ਕੈਨੇਡਾ ਵਿਚ ਭਾਰਤੀ ਪਰਵਾਰ ਦੇ ਘਰ ’ਤੇ ਡਾਕਾ, 2 ਜ਼ਖਮੀ
ਹਥੌੜਿਆਂ ਨਾਲ ਲੈਸ ਕਈ ਸ਼ੱਕੀ ਸ਼ੁੱਕਰਵਾਰ ਵੱਡੇ ਤੜਕੇ ਸਕਾਰਬ੍ਰੋਅ ਦੇ ਇਕ ਘਰ ਵਿਚ ਦਾਖਲ ਹੋਏ ਅਤੇ ਪਰਵਾਰ ਦੇ 2 ਮੈਂਬਰਾਂ ਨੂੰ ਜ਼ਖਮੀ ਕਰਦਿਆਂ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ।;

ਟੋਰਾਂਟੋ : ਹਥੌੜਿਆਂ ਨਾਲ ਲੈਸ ਕਈ ਸ਼ੱਕੀ ਸ਼ੁੱਕਰਵਾਰ ਵੱਡੇ ਤੜਕੇ ਸਕਾਰਬ੍ਰੋਅ ਦੇ ਇਕ ਘਰ ਵਿਚ ਦਾਖਲ ਹੋਏ ਅਤੇ ਪਰਵਾਰ ਦੇ 2 ਮੈਂਬਰਾਂ ਨੂੰ ਜ਼ਖਮੀ ਕਰਦਿਆਂ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਫਿੰਚ ਐਵੇਨਿਊ ਈਸਟ ਅਤੇ ਮਕੌਵਨ ਰੋਡ ਇਲਾਕੇ ਵਿਚ ਪਏ ਡਾਕੇ ਮਗਰੋਂ ਤਕਰੀਬਨ ਸਵਾ ਦੋ ਵਜੇ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ। ਡਕੈਤਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਜੋ ਘਰ ਦਾ ਪਿਛਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਵੱਜੀਆਂ। ਸ਼ੱਕੀਆਂ ਦੀ ਉਮਰ 20 ਸਾਲ ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਇਕ ਭਾਰਤੀ ਬੋਲੀ ਵਿਚ ਗੱਲ ਕਰ ਰਿਹਾ ਸੀ।
ਗਹਿਣੇ ਅਤੇ ਨਕਦੀ ਲੈ ਗਏ ਲੁਟੇਰੇ
ਉਧਰ ਪੀੜਤ ਪਰਵਾਰ ਦੇ ਇਕ ਗੁਆਂਢੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਕੋਈ ਆਵਾਜ਼ ਨਹੀਂ ਸੁਣੀ ਪਰ ਸਵੇਰੇ ਵਾਰਦਾਤ ਬਾਰੇ ਪਤਾ ਲੱਗਾ ਤਾਂ ਕੰਬਣੀ ਛਿੜ ਗਈ। ਦੂਜੇ ਪਾਸੇ ਸਕਾਰਬ੍ਰੋਅ ਵਿਖੇ ਤਿੰਨ ਗੱਡੀਆਂ ਨੂੰ ਅੱਗ ਲਾਉਣ ਦੇ ਮਾਮਲੇ ਵਿਚ 25 ਸਾਲ ਦੇ ਰਾਜੇਸ਼ ਚੌਧਰੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਬੈਲਮੀ ਰੋਡ ਅਤੇ ਨੈਲਸਨ ਸਟ੍ਰੀਟ ਇਲਾਕੇ ਵਿਚ ਸ਼ੱਕੀ ਨੂੰ ਇਕ ਮਰਸਡੀਜ਼ ਬੈਂਜ਼ ਐਸ.ਯੂ.ਵੀ. ਵੱਲ ਜਾਂਦਿਆਂ ਦੇਖਿਆ ਗਿਆ। ਇਸ ਮਗਰੋਂ ਸ਼ੱਕੀ ਨੇ ਗੱਡੀ ਦੇ ਪਿੱਛੇ ਕੋਈ ਚੀਜ਼ ਰੱਖੀ ਅਤੇ ਅੱਗ ਲਾ ਦਿਤੀ। ਸ਼ੱਕੀ ਨੇ ਦੋ ਹੋਰ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਅਤੇ ਫਰਾਰ ਹੋ ਗਿਆ।
ਗੱਡੀਆਂ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਰਾਜੇਸ਼ ਚੌਧਰੀ ਗ੍ਰਿਫ਼ਤਾਰ
ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੁਲਿਸ ਵੱਲੋਂ ਟੋਰਾਂਟੋ ਵਿਖੇ ਛਾਪਾ ਮਾਰ ਕੇ ਰਾਜੇਸ਼ ਚੌਧਰੀ ਨੂੰ ਹਿਰਾਸਤ ਵਿਚ ਲਿਆ ਗਿਆ। ਰਾਜੇਸ਼ ਚੌਧਰੀ ਵਿਰੁੱਧ ਅਗਜ਼ਨੀ ਦੇ 10 ਦੋਸ਼ ਆਇਦ ਕੀਤੇ ਗਏ ਹਨ ਅਤੇ ਫਿਲਹਾਲ ਇਹ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਅਗਜ਼ਨੀ ਦੀਆਂ ਵਾਰਦਾਤਾਂ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰੇ।