ਭਾਰਤੀ ਪਰਵਾਰ ਨੇ ਕੈਨੇਡਾ ਪੁਲਿਸ ਤੋਂ ਮੰਗੇ 25 ਮਿਲੀਅਨ ਡਾਲਰ

ਸ਼ਰਾਬ ਦਾ ਠੇਕਾ ਲੁੱਟ ਕੇ ਫ਼ਰਾਰ ਹੋਏ ਪੰਜਾਬੀਆਂ ਦਾ ਪਿੱਛਾ ਕਰਦਿਆਂ ਹਾਈਵੇਅ 401 ’ਤੇ ਵਾਪਰੇ ਜਾਨਲੇਵਾ ਹਾਦਸੇ ਦੇ ਪੀੜਤ ਪਰਵਾਰ ਵੱਲੋਂ ਡਰਹਮ ਰੀਜਨਲ ਪੁਲਿਸ ਤੋਂ 25 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ

Update: 2025-10-17 12:44 GMT

ਟੋਰਾਂਟੋ : ਸ਼ਰਾਬ ਦਾ ਠੇਕਾ ਲੁੱਟ ਕੇ ਫ਼ਰਾਰ ਹੋਏ 2 ਪੰਜਾਬੀਆਂ ਦਾ ਪਿੱਛਾ ਕਰਦਿਆਂ ਹਾਈਵੇਅ 401 ’ਤੇ ਵਾਪਰੇ ਜਾਨਲੇਵਾ ਹਾਦਸੇ ਦੇ ਪੀੜਤ ਪਰਵਾਰ ਵੱਲੋਂ ਡਰਹਮ ਰੀਜਨਲ ਪੁਲਿਸ ਤੋਂ 25 ਮਿਲੀਅਨ ਡਾਲਰ ਦਾ ਹਰਜਾਨਾ ਮੰਗਿਆ ਗਿਆ ਹੈ। ਜੀ ਹਾਂ, 29 ਅਪ੍ਰੈਲ 2024 ਨੂੰ ਉਨਟਾਰੀਓ ਦੇ ਬੋਮਨਵਿਲ ਕਸਬੇ ਵਿਚ ਸ਼ਰਾਬ ਦਾ ਠੇਕਾ ਲੁੱਟਣ ਵਾਲਿਆਂ ਦਾ ਪਿੱਛਾ ਕਰ ਰਹੇ ਡਰਹਮ ਰੀਜਨਲ ਪੁਲਿਸ ਦੇ ਅਫ਼ਸਰਾਂ ਨੇ ਹਾਈਵੇਅ 401 ’ਤੇ ਗਲਤ ਪਾਸੇ ਵੀ ਸ਼ੱਕੀਆਂ ਦਾ ਪਿੱਛਾ ਜਾਰੀ ਰੱਖਿਆ। ਕੁਝ ਦੂਰ ਜਾ ਕੇ ਸ਼ੱਕੀਆਂ ਦੀ ਵੈਨ ਇਕ ਗੱਡੀ ਵਿਚ ਜਾ ਵੱਜੀ ਅਤੇ ਇਕ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਵੈਨ ਚਲਾ ਰਿਹਾ ਪੰਜਾਬੀ ਮੌਕੇ ’ਤੇ ਮਾਰਿਆ ਗਿਆ ਜਦਕਿ ਦੂਜਾ ਲੰਮਾ ਸਮਾਂ ਹਸਪਤਾਲ ਦਾਖਲ ਰਿਹਾ। ਹਾਦਸੇ ਮਗਰੋਂ ਐਸ.ਆਈ.ਯੂ. ਦੀ ਪੜਤਾਲ ਦੌਰਾਨ ਡਰਹਮ ਰੀਜਨਲ ਪੁਲਿਸ ਦੇ ਅਫ਼ਸਰਾਂ ਸਾਰਜੈਂਟ ਰਿਚਰਡ ਫਲਿਨ ਅਤੇ ਕਾਂਸਟੇਬਲ ਬਰੈਂਡਨ ਹੈਮਿਲਟਨ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਗਏ। ਹਾਦਸੇ ਦੌਰਾਨ ਗੋਕੁਲਨਾਥ ਮਣੀਵੰਨਨ ਅਤੇ ਉਸ ਦੀ ਪਤਨੀ ਅਸ਼ਵਿਤਾ ਜਵਾਹਰ ਦੀ ਜਾਨ ਬਚ ਗਈ ਪਰ ਇਨ੍ਹਾਂ ਦਾ ਤਿੰਨ ਮਹੀਨੇ ਦਾ ਬੇਟਾ ਅਤੇ ਗੋਕੁਲਨਾਥ ਦੇ ਮਾਪੇ ਇਸ ਦੁਨੀਆਂ ਵਿਚ ਨਾ ਰਹੇ।

ਠੇਕਾ ਲੁੱਟ ਕੇ ਭੱਜੇ ਪੰਜਾਬੀਆਂ ਦਾ ਗਲਤ ਪਾਸੇ ਕੀਤਾ ਸੀ ਪਿੱਛਾ

ਗੋਕੁਲਨਾਥ ਅਤੇ ਅਸ਼ਵਿਤਾ ਵੱਲੋਂ ਦਾਇਰ ਮੁਕੱਦਮਾ ਕਹਿੰਦਾ ਹੈ ਕਿ ਪੁਲਿਸ ਅਫ਼ਸਰਾਂ ਦੀ ਅਣਗਹਿਲੀ ਕਰ ਕੇ ਹਾਦਸਾ ਵਾਪਰਿਆ ਅਤੇ ਪਰਵਾਰ ਨੂੰ ਵੱਡਾ ਜਾਨੀ ਨੁਕਸਾਨ ਬਰਦਾਸ਼ਤ ਕਰਨਾ ਪਿਆ। ਪਰਵਾਰ ਵੱਲੋਂ ਕੀਤੇ ਦਾਅਵੇ ਮੁਤਾਬਕ ਸ਼ੱਕੀ ਆਪਣੇ ਆਪ ਨੂੰ ਬਚਾਉਣ ਲਈ ਗੱਡੀ ਭਜਾ ਰਹੇ ਸਨ ਪਰ ਪੁਲਿਸ ਅਫ਼ਸਰਾਂ ਵੱਲੋਂ ਹਾਈਵੇਅ 401 ’ਤੇ ਗਲਤ ਪਾਸੇ ਉਨ੍ਹਾਂ ਦਾ ਪਿੱਛਾ ਕਰਨ ਦਾ ਫੈਸਲਾ ਸਰਾਸਰ ਗੈਰਵਾਜਬ ਸੀ। ਪਰਵਾਰ ਦਾ ਦੋਸ਼ ਹੈ ਕਿ ਡਰਹਮ ਪੁਲਿਸ ਮਹਿਕਮਾ ਆਪਣੇ ਅਫਸਰਾਂ ਨੂੰ ਪਿੱਛਾ ਕਰਨ ਦੇ ਮਾਮਲੇ ਵਿਚ ਲੋੜੀਂਦੀ ਸਿਖਲਾਈ ਨਹੀਂ ਦੇ ਸਕਿਆ। ਉਧਰ ਡਰਹਮ ਰੀਜਨਲ ਪੁਲਿਸ ਵੱਲੋਂ ਫ਼ਿਲਹਾਲ ਆਪਣੇ ਬਚਾਅ ਲਈ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਅਤੇ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ਡਰਹਮ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਮੁਕੱਦਮਾ ਦਾਇਰ ਹੋਣ ਬਾਰੇ ਜਾਣਕਾਰੀ ਮਿਲੀ ਹੈ ਪਰ ਪੜਤਾਲ ਚੱਲ ਰਹੀ ਹੋਣ ਅਤੇ ਕਾਨੂੰਨੀ ਪ੍ਰਕਿਰਿਆ ਦੇ ਮੱਦੇਨਜ਼ਰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।

ਹਾਦਸੇ ਦੌਰਾਨ 4 ਜਣਿਆਂ ਦੀ ਗਈ ਸੀ ਜਾਨ

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਗੋਕੁਲਨਾਥ ਅਤੇ ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਹਾਦਸੇ ਮਗਰੋਂ ਮਾਨਸਿਕ ਅਤੇ ਸਰੀਰਕ ਦੋਵੇਂ ਕਿਸਮ ਦਾ ਦਰਦ ਬਰਦਾਸ਼ਤ ਕਰ ਰਹੇ ਹਨ। ਜ਼ਿੰਦਗੀ ਬਦਲ ਦੇਣ ਵਾਲੇ ਜ਼ਖਮਾਂ ਉਤੇ ਖਰਚਾ ਹੋ ਰਿਹਾ ਹੈ ਜਦਕਿ ਆਮਦਨ ਦਾ ਨੁਕਸਾਨ ਵੱਖਰਾ ਹੋਇਆ। ਹਾਦਸੇ ਨੇ ਉਨ੍ਹਾਂ ਦਾ ਸਰੀਰ ਐਨਾ ਕਮਜ਼ੋਰ ਕਰ ਦਿਤਾ ਹੈ ਕਿ ਘਰ ਦੇ ਮਾਮੂਲੀ ਕੰਮ ਕਰਨੇ ਵੀ ਸੰਭਵ ਨਹੀਂ ਜਦਕਿ ਜ਼ਿੰਦਗੀ ਬਿਲਕੁਲ ਨੀਰਸ ਹੋ ਚੁੱਕੀ ਹੈ। ਪਰਵਾਰ ਵੱਲੋਂ ਅਦਾਲਤ ਵਿਚ ਦਾਇਰ ਬਿਆਨ ਕਹਿੰਦਾ ਹੈ ਕਿ ਦਿਲ ਦਹਿਲਾਉਣ ਵਾਲੇ ਹਾਦਸੇ ਦੀ ਡੂੰਘਾਈ ਨਾਲ ਸਮੀਖਿਆ ਕਰਦਿਆਂ ਸਪੱਸ਼ਟ ਕਰ ਦਿਤਾ ਜਾਵੇ ਕਿ ਕਦੋਂ ਅਤੇ ਕਿਹੜੇ ਹਾਲਾਤ ਵਿਚ ਸ਼ੱਕੀਆਂ ਦਾ ਪਿੱਛਾ ਕੀਤਾ ਜਾ ਸਕਦਾ ਹੈ। ਲੋਕ ਸੁਰੱਖਿਆ ਹਮੇਸ਼ਾ ਮੁੱਖ ਤਰਜੀਹ ਹੋਣੀ ਚਾਹੀਦੀ ਹੈ।

Tags:    

Similar News