ਕੈਨੇਡਾ ਵਿਚ ਭਾਰਤੀ ਡਰਾਈਵਰ ਨੂੰ 4 ਸਾਲ ਦੀ ਕੈਦ
ਕੈਨੇਡਾ ਵਿਚ ਜਾਨਲੇਵਾ ਹਾਦਸੇ ਦੇ ਜ਼ਿੰਮੇਵਾਰ ਭਾਰਤੀ ਡਰਾਈਵਰ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ
ਹੈਲੀਫੈਕਸ : ਕੈਨੇਡਾ ਵਿਚ ਜਾਨਲੇਵਾ ਹਾਦਸੇ ਦੇ ਜ਼ਿੰਮੇਵਾਰ ਭਾਰਤੀ ਡਰਾਈਵਰ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹੈਲੀਫੈਕਸ ਅਦਾਲਤ ਦੀ ਵੱਲੋਂ ਦੀਪਕ ਸ਼ਰਮਾ ਉਤੇ 10 ਸਾਲ ਡਰਾਈਵਿੰਗ ਦੀ ਪਾਬੰਦੀ ਵੀ ਲਾਗੂ ਕੀਤੀ ਗਈ ਹੈ ਅਤੇ ਇਹ ਮਿਆਦ ਦੀਪਕ ਦੀ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 126 ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਉਸ ਨੇ 21 ਸਾਲਾ ਮੁਟਿਆਰ ਅਲੈਗਜ਼ੈਂਡਰੀਆ ਵੌਰਟਮੈਨ ਨੂੰ ਟੱਕਰ ਮਾਰੀ। ਨੋਵਾ ਸਕੋਸ਼ੀਆ ਸੂਬੇ ਦੇ ਹੈਲੀਫੈਕਸ ਵਿਖੇ ਵਾਪਰੇ ਹਾਦਸੇ ਦੌਰਾਨ ਅਲੈਗਜ਼ੈਂਡਰੀਆ ਬੁੜਕ ਦੇ ਗੱਡੀ ਦੀ ਵਿੰਡਸ਼ੀਲਡ ’ਤੇ ਆ ਡਿੱਗੀ ਪਰ ਦੀਪਕ ਸ਼ਰਮਾ ਨੇ ਗੱਡੀ ਰੋਕਣ ਦੀ ਬਜਾਏ ਹੋਰ ਤੇਜ਼ ਕਰ ਦਿਤੀ।
ਦੀਪਕ ਸ਼ਰਮਾ ਨੇ ਕਬੂਲ ਕੀਤਾ ਸੀ ਜਾਨਲੇਵਾ ਹਾਦਸੇ ਦਾ ਗੁਨਾਹ
ਇਸੇ ਦੌਰਾਨ ਦੀਪਕ ਸ਼ਰਮਾ ਨੇ ਇਕ ਇੰਟਰਸੈਕਸ਼ਨ ’ਤੇ ਖੜ੍ਹੀ ਗੱਡੀ ਵਿਚ ਟੱਕਰ ਮਾਰ ਦਿਤੀ ਅਤੇ ਵੌਰਟਮੈਨ ਧਰਤੀ ’ਤੇ ਡਿੱਗ ਗਈ। ਪੈਰਾਮੈਡਿਕਸ ਵੱਲੋਂ ਵੌਰਟਮੈਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ। ਇਥੇ ਦਸਣਾ ਬਣਦਾ ਹੈ ਕਿ ਡਲਹੌਜ਼ੀ ਯੂਨੀਵਰਸਿਟੀ ਦੀ ਵਿਦਿਆਰਥਣ ਅਲੈਗਜ਼ੈਂਡਰੀਆ ਵੌਰਟਮੈਨ ਦੇ ਸਰੀਰ ਦਾ ਕੋਈ ਹਿੱਸਾ ਨਹੀਂ ਸੀ ਬਚਿਆ ਜਿਥੇ ਡੂੰਘਾ ਜ਼ਖਮ ਨਾ ਹੋਵੇ। ਰੀੜ੍ਹ ਦੀ ਹੱੜੀ ਵਿਚ ਫਰੈਕਚਰ ਸੀ ਜਦਕਿ ਅੰਦਰੂਨੀ ਅੰਗਾਂ ਵਿਚ ਗੁੱਝੀਆਂ ਸੱਟਾਂ ਵੱਜੀਆਂ ਅਤੇ ਸਿਰ ਖੂਨ ਨਾਲ ਲੱਥਪਥ ਨਜ਼ਰ ਆਇਆ। ਜਦੋਂ ਵੌਰਟਮੈਨ ਧਰਤੀ ’ਤੇ ਡਿੱਗੀ ਤਾਂ ਕੁਝ ਲੋਕ ਮਦਦ ਵਾਸਤੇ ਆ ਗਏ ਪਰ ਦੀਪਕ ਸ਼ਰਮਾ ਰੌਲਾ ਪਾਉਣ ਲੱਗਾ ਕਿ ਉਹ ਸਭਨਾਂ ਨੂੰ ਮਾਰ ਦੇਵੇਗਾ। ਉਸ ਨੇ ਇਕ ਸ਼ਖਸ ’ਤੇ ਹਮਲਾ ਕਰਨ ਦਾ ਯਤਨ ਵੀ ਕੀਤਾ। ਇਸੇ ਦੌਰਾਨ ਜਦੋਂ ਪੁਲਿਸ ਅਫ਼ਸਰ ਪੁੱਜੇ ਤਾਂ ਦੀਪਕ ਸ਼ਰਮਾ ਡੰਡ-ਬੈਠਕਾਂ ਲਾ ਰਿਹਾ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ਅਫ਼ਸਰਾਂ ਨੂੰ ਧੱਕਾ ਮਾਰ ਕੇ ਇਕ ਇਮਾਰਤ ਵੱਲ ਦੌੜਿਆ ਪਰ ਉਸ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦੀਪਕ ਸ਼ਰਮਾ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਣ ਦੇ ਦੋਸ਼ ਵੀ ਲੱਗੇ ਸਨ ਪਰ ਸਰਕਾਰੀ ਵਕੀਲ ਨੇ ਇਹ ਵਾਪਸ ਲੈ ਲਏ। ਇਥੇ ਦਸਣਾ ਬਣਦਾ ਹੈ ਕਿ 27 ਜਨਵਰੀ ਦੀ ਸ਼ਾਮ ਕਾਲੇ ਰੰਗ ਦੀ ਹੌਂਡਾ ਸਿਵਿਕ ਚਲਾ ਰਹੇ ਦੀਪਕ ਸ਼ਰਮਾ ਨੇ ਉਸ ਦਿਨ ਕਈ ਕਰਤੂਤਾਂ ਕੀਤੀਆਂ।
ਅਦਾਲਤ ਨੇ ਡਰਾਈਵਿੰਗ ਕਰਨ ’ਤੇ 10 ਸਾਲ ਦੀ ਪਾਬੰਦੀ ਵੀ ਲਾਈ
ਦੀਪਕ ਨੇ ਇਕ ਹੋਰ ਗੱਡੀ ਨੂੰ ਵੀ ਟੱਕਰ ਮਾਰੀ ਪਰ ਮੌਕੇ ਤੋਂ ਫ਼ਰਾਰ ਹੋ ਗਿਆ। ਦੂਜੀ ਗੱਡੀ ਦੇ ਡਰਾਈਵਰ ਨੇ ਹੌਂਡਾ ਸਿਵਿਕ ਦੀ ਤਸਵੀਰ ਖਿੱਚਦਿਆਂ 911 ’ਤੇ ਕਾਲ ਕਰ ਦਿਤੀ। ਦੀਪਕ ਸ਼ਰਮਾ ਰਫ਼ਤਾਰ ਵਧਾਉਂਦਾ ਜਾ ਰਿਹਾ ਸੀ ਅਤੇ ਵਰਨੌਨ ਸਟ੍ਰੀਟ ਵਿਚ ਇਕ ਟਰੱਕ ਨਾਲ ਟੱਕਰ ਹੁੰਦੇ ਹੁੰਦੇ ਬਚੀ। ਇਸ ਤੋਂ ਬਾਅਦ ਹੀ ਉਸ ਨੇ ਪੈਦਲ ਜਾ ਰਹੀ ਅਲੈਗਜ਼ੈਂਡਰੀਆ ਨੂੰ ਟੱਕਰ ਮਾਰੀ। ਦੱਸਿਆ ਜਾ ਰਿਹਾ ਹੈ ਕਿ ਦੀਪਕ ਸ਼ਰਮਾ ਪਹਿਲਾਂ ਵੀ ਮੋਟਰ ਵ੍ਹੀਕਲ ਐਕਟ ਦੀ ਕਈ ਵਾਰ ਉਲੰਘਣਾ ਕਰ ਚੁੱਕਾ ਹੈ। 2018 ਵਿਚ ਨਿਊ ਬ੍ਰਨਜ਼ਵਿਕ ਪੁਲਿਸ ਵੱਲੋਂ ਉਸ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਦੀਆਂ ਦੋ ਟਿਕਟਾਂ ਦਿਤੀਆਂ ਗਈਆਂ। ਉਧਰ, ਅਲੈਗਜ਼ੈਂਡਰੀਆ ਦੇ ਮਾਪਿਆਂ ਨੇ ਕਿਹਾ ਕਿ ਰੱਬ ਅਜਿਹਾ ਦਿਨ ਕਿਸੇ ਨੂੰ ਨਾ ਦਿਖਾਵੇ। ਉਨ੍ਹਾਂ ਕਿਹਾ ਕਿ ਇਕ ਸਿਰਫਿਰੇ ਡਰਾਈਵਰ ਨੇ ਉਨ੍ਹਾਂ ਦੀ ਬੱਚੀ ਹਮੇਸ਼ਾ ਲਈ ਜੁਦਾ ਕਰ ਦਿਤੀ।