ਕੈਨੇਡਾ ਵਿਚ ਭਾਰਤੀ ਪਰਵਾਰ ਵੱਡੀਆਂ ਮੁਸ਼ਕਲਾਂ ਵਿਚ ਘਿਰਿਆ
ਕੈਨੇਡਾ ਵਿਚ ਗੰਭੀਰ ਬਿਮਾਰੀ ਨਾਲ ਜੂਝ ਰਹੇ ਪੰਜ ਸਾਲ ਦੇ ਅੰਸ਼ ਦੇ ਮਾਪਿਆਂ ਵਾਸਤੇ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ
ਸਰੀ : ਕੈਨੇਡਾ ਵਿਚ ਗੰਭੀਰ ਬਿਮਾਰੀ ਨਾਲ ਜੂਝ ਰਹੇ ਪੰਜ ਸਾਲ ਦੇ ਅੰਸ਼ ਦੇ ਮਾਪਿਆਂ ਵਾਸਤੇ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਭਾਰਤੀ ਮੂਲ ਦੇ ਪਰਵਾਰ ਵੱਲੋਂ ਰਿਸਪਾਈਟ ਕੇਅਰ ਵਾਸਤੇ ਅਰਜ਼ੀ ਦਾਖਲ ਕੀਤੀ ਗਈ ਪਰ ਉਡੀਕ ਸਮਾਂ ਤਿੰਨ ਸਾਲ ਦੱਸਿਆ ਜਾ ਰਿਹਾ ਹੈ। ਅੰਸ਼ ਦੀ ਬਿਮਾਰੀ ਨੂੰ ਵੇਖਦਿਆਂ ਉਸ ਕੋਲ ਐਨਾ ਸਮਾਂ ਨਹੀਂ ਜਿਸ ਦੇ ਮੱਦੇਨਜ਼ਰ ਪਰਵਾਰ ਵੱਲੋਂ ਗੋਫੰਡਮੀ ਪੇਜ ਰਾਹੀਂ ਕੰਮ ਚਲਾਉਣ ਦੇ ਯਤਨ ਕੀਤੇ ਜਾ ਰਹੇ ਹਨ।
5 ਸਾਲ ਦਾ ਬੱਚਾ ਗੰਭੀਰ ਬਿਮਾਰੀ ਦਾ ਸ਼ਿਕਾਰ
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਅੰਸ਼ ਬੇਹੱਦ ਖਤਰਨਾਕ ਕਿਸਮ ਦੇ ਬਰੇਨ ਕੈਂਸਰ ਤੋਂ ਪੀੜਤ ਹੈ। ਲੰਘੀ ਬਸੰਤ ਰੁੱਤ ਦੌਰਾਨ ਅੰਸ਼ ਦੀ ਤਬੀਅਤ ਵਿਗੜਨੀ ਸ਼ੁਰੂ ਹੋਈ ਤਾਂ ਉਸ ਨੇ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ। ਕਈ ਕਿਸਮ ਦੇ ਟੈਸਟ ਕਰਨ ਮਗਰੋਂ ਡਾਕਟਰਾਂ ਨੇ ਅੰਸ਼ ਦੇ ਮਾਪਿਆਂ ਨੂੰ ਦੁਖ ਭਰੀ ਖਬਰ ਸੁਣਾਈ। ਕੈਂਸਰ ਦੀ ਗ੍ਰੋਥ ਰੋਕਣ ਵਾਸਤੇ ਬੱਚਿਆਂ ਦੇ ਹਸਪਤਾਲ ਵਿਚ ਕੁਝ ਰੇਡੀਏਸ਼ਨ ਦਿਤੀ ਗਈ ਪਰ ਇਸ ਵੇਲੇ ਉਹ ਘਰ ਵਿਚ ਹੀ ਹੈ। ਅੰਸ਼ ਦੇ ਮਾਤਾ-ਪਿਤਾ ਉਸ ਦੇ ਸੰਭਾਲ ਕਰ ਰਹੇ ਹਨ ਅਤੇ ਉਸ ਨੂੰ ਇਕੱਲਿਆਂ ਨਹੀਂ ਛੱੜਿਆ ਜਾ ਸਕਦਾ। ਅੰਸ਼ ਦੀ ਮਦਰ ਚਿੰਤਨ ਸ਼ਾਹ ਨੇ ਦੱਸਿਆ ਕਿ ਉਸ ਨੂੰ ਕੁਝ ਨਿਗਲਣ ਵੇਲੇ ਦਿੱਕਤ ਹੁੰਦੀ ਹੈ ਅਤੇ ਬੋਲਣ ਵੇਲੇ ਜ਼ੁਬਾਨ ਕੰਬਦੀ ਹੈ। ਦੂਜੇ ਪਾਸੇ ਅੰਸ਼ ਦੇ ਜੌੜੇ ਭਰਾ ਦੀ ਸੰਭਾਲ ਕਰਨੀ ਅਤੇ ਬਿਲਾਂ ਦੀ ਅਦਾਇਗੀ ਲਗਾਤਾਰ ਚੱਲ ਰਹੀ ਹੈ। ਰੁਜ਼ਗਾਰ ਬੀਮਾ ਖਤਮ ਹੁੰਦਾ ਜਾ ਰਿਹਾ ਹੈ ਪਰ ਤਿੰਨ ਸਾਲ ਦੀ ਉਡੀਕ ਬਹੁਤ ਜ਼ਿਆਦਾ ਬਣਦੀ ਹੈ। ਚਿੰਤਨ ਸ਼ਾਹ ਨੇ ਨਾਚਾਹੁੰਦੇ ਹੋਏ ਵੀ ਆਖ ਹੀ ਦਿਤਾ ਕਿ ਉਨ੍ਹਾਂ ਦੇ ਬੇਟੇ ਕੋਲ ਐਨੀ ਜ਼ਿੰਦਗੀ ਨਹੀਂ ਬਚੀ ਕਿ ਤਿੰਨ ਸਾਲ ਉਡੀਕ ਕੀਤੀ ਜਾ ਸਕੇ।
ਰਿਸਾਪਾਈਟ ਫੰਡਿੰਗ ਵਾਸਤੇ ਉਡੀਕ ਸਮਾਂ 3 ਸਾਲ
ਉਨ੍ਹਾਂ ਸਵਾਲ ਉਠਾਇਆ ਕਿ ਆਖਰਕਾਰ ਸਰਕਾਰਾਂ ਸਾਡੇ ਤੋਂ ਕੀ ਚਾਹੁੰਦੀਆਂ ਹਨ, ਇਹ ਗੱਲ ਸਮਝ ਤੋਂ ਬਾਹਰ ਹੈ ਕਿਉਂਕਿ ਅਸੀਂ ਵੀ ਸਰਕਾਰ ਨੂੰ ਟੈਕਸ ਅਦਾ ਕਰਦੇ ਹਾਂ। ਚਿੰਤਨ ਸ਼ਾਹ ਨੇ ਅੱਗੇ ਦੱਸਿਆ ਕਿ ਅੰਸ਼ ਦੇ ਸਕੂਲ ਵਾਲੇ ਕਾਫ਼ੀ ਮਦਦ ਕਰਦੇ ਹਨ ਜਿਸ ਦਾ ਵਧੇਰੇ ਖਿਆਲ ਰੱਖਣ ਦੀ ਜ਼ਰੂਰਤ ਪੈਂਦੀ ਹੈ। ਆਰਥਿਕ ਪੱਖ ਦਾ ਜ਼ਿਕਰ ਕਰਦਿਆਂ ਭਾਰਤੀ ਪਰਵਾਰ ਨੇ ਕਿਹਾ ਕਿ ਉਹ ਲਾਚਾਰ ਮਹਿਸੂਸ ਕਰ ਰਹੇ ਹਨ। ਇਕ ਪਾਸੇ ਬੱਚੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਜ਼ਰੂਰੀ ਹੈ ਜਦਕਿ ਦੂਜੇ ਮਕਾਨ ਦੇ ਕਿਰਾਏ ਅਤੇ ਹੋਰ ਖਰਚਿਆਂ ਦੀ ਚਿੰਤਾ ਵੱਢ ਵੱਖ ਖਾ ਰਹੀ ਹੈ। ਬੱਚਿਆਂ ਦੇ ਹਸਪਤਾਲ ਵਿਚ ਇਲਾਜ ਮਗਰੋਂ ਅੰਸ਼ ਦੀਆਂ ਤਸਵੀਰਾਂ ਹਸਪਤਾਲ ਵੱਲੋਂ ਤਿਆਰ ਨਵੇਂ ਵਰ੍ਹੇ ਦੇ ਕੈਲੰਡਰ ਵਿਚ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਇਹ ਕੈਲੰਡਰ ਪਰਵਾਰ ਨੂੰ ਪਹਿਲਾਂ ਹੀ ਸੌਂਪ ਦਿਤਾ ਗਿਆ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਅੰਸ਼ ਇਕ ਸਾਲ ਹੋਰ ਇਸ ਦੁਨੀਆਂ ’ਤੇ ਰਹਿ ਸਕੇਗਾ ਜਾਂ ਨਹੀਂ।