ਟੋਰਾਂਟੋ ’ਚ ਹਥਿਆਰਾਂ ਸਣੇ ਗ੍ਰਿਫ਼ਤਾਰ ਨੌਜਵਾਨਾਂ ਦੀ ਗਿਣਤੀ 161 ਫੀ ਸਦੀ ਵਧੀ

ਟੋਰਾਂਟੋ ਵਿਖੇ ਹਥਿਆਰਾਂ ਸਣੇ ਗ੍ਰਿਫ਼ਤਾਰ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਢਾਈ ਗੁਣਾ ਵਾਧਾ ਹੋਇਆ ਹੈ। 1 ਜਨਵਰੀ 2022 ਤੋਂ 7 ਜੁਲਾਈ 2022 ਤੱਕ 41 ਨੌਜਾਵਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਵਧ ਕੇ 107 ਹੋ ਗਿਆ।

Update: 2024-07-12 11:28 GMT


ਟੋਰਾਂਟੋ : ਟੋਰਾਂਟੋ ਵਿਖੇ ਹਥਿਆਰਾਂ ਸਣੇ ਗ੍ਰਿਫ਼ਤਾਰ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਢਾਈ ਗੁਣਾ ਵਾਧਾ ਹੋਇਆ ਹੈ। 1 ਜਨਵਰੀ 2022 ਤੋਂ 7 ਜੁਲਾਈ 2022 ਤੱਕ 41 ਨੌਜਾਵਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਵਧ ਕੇ 107 ਹੋ ਗਿਆ। ਵਡੇਰੀ ਉਮਰ ਵਾਲਿਆਂ ਨਾਲ ਸਬੰਧਤ ਗ੍ਰਿਫ਼ਤਾਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2022 ਵਿਚ 1 ਜਨਵਰੀ ਤੋਂ 7 ਜੁਲਾਈ ਤੱਕ 410 ਜਣਿਆਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਮਾਮੂਲੀ ਵਾਧੇ ਨਾਲ 418 ਦਰਜ ਕੀਤਾ ਗਿਆ।

ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ ਕਾਬੂ ਆਏ 107 ਨੌਜਵਾਨ

ਟੋਰਾਂਟੋ ਪੁਲਿਸ ਦੇ ਡਿਪਟੀ ਚੀਫ਼ ਰੌਬਰਟ ਜੌਹਨਸਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸ਼ਹਿਰ ਵਿਚ ਬੰਦੂਕ ਹਿੰਸਾ ਲਈ ਗਿਰੋਹਾਂ ਦਰਮਿਆਨ ਹੋਣ ਵਾਲਾ ਸੰਘਰਸ਼ ਜ਼ਿੰਮੇਵਾਰ ਹੈ। ਵੱਖ ਵੱਖ ਗਿਰੋਹਾਂ ਵੱਲੋਂ ਅੱਲ੍ਹੜ ਉਮਰ ਵਾਲਿਆਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜੋਸ਼ ਵਿਚ ਲਿਆ ਕੇ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਛੇ ਦਿਨਾਂ ਵਿਚ ਟੋਰਾਂਟੋ ਵਿਖੇ ਗੋਲੀਬਾਰੀ ਦੀਆਂ ਸੱਤ ਵਾਰਦਾਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਦੋ ਜਾਨਲੇਵਾ ਸਾਬਤ ਹੋਈਆਂ। 6 ਜੁਲਾਈ ਨੂੰ ਸਕਾਰਬ੍ਰੋਅ ਦੇ ਗੈਸ ਸਟੇਸ਼ਨ ’ਤੇ ਵਾਪਰੀ ਵਾਰਦਾਤ ਵਿਚ 16 ਸਾਲ ਅਤੇ 17 ਸਾਲ ਦੇ 2 ਅੱਲ੍ਹੜਾਂ ਨੂੰ ਕਾਬੂ ਕੀਤਾ ਗਿਆ। ਟੋਰਾਂਟੋ ਪੁਲਿਸ ਵੱਲੋਂ ਪਿਛਲੇ ਹਫਤੇ ਦੌਰਾਨ 15 ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਅਤੇ 9 ਪਸਤੌਲਾਂ ਬਰਾਮਦ ਕੀਤੀਆਂ।

2022 ਦੇ ਪਹਿਲੇ 6 ਮਹੀਨੇ ਦੌਰਾਨ ਕਾਬੂ ਕੀਤੇ ਸਨ 41 ਜਣੇ

ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਲਈ ਵਰਤੇ ਜਾ ਰਹੇ ਹਥਿਆਰਾਂ ਵਿਚੋਂ 90 ਫੀ ਸਦੀ ਅਮਰੀਕਾ ਤੋਂ ਆ ਰਹੀਆਂ ਹਨ। ਦੂਜੇ ਪਾਸੇ ਹਿੰਸਾ ਵਿਰੁਧ ਸਰਗਰਮ ਜਥੇਬੰਦੀ ਵਨ ਬਾਏ ਵਨ ਦੇ ਪ੍ਰਧਾਨ ਮਾਰਸਲ ਵਿਲਸਨ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਬੰਦੂਕਾਂ ਵਾਪਸ ਖਰੀਦਣ ਅਤੇ ਪੁਲਿਸਿੰਗ ਵਧਾਉਣ ਦੀਆਂ ਯੋਜਨਾਵਾਂ ਕੰਮ ਨਹੀਂ ਕਰ ਰਹੀਆਂ। ਇਸ ਦੇ ਉਲਟ ਗਰੀਬੀ ਘਟਾਉਣ ਲਈ ਕਦਮ ਉਠਾਉਣੇ ਹੋਣਗੇ। ਇਸੇ ਦੌਰਾਨ ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਦੇ ਬੁਲਾਰੇ ਨੇ ਕਿਹਾ ਕਿ ਹਿੰਸਕ ਅਪਰਾਧਾਂ ਨਾਲ ਨਜਿੱਠਣ ਲਈ ਬਦਲਵੇਂ ਉਪਾਅ ਕੀਤੇ ਜਾ ਰਹੇ ਹਨ ਅਤੇ ਕਮਿਊਨਿਟੀ ਆਗੂਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਰਹੀ ਹੈ।

Tags:    

Similar News