ਕੈਨੇਡਾ ਵਿਚ ਹਵਾਈ ਜਹਾਜ਼ ਕਰੈਸ਼, ਭਾਰਤੀ ਦੀ ਮੌਤ

ਕੈਨੇਡਾ ਵਿਚ ਹਵਾਈ ਹਾਦਸੇ ਦੌਰਾਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ।

Update: 2025-07-30 12:18 GMT

ਟੋਰਾਂਟੋ : ਕੈਨੇਡਾ ਵਿਚ ਹਵਾਈ ਹਾਦਸੇ ਦੌਰਾਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਦੱਸਿਆ ਕਿ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਡੀਅਰ ਲੇਕ ਇਲਾਕੇ ਵਿਚ ਇਕ ਛੋਟਾ ਹਵਾਈ ਜਹਾਜ਼ ਕਰੈਸ਼ ਹੋ ਗਿਆ ਜਿਸ ਵਿਚ ਗੌਤਮ ਸੰਤੋਸ਼ ਵੀ ਸਵਾਰ ਸੀ। ਕੌਂਸਲੇਟ ਅਧਿਕਾਰੀ ਗੌਤਮ ਸੰਤੋਸ਼ ਦੇ ਪਰਵਾਰ ਦੇ ਲਗਾਤਾਰ ਸੰਪਰਕ ਵਿਚ ਹਨ ਅਤੇ ਕੈਨੇਡੀਅਨ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਕੌਂਸਲੇਟ ਨੇ ਗੌਤਮ ਸੰਤੋਸ਼ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੀੜਤ ਪਰਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਨਿਊਫਾਊਂਡਲੈਂਡ ਸੂਬੇ ਵਿਚ ਵਾਪਰਿਆ ਹਾਦਸਾ

ਉਧਰ ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਦੱਸਿਆ ਕਿ ਕਿਸਿਕ ਏਰੀਅਲ ਸਰਵੇਅ ਇਨਕਾਰਪੋਰੇਸ਼ਨ ਦੇ ਨਾਂ ਰਜਿਸਟਰਡ ਪਾਈਪਰ ਪੀ.ਏ. 31 ਜਹਾਜ਼ ਬੀਤੇ ਦਿਨੀਂ ਕਰੈਸ਼ ਹੋ ਗਿਆ। ਏਅਰ ਕਰੈਸ਼ ਦੇ ਮੱਦੇਨਜ਼ਰ ਆਰ.ਸੀ.ਐਮ.ਪੀ. ਵੱਲੋਂ ਡੀਅਰ ਲੇਕ ਏਅਰਪੋਰਟ ਨੇੜੇ ਟ੍ਰਾਂਸ-ਕੈਨੇਡਾ ਹਾਈਵੇਅ ਨੂੰ ਅਹਿਤਿਆਤੀ ਤੌਰ ’ਤੇ ਬੰਦ ਕਰ ਦਿਤਾ ਗਿਆ। ਪੁਲਿਸ ਨੇ ਦੱਸਿਆ ਕਿ ਹਵਾਈ ਜਹਾਜ਼ ਵਿਚ 54 ਸਾਲ ਅਤੇ 27 ਸਾਲ ਉਮਰ ਵਾਲੇ ਦੋ ਜਣੇ ਸਵਾਰ ਸਨ ਅਤੇ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਭਾਰਤੀ ਕੌਂਸਲੇਟ ਵੱਲੋਂ ਪੀੜਤ ਪਰਵਾਰ ਦੀ ਕੀਤੀ ਜਾ ਰਹੀ ਮਦਦ

ਫ਼ਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕਿਸਿਕ ਏਰੀਅਲ ਸਰਵੇਅ ਦੇ ਮਾਲਕ ਐਂਡਰਿਊ ਨੇਅਸਮਿਥ ਨੇ ਕਿਹਾ ਕਿ ਕੰਪਨੀ ਨੂੰ ਇਕ ਵੱਡਾ ਝਟਕਾ ਲੱਗਾ ਹੈ ਅਤੇ ਪੀੜਤ ਪਰਵਾਰਾਂ ਨਾਲ ਸੰਪਰਕ ਸਥਾਪਤ ਕਰਦਿਆਂ ਦੁੱਖ ਸਾਂਝਾ ਕੀਤਾ ਗਿਆ ਹੈ। ਕੰਪਨੀ ਵੱਲੋਂ ਹਾਦਸੇ ਦੀ ਪੜਤਾਲ ਵਿਚ ਟ੍ਰਾਂਸਪੋਰਟ ਸੇਫਟੀ ਬੋਰਡ ਨੂੰ ਮੁਕੰਮਲ ਸਹਿਯੋਗ ਦਿਤਾ ਜਾ ਰਿਹਾ ਹੈ।

Tags:    

Similar News