ਕੈਨੇਡਾ ’ਚ ਗੁਰਸਿੱਖ ਪਰਵਾਰ ਦੇ ਕਤਲ ਦੀ ਗੁੱਥੀ ਸੁਲਝੀ,ਪੁਲਿਸ ਨੇ 2 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਵਿਚ ਗੁਰਸਿੱਖ ਪਰਵਾਰ ਦੇ ਕਤਲ ਦੀ ਗੁੱਥੀ ਸੁਲਝਦੀ ਨਜ਼ਰ ਆਈ ਜਦੋਂ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕੈਲੇਡਨ ਵਿਖੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਕਤਲ ਮਾਮਲੇ ਤੋਂ ਇਲਾਵਾ ਮਿਸੀਸਾਗਾ ਵਿਖੇ ਜਗਰਾਜ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ ਹੋਣ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਹਾਂ ਵਾਰਦਾਤਾਂ ਵਿਚ ਮਾਰੇ ਗਏ ਤਿੰਨੋ ਜਣੇ ਗਲਤ ਪਛਾਣ ਦਾ ਸ਼ਿਕਾਰ ਬਣੇ।

Update: 2024-06-01 10:53 GMT

ਬਰੈਂਪਟਨ : ਕੈਨੇਡਾ ਵਿਚ ਗੁਰਸਿੱਖ ਪਰਵਾਰ ਦੇ ਕਤਲ ਦੀ ਗੁੱਥੀ ਸੁਲਝਦੀ ਨਜ਼ਰ ਆਈ ਜਦੋਂ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕੈਲੇਡਨ ਵਿਖੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਕਤਲ ਮਾਮਲੇ ਤੋਂ ਇਲਾਵਾ ਮਿਸੀਸਾਗਾ ਵਿਖੇ ਜਗਰਾਜ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ ਹੋਣ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਹਾਂ ਵਾਰਦਾਤਾਂ ਵਿਚ ਮਾਰੇ ਗਏ ਤਿੰਨੋ ਜਣੇ ਗਲਤ ਪਛਾਣ ਦਾ ਸ਼ਿਕਾਰ ਬਣੇ।

ਪੀਲ ਰੀਜਨਲ ਪੁਲਿਸ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਆਰੰਭੇ ਪ੍ਰੌਜੈਕਟ ਮਿਡਨਾਈਟ ਅਧੀਨ ਗੋਲੀਬਾਰੀ ਦੀਆਂ ਪੰਜ ਵਾਰਦਾਤਾਂ ਦੀ ਪੜਤਾਲ ਕੀਤੀ ਗਈ। ਇਨ੍ਹਾਂ ਵਿਚ ਜਗਰਾਜ ਸਿੰਘ ਅਤੇ ਹਰਭਜਨ ਕੌਰ ਦੇ ਕਤਲ ਤੋਂ ਇਲਾਵਾ ਮਿਸੀਸਾਗਾ ਵਿਖੇ ਜਗਰਾਜ ਸਿੰਘ ਦਾ ਕਤਲ ਅਤੇ ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਵਿਚ ਗੋਲੀਬਾਰੀ ਦੀਆਂ ਤਿੰਨ ਵਾਰਦਾਤਾਂ ਸ਼ਾਮਲ ਸਨ। ਪੜਤਾਲ ਦੇ ਸਿੱਟੇ ਵਜੋਂ 21 ਮਾਰਚ ਨੂੰ ਸਕਾਰਬ੍ਰੋਅ ਦੇ 34 ਸਾਲਾ ਕੋਰੀ ਡੈਂਟਨ ਨੂੰ ਗ੍ਰਿਫ਼ਤਾਰ ਕਰਦਿਆਂ ਗੋਲੀਆਂ ਨਾਲ ਭਰਿਆ ਨਾਜਾਇਜ਼ ਹਥਿਆਰ ਰੱਖਣ, ਨਾਜਾਇਜ਼ ਹਥਿਆਰ ਦੀ ਮੌਜੂਦਗੀ ਬਾਰੇ ਜਾਣਕਾਰੀ ਹੋਣ ਅਤੇ ਅਣਅਧਿਕਾਰਤ ਤਰੀਕੇ ਨਾਲ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਮਗਰੋਂ ਪੜਤਾਲ ਜਾਰੀ ਰਹੀ ਅਤੇ 22 ਮਈ ਨੂੰ ਕਿਊਬੈਕ ਦੇ 37 ਸਾਲਾ ਜਸਵੀਰ ਗਿੱਲ ਨੂੰ ਗ੍ਰਿਫ਼ਤਾਰ ਕਰਦਿਆਂ ਜਾਣਬੁੱਝ ਕੇ ਹਥਿਆਰ ਚਲਾਉਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ। ਇਸ ਤੋਂ ਇਲਾਵਾ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਵੱਖਰੇ ਤੌਰ ’ਤੇ ਲੱਗੇ।

ਦੂਜੇ ਪਾਸੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਕਤਲ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਦੇ ਹੌਮੀਸਾਈਡ ਬਿਊਰੋ ਅਤੇ ਕੈਲੇਡਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਪੜਤਾਲ ਹਾਲੇ ਚੱਲ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1833 941 5570 ’ਤੇ ਸੰਪਰਕ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ 20 ਨਵੰਬਰ 2023 ਨੂੰ ਕੈਲੇਡਨ ਦੇ ਘਰ ਵਿਚ ਹੋਈ ਗੋਲੀਬਾਰੀ ਦੌਰਾਨ ਜਗਤਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਹਰਭਜਨ ਕੌਰ ਨੇ ਹਸਪਤਾਲ ਵਿਚ ਆਖਰੀ ਸਾਹ ਲਏ। ਇਨ੍ਹਾਂ ਦੀ ਬੇਟੀ ਜਸਪ੍ਰੀਤ ਕੌਰ ਸਿੱਧੂ ਨੂੰ 13 ਗੋਲੀਆਂ ਲੱਗੀਆਂ ਸਨ ਅਤੇ ਉਸ ਨੂੰ ਸਿਹਤਯਾਬ ਹੋਣ ਵਿਚ ਕਈ ਮਹੀਨੇ ਲੱਗੇ। ਗੋਲੀਬਾਰੀ ਵੇਲੇ ਜਸਪ੍ਰੀਤ ਕੌਰ ਦਾ ਭਰਾ ਗੁਰਦਿਤ ਸਿੰਘ ਘਰ ਨਹੀਂ ਸੀ। ਵਾਰਦਾਤ ਦੌਰਾਨ ਵਰਤਿਆ ਕਾਲੇ ਰੰਗ ਦਾ ਪਿਕਅੱਪ ਟਰੱਕ ਕੁਝ ਕਿਲੋਮੀਟਰ ਦੂਰ ਸੜਿਆ ਹੋਇਆ ਮਿਲਿਆ ਅਤੇ ਪੁਲਿਸ ਲਗਾਤਾਰ ਸ਼ੱਕੀਆਂ ਦੀ ਭਾਲ ਵਿਚ ਜੁਟੀ ਹੋਈ ਸੀ। ਦੂਜੇ ਪਾਸੇ ਪੀਲ ਪੁਲਿਸ ਵੱਲੋਂ ਪਿਛਲੇ ਸਾਲ 26 ਅਕਤੂਬਰ, 29 ਅਕਤੂਬਰ ਅਤੇ 10 ਨਵੰਬਰ ਨੂੰ ਮਿਸੀਸਾਗਾ ਅਤੇ ਬਰੈਂਪਟਨ ਵਿਖੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

Tags:    

Similar News