ਕੈਨੇਡਾ ਦੇ ਉਜਾੜ ਗੈਸ ਸਟੇਸ਼ਨ ’ਤੇ ਪੰਜਾਬੀਆਂ ਦੀ ਵਾਰਦਾਤ

ਕੈਨੇਡਾ ਦੇ ਉਜਾੜ ਪਏ ਗੈਸ ਸਟੇਸ਼ਨ ਅੰਦਰ ਵਾਪਰੀ ਹੌਲਨਾਕ ਵਾਰਦਾਤ ਦੇ ਪੰਜ ਸ਼ੱਕੀਆਂ ਵਿਚੋਂ ਇਕ ਮਨਰਾਜ ਮਾਨ ਨੂੰ ਜ਼ਮਾਨਤ ਨਾ ਮਿਲ ਸਕੀ ਜਦਕਿ ਉਸ ਦਾ ਸਾਥੀ ਬਲਤੇਜ ਸੰਧੂ ਸ਼ਰਤਾਂ ’ਤੇ ਆਧਾਰਤ ਰਿਹਾਈ ਹਾਸਲ ਕਰਨ ਵਿਚ ਸਫ਼ਲ ਰਿਹਾ

Update: 2025-10-17 13:04 GMT

ਬਰੈਂਪਟਨ : ਕੈਨੇਡਾ ਦੇ ਉਜਾੜ ਪਏ ਗੈਸ ਸਟੇਸ਼ਨ ਅੰਦਰ ਵਾਪਰੀ ਹੌਲਨਾਕ ਵਾਰਦਾਤ ਦੇ ਪੰਜ ਸ਼ੱਕੀਆਂ ਵਿਚੋਂ ਇਕ ਮਨਰਾਜ ਮਾਨ ਨੂੰ ਜ਼ਮਾਨਤ ਨਾ ਮਿਲ ਸਕੀ ਜਦਕਿ ਉਸ ਦਾ ਸਾਥੀ ਬਲਤੇਜ ਸੰਧੂ ਸ਼ਰਤਾਂ ’ਤੇ ਆਧਾਰਤ ਰਿਹਾਈ ਹਾਸਲ ਕਰਨ ਵਿਚ ਸਫ਼ਲ ਰਿਹਾ। ਔਰੀਲੀਆ ਦੇ ਡਾਊਨਟਾਊਨ ਵਿਖੇ 27 ਸਤੰਬਰ ਨੂੰ ਵਾਪਰੀ ਅਗਵਾ ਅਤੇ ਇਰਾਦਾ ਕਤਲ ਦੀ ਵਾਰਦਾਤ ਵਿਚ 63 ਸਾਲ ਦਾ ਸੁਰਜੀਤ ਬੈਂਸ ਵੀ ਕਥਿਤ ਤੌਰ ’ਤੇ ਸ਼ਾਮਲ ਦੱਸਿਆ ਗਿਆ ਅਤੇ ਪਿਛਲੇ ਹਫ਼ਤੇ ਅਦਾਲਤ ਨੇ ਉਸ ਨੂੰ ਵੀ ਜ਼ਮਾਨਤ ਦੇਣ ਤੋਂ ਨਾਂਹ ਕਰ ਦਿਤੀ। ਇਥੇ ਦਸਣਾ ਬਣਦਾ ਹੈ ਕਿ ਔਰੀਲੀਆ ਦੀ ਪੀਟਰ ਸਟ੍ਰੀਟ ਅਤੇ ਕੋਲਬੌਰਨ ਸਟ੍ਰੀਟ ਦੇ ਕੋਨੇ ’ਤੇ ਉਜਾੜ ਪਏ ਇਕ ਗੈਸ ਸਟੇਸ਼ਨ ਅੰਦਰ ਸ਼ੱਕੀ ਸਰਗਰਮੀਆਂ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਇਕ ਯੂ-ਹਾਲ ਵੈਨ ਬਾਹਰ ਖੜ੍ਹੀ ਨਜ਼ਰ ਆਈ।

ਪੁਲਿਸ ਨੇ 5 ਗ੍ਰਿਫਤਾਰ ਕਰ ਕੇ ਜੇਲ ਵਿਚ ਡੱਕੇ

ਪੁਲਿਸ ਅਫ਼ਸਰ ਅੰਦਰ ਦਾਖਲ ਹੋਏ ਤਾਂ ਲਹੂ-ਲੁਹਾਣ ਹਾਲਤ ਵਿਚ ਇਕ ਬੰਦਾ ਧਰਤੀ ’ਤੇ ਪਿਆ ਸੀ ਜਦਕਿ ਪੰਜ ਸ਼ੱਕੀ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। ਜ਼ਖਮੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਦਕਿ ਬਰੈਂਪਟਨ ਦੇ 31 ਸਾਲਾ ਮਨਰਾਜ ਮਾਨ, ਬਰੈਂਪਟਨ ਦੇ ਹੀ 30 ਸਾਲਾ ਬਲਤੇਜ ਸੰਧੂ, ਸੁਰਜੀਤ ਬੈਂਸ, 41 ਸਾਲ ਦੇ ਡਵੇਨ ਪੈਨੈਂਟ ਅਤੇ ਟੋਰਾਂਟੋ ਦੇ 51 ਸਾਲਾ ਗਰਜੀ ਐਂਥਨੀ ਗੋਰਬਰਨ ਨੂੰ ਗ੍ਰਿਫ਼ਤਾਰ ਕਰਦਿਆਂ ਅਗਵਾ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ। ਸ਼ੱਕੀਆਂ ਵਿਚੋਂ ਗਰਜੀ ਦਾ ਲੰਮਾ ਅਪਰਾਧਕ ਰਿਕਾਰਡ ਹੈ ਅਤੇ ਡਵੇਨ ਪੈਨੈਂਟ ਨੂੰ ਵੀ ਹਾਲੇ ਤੱਕ ਜ਼ਮਾਨਤ ਨਹੀਂ ਮਿਲ ਸਕੀ। ਸੁਰਜੀਤ ਬੈਂਸ, ਮਨਰਾਜ ਮਾਨ, ਪੈਨੈਂਟ ਅਤੇ ਗੋਰਬਰਨ ਨੂੰ ਸਿਮਕੋਅ ਕਾਊਂਟੀ ਦੀ ਪੈਨੇਟਾਨਗੂਸ਼ੀਨ ਜੇਲ ਵਿਚ ਰੱਖਿਆ ਗਿਆ ਹੈ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ੀ ਹੁੰਦੀ ਹੈ।

ਬਲਤੇਜ ਸੰਧੂ ਨੂੰ ਮਿਲੀ ਜ਼ਮਾਨਤ, ਬਾਕੀਆਂ ਨੂੰ ਨਾਂਹ

ਜ਼ਮਾਨਤ ’ਤੇ ਰਿਹਾਅ ਬਲਤੇਜ ਸੰਧੂ ਦੀ ਅਦਾਲਤ ਵਿਚ ਪੇਸ਼ੀ ਅਗਲੇ ਸਾਲ ਦੇ ਆਰੰਭ ਵਿਚ ਹੋਵੇਗੀ। ਇਸ ਹੌਲਨਾਕ ਮਾਮਲੇ ਦਾ ਹੈਰਾਨਕੁੰਨ ਤੱਥ ਇਹ ਹੈ ਕਿ ਬਲਤੇਜ ਸੰਧੂ ਵੱਲੋਂ ਢਾਈ ਲੱਖ ਡਾਲਰ ਦਾ ਬੌਂਡ ਭਰਨ ’ਤੇ ਉਸ ਨੂੰ ਰਿਹਾਅ ਕਰ ਦਿਤਾ ਗਿਆ ਪਰ ਮਨਰਾਜ ਮਾਨ ਦੇ ਮਾਮਲੇ ਵਿਚ ਜਸਟਿਸ ਆਫ਼ ਪੀਸ ਕੈਥਰੀਨ ਹੈਂਡਰਸਨ ਵੱਲੋਂ ਉਸ ਨੂੰ ਹਿਰਾਸਤ ਵਿਚ ਰੱਖਣ ਦੇ ਹੁਕਮ ਦਿਤੇ ਗਏ। ਮਨਰਾਜ ਮਾਨ ਦੇ ਪਰਵਾਰਕ ਮੈਂਬਰ ਵੀ 2 ਲੱਖ ਡਾਲਰ ਤੋਂ ਵੱਧ ਰਕਮ ਦਾ ਬੌਂਡ ਭਰਨ ਨੂੰ ਤਿਆਰ ਸਨ। ਦੂਜੇ ਪਾਸੇ ਬਲਤੇਜ ਸੰਧੂ ਦੀਆਂ ਜ਼ਮਾਨਤ ਸ਼ਰਤਾਂ ਵਿਚ ਘਰ ਤੋਂ ਬਾਹਰ ਨਾ ਨਿਕਲਣਾ, ਗਿੱਟੇ ’ਤੇ ਜੀ.ਪੀ.ਐਸ. ਮੌਨੀਟਰ ਲਾ ਕੇ ਰੱਖਣਾ ਅਤੇ ਪਰਵਾਰਕ ਮੈਂਬਰਾਂ ਦੀ ਨਿਗਰਾਨੀ ਸ਼ਾਮਲ ਹੈ। ਦੱਸ ਦੇਈਏ ਕਿ ਵਾਰਦਾਤ ਦੇ ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜੋ ਮਿਸੀਸਾਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ।

Tags:    

Similar News