ਕੈਨੇਡਾ ’ਚ ਭਾਰਤੀ ਪਰਵਾਰ ਮੁੜ ਬਣੇ ਨਿਸ਼ਾਨਾ

ਕੈਨੇਡਾ ਵਿਚ ਭਾਰਤੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਮੁੜ ਵਧਦੀਆਂ ਨਜ਼ਰ ਆਈਆਂ ਜਦੋਂ ਵੀਕਐਂਡ ਦੌਰਾਨ ਬੀ.ਸੀ. ਵਿਚ ਇਕ ਰੈਸਟੋਰੈਂਟ ਅਤੇ ਇਕ ਘਰ ਉਤੇ ਗੋਲੀਆਂ ਚੱਲ ਗਈਆਂ

Update: 2025-09-29 12:53 GMT

ਵੈਨਕੂਵਰ : ਕੈਨੇਡਾ ਵਿਚ ਭਾਰਤੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਮੁੜ ਵਧਦੀਆਂ ਨਜ਼ਰ ਆਈਆਂ ਜਦੋਂ ਵੀਕਐਂਡ ਦੌਰਾਨ ਬੀ.ਸੀ. ਵਿਚ ਇਕ ਰੈਸਟੋਰੈਂਟ ਅਤੇ ਇਕ ਘਰ ਉਤੇ ਗੋਲੀਆਂ ਚੱਲ ਗਈਆਂ। ਪਹਿਲੀ ਵਾਰਦਾਤ ਮੇਪਲ ਰਿਜ ਦੇ ‘ਉਸਤਾਦ ਜੀ’ ਰੈਸਟੋਰੈਂਟ ਵਿਚ ਵਾਪਰੀ ਜਿਥੇ ਅਣਪਛਾਤੇ ਸ਼ੱਕੀ ਗੋਲੀਆਂ ਚਲਾ ਕੇ ਫਰਾਰ ਹੋ ਗਏ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਰੈਸਟੋਰੈਂਟ ਮੁਲਾਜ਼ਮਾਂ ਵਿਚ ਸਹਿਮ ਦਾ ਮਾਹੌਲ ਹੈ। ਰਿਜ ਮੈਡੋਜ਼ ਆਰ.ਸੀ.ਐਮ.ਪੀ. ਵੱਲੋਂ ਫਿਲਹਾਲ ਇਸ ਵਾਰਦਾਤ ਬਾਰੇ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਮਾਲਕ ਤੋਂ ਮੋਟੀ ਰਕਮ ਮੰਗਣ ਵਾਲਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿਤਾ।

ਗੋਲੀਆਂ ਚਲਾ ਕੇ ਫਰਾਰ ਹੋ ਗਏ ਸ਼ੱਕੀ

ਦੂਜੇ ਪਾਸੇ ਚਿਲੀਵੈਕ ਵਿਖੇ ਕਈ ਘਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਆਰ.ਸੀ.ਐਮ.ਪੀ. ਵੱਲੋਂ ਇਸ ਵਾਰਦਾਤ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰ ਇਕ ਮਾਜ਼ਦਾ ਸੀ.ਐਕਸ-5 ਸੜੀ ਹੋਈ ਮਿਲੀ ਜੋ ਸੰਭਾਵਤ ਤੌਰ ’ਤੇ ਸ਼ੱਕੀਆਂ ਨਾਲ ਸਬੰਧਤ ਹੋ ਸਕਦੀ ਹੈ। ਆਰ.ਸੀ.ਐਮ.ਪੀ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਮਾਮਲਿਆਂ ਨੂੰ ਵੇਖਦਿਆਂ ਐਬਸਫੋਰਡ ਪੁਲਿਸ ਵੱਲੋਂ ਇਕ ਟਾਸਕ ਫੋਰਸ ਗਠਤ ਕੀਤੀ ਗਈ ਹੈ।

ਰੈਸਟੋਰੈਂਟ ਅਤੇ ਘਰਾਂ ਵਿਚ ਹੋ ਗਏ ਸੈਂਕੜੇ ਛੇਕ

ਪਿਛਲੇ 15 ਦਿਨ ਵਿਚ ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲਾਉਣ ਦੀਆਂ ਚਾਰ ਵਾਰਦਾਤ ਸਾਹਮਣੇ ਆਉਣ ਮਗਰੋਂ ਆਪ੍ਰੇਸ਼ਨ ਕਮਿਊਨਿਟੀ ਸ਼ੀਲਡ ਆਰੰਭਿਆ ਗਿਆ ਹੈ ਅਤੇ ਨਵੀਂ ਟਾਸਕ ਫੋਰਸ ਇਨ੍ਹਾਂ ਵਾਰਦਾਤਾਂ ਦੀ ਡੂੰਘਾਈ ਨਾਲ ਪੜਤਾਲ ਕਰੇਗੀ। ਸਾਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਸਿਰਫ਼ ਐਬਸਫੋਰਡ ਵਿਚ ਹੀ ਨਹੀਂ ਸਗੋਂ ਪੂਰੇ ਲੋਅਰ ਮੇਨਲੈਂਡ ਵਿਚ ਐਕਸਟੌਰਸ਼ਨ ਨਾਲ ਸਬੰਧਤ ਵਾਰਦਾਤਾਂ ਨੇ ਲੋਕਾਂ ਅੰਦਰ ਖੌਫ ਪੈਦਾ ਕਰ ਦਿਤਾ ਹੈ। ਆਪਣੇ ਘਰਾਂ ਵਿਚ ਮੌਜੂਦ ਲੋਕਾਂ ਜਾਂ ਆਪਣੇ ਕਾਰੋਬਾਰੀ ਟਿਕਾਣਿਆਂ ’ਤੇ ਕੰਮ ਕਰ ਰਹੇ ਲੋਕਾਂ ਨੂੰ ਹਿੰਸਕ ਅਪਰਾਧ ਦਾ ਨਿਸ਼ਾਨਾ ਬਣਾਇਆ ਜਾਵੇ, ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਵੰਬਰ 2023 ਮਗਰੋਂ ਐਬਸਫੋਰਡ ਪੁਲਿਸ ਕੋਲ ਜਬਰੀ ਵਸੂਲੀ ਦੇ 38 ਮਾਮਲੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਗੈਰਹਿੰਸਕ ਮੰਨੇ ਗਏ। ਧਮਕੀਆਂ ਦੇਣ ਵਾਲਿਆਂ ਨੇ ਚਿੱਠੀਆਂ, ਫੋਨ ਕਾਲਜ਼ ਜਾਂ ਟੈਕਸਟ ਮੈਸੇਜ ਰਾਹੀਂ ਲੋਕਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ।

ਆਰ.ਸੀ.ਐਮ.ਪੀ. ਕਰ ਰਹੀ ਸ਼ੱਕੀਆਂ ਦੀ ਭਾਲ

ਨਵੀਂ ਟਾਸਕ ਫੋਰਸ ਕੋਲ ਨਿਗਰਾਨੀ ਟੀਮਾਂ ਅਤੇ ਅਪਰਾਧ ਵਿਗਿਆਨ ਦੇ ਮਾਹਰਾਂ ਦੀਆਂ ਸੇਵਾਵਾਂ ਮੌਜੂਦ ਹਨ ਜਿਸ ਦੇ ਮੱਦੇਨਜ਼ਰ ਐਕਸਟੌਰਸ਼ਨ ਕਾਲਜ਼ ਕਰਨ ਵਾਲਿਆਂ ਅਤੇ ਬਾਅਦ ਵਿਚ ਗੋਲੀਆਂ ਚਲਾ ਕੇ ਫਰਾਰ ਹੋਣ ਵਾਲਿਆਂ ਦੀ ਪੈੜ ਨੱਪਣੀ ਸੁਖਾਲੀ ਹੋਵੇਗੀ। ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਵੱਲੋਂ ਨਵੀਂ ਟਾਸਕ ਫੋਰਸ ਦਾ ਸਵਾਗਤ ਕੀਤਾ ਗਿਆ ਹੈ ਪਰ ਜਥੇਬੰਦੀ ਦੇ ਮੀਤ ਪ੍ਰਧਾਨ ਪੁਨੀਤ ਸੰਧਰ ਦਾ ਕਹਿਣਾ ਹੈ ਕਿ ਅਤੀਤ ਵਿਚ ਵਾਪਰੀਆਂ ਵਾਰਦਾਤਾਂ ਦੀ ਪੜਤਾਲ ਬਹੁਤੀ ਅੱਗੇ ਨਹੀਂ ਵਧ ਸਕੀ। ਉਨ੍ਹਾਂ ਕਿਹਾ ਕਿ ਕਈ ਵੀਡੀਓਜ਼ ਵਿਚ ਸ਼ੱਕੀਆਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਦੀ ਸ਼ਨਾਖਤ ਕਰਦਿਆਂ ਗ੍ਰਿਫ਼ਤਾਰੀਆਂ ਹੋਣੀਆਂ ਚਾਹੀਦੀਆਂ ਸਨ ਜੋ ਹੁਣ ਤੱਕ ਸੰਭਵ ਨਹੀਂ ਹੋ ਸਕੀਆਂ। ਉਧਰ ਐਬਸਫੋਰਡ ਪੁਲਿਸ ਨੇ ਕਿਹਾ ਕਿ ਸਮੱਸਿਆ ਦਾ ਜੜੋਂ ਖਾਤਮਾ ਹੋਣ ਤੱਕ ਅਪ੍ਰੇਸ਼ਨ ਕਮਿਊਨਿਟੀ ਸ਼ੀਲਡ ਜਾਰੀ ਰਹੇਗਾ। ਚੇਤੇ ਰਹੇ ਕਿ ਸਰੀ ਦੀ ਮੇਅਰ ਬਰੈਂਡਾ ਲੌਕ ਜਬਰੀ ਵਸੂਲੀ ਦੇ ਮਾਮਲਿਆਂ ਬਾਰੇ ਸੂਹ ਦੇਣ ਵਾਲਿਆਂ ਲਈ ਢਾਈ ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਕਰ ਚੁੱਕੇ ਹਨ ਅਤੇ ਬਾਕੀ ਸ਼ਹਿਰਾਂ ਵਿਚ ਵੀ ਅਜਿਹੇ ਇਨਾਮ ਐਲਾਨੇ ਜਾਣ ਦੀ ਮੰਗ ਉਠ ਰਹੀ ਹੈ।

Tags:    

Similar News