਮਤੀ ਨਾਲ ਘਰ ਅੰਦਰ ਮੌਜੂਦ ਕੋਈ ਜੀਅ ਜ਼ਖਮੀ ਨਹੀਂ ਹੋਇਆ। ਸਾਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਪੁਲਿਸ ਨੂੰ ਹੋਲੀ ਸਟ੍ਰੀਟ ਦੇ 2100 ਬਲਾਕ ਵਿਚ ਸੱਦਿਆ ਗਿਆ ਸੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਘਰ ਦੀਆਂ ਕੰਧਾਂ ’ਤੇ ਵੀ ਗੋਲੀਆਂ ਲੱਗਣ ਦੇ ਕਈ ਨਿਸ਼ਾਨ ਮਿਲੇ। ਗੋਲੀਬਾਰੀ ਦੀ ਵਾਰਦਾਤ ਅਜਿਹੇ ਸਮੇਂ ਵਾਪਰੀ ਜਦੋਂ ਇਲਾਕੇ ਦੇ ਐਲੀਮੈਂਟਰੀ ਸਕੂਲਾਂ ਵਿਚ ਬੱਚੇ ਜਾ ਰਹੇ ਹੁੰਦੇ ਹਨ।
ਪੁਲਿਸ ਨੇ 2 ਸ਼ੱਕੀਆਂ ਨੂੰ ਕੀਤਾ ਕਾਬੂ, ਤੀਜਾ ਫ਼ਰਾਰ
ਪੌਲ ਵਾਕਰ ਨੇ ਕਿਹਾ ਕਿ ਅਜਿਹੇ ਖਤਰਨਾਕ ਹਾਲਾਤ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਧਰ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਾਲ ਰੰਗ ਦੀ ਗੱਡੀ ਵਿਚ ਸਵਾਰ ਸ਼ੱਕੀਆਂ ਨੂੰ ਫ਼ਰਾਰ ਹੁੰਦਿਆਂ ਦੇਖਿਆ। ਇਸ ਤੋਂ ਕੁਝ ਦੇਰ ਬਾਅਦ ਇਕ ਲਾਲ ਰੰਗ ਦੀ ਗੱਡੀ ਹਾਈਵੇਅ 1 ’ਤੇ ਸੜਦੀ ਹੋਈ ਮਿਲੀ ਅਤੇ ਦੋ ਸ਼ੱਕੀਆਂ ਨੂੰ ਨੇੜੇ ਹੀ ਖੇਤਾਂ ਵਿਚੋਂ ਕਾਬੂ ਕਰ ਲਿਆ ਗਿਆ। ਫਿਲਹਾਲ ਤੀਜਾ ਸ਼ੱਕੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸ ਨੂੰ ਹਾਈਵੇਅ 1 ਤੇ ਬਰੈਡਨਰ ਰੋਡ ਇਲਾਕੇ ਵਿਚ ਦੇਖਿਆ ਗਿਆ।
ਘਰ ਦੇ ਬਾਹਰ ਖੜ੍ਹੀ ਗੱਡੀ ਗੋਲੀਆਂ ਨਾਲ ਵਿੰਨ੍ਹੀ
ਪੁਲਿਸ ਇਸ ਵਾਰਦਾਤ ਨੂੰ ਟਾਰਗੈਟਡ ਸ਼ੂਟਿੰਗ ਮੰਨ ਰਹੀ ਹੈ। ਐਬਸਫੋਰਡ ਦੇ ਮੇਅਰ ਰੌਸ ਸੀਮਨਜ਼ ਨੇ ਕਿਹਾ ਕਿ ਸਵੇਰੇ ਸਵੇਰੇ ਗੋਲੀਬਾਰੀ ਦੀ ਵਾਰਦਾਤ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ। ਇਥੇ ਦਸਣਾ ਬਣਦਾ ਹੈ ਕਿ ਬਰੈਂਪਟਨ ਵਿਖੇ ਇਕ ਘਰ ਦੇ ਬਾਹਰ ਹੋਈ ਗੋਲੀਬਾਰੀ ਦੌਰਾਨ ਇਕ ਜਣਾ ਮਾਰਿਆ ਗਿਆ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।