ਕੈਨੇਡਾ ਵਿਚ ਨਕਲੀ ਪੁਲਿਸ ਮੁਲਾਜ਼ਮਾਂ ਨੇ ਠੱਗੇ 15 ਲੱਖ ਡਾਲਰ
ਕੈਨੇਡਾ ਵਿਚ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਜਣਿਆਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਕ ਪੀੜਤ ਨੂੰ 15 ਲੱਖ ਡਾਲਰ ਗੁਆਉਣੇ ਪਏ। ਬੀ.ਸੀ. ਦੇ ਰਿਚਮੰਡ ਸ਼ਹਿਰ ਵਿਚ ਸਾਹਮਣੇ ਆਈਆਂ ਵਾਰਦਾਤਾਂ ਦੌਰਾਨ ਮੁੱਖ ਨਿਸ਼ਾਨਾ ਏਸ਼ੀਆਈ ਮੂਲ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ।;
ਰਿਚਮੰਡ : ਕੈਨੇਡਾ ਵਿਚ ਨਕਲੀ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਜਣਿਆਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਕ ਪੀੜਤ ਨੂੰ 15 ਲੱਖ ਡਾਲਰ ਗੁਆਉਣੇ ਪਏ। ਬੀ.ਸੀ. ਦੇ ਰਿਚਮੰਡ ਸ਼ਹਿਰ ਵਿਚ ਸਾਹਮਣੇ ਆਈਆਂ ਵਾਰਦਾਤਾਂ ਦੌਰਾਨ ਮੁੱਖ ਨਿਸ਼ਾਨਾ ਏਸ਼ੀਆਈ ਮੂਲ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ 15 ਲੱਖ ਡਾਲਰ ਗੁਆਉਣ ਵਾਲੇ ਸ਼ਖਸ ਨੂੰ ਡਰਾਵਾ ਦਿਤਾ ਗਿਆ ਹੈ ਕਿ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ ਅਤੇ ਜਲਦ ਹੀ ਉਸ ਨੂੰ ਹਾਂਗਕਾਂਗ ਲਿਜਾਇਆ ਜਾਵੇਗਾ। ਨਕਲੀ ਪੁਲਿਸ ਵਾਲੇ ਐਨੀ ਚਲਾਕੀ ਨਾਲ ਕੰਮ ਕਰਦੇ ਹਨ ਕਿ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਏਸ਼ੀਆਈ ਲੋਕਾਂ ਨੂੰ ਡਰਾ ਕੇ ਠੱਗ ਰਹੇ ਰਕਮਾਂ
ਡਰ ਪੈਦਾ ਕਰਨ ਮਗਰੋਂ ਨਕਲੀ ਪੁਲਿਸ ਵਾਲੇ ਆਪਣੀਆਂ ਮੰਗਾਂ ਰੱਖਣੀਆਂ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਵਿਚ ਮੋਟੀ ਰਕਮ ਵੀ ਸ਼ਾਮਲ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ ਵਿਚ ਏਸ਼ੀਆਈ ਮੂਲ ਦੇ ਲੋਕ ਨਿਸ਼ਾਨਾ ਬਣ ਰਹੇ ਹਨ ਪਰ ਰਿਚਮੰਡ ਆਰ.ਸੀ.ਐਮ.ਪੀ.ਵੱਲੋਂ ਸ਼ਹਿਰ ਦੇ ਹਰ ਵਸਨੀਕ ਨੂੰ ਸੁਚੇਤ ਰਹਿਣ ਦੀ ਹਦਾਇਤ ਦਿਤੀ ਗਈ ਹੈ। ਆਰ.ਸੀ.ਐਮ.ਪੀ. ਵੱਲੋਂ ਜਾਰੀ ਬਿਆਨ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਏਜੰਸੀਆਂ ਦੇ ਅਫਸਰ ਕਦੇ ਵੀ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕਰਦੇ ਅਤੇ ਬਿਟਕੁਆਇਨ, ਗੂਗਲ ਪਲੇਅ ਜਾਂ ਗਿਫਟ ਕਾਰਡ ਦੇ ਰੂਪ ਵਿਚ ਵੀ ਕੋਈ ਅਦਾਇਗੀ ਨਹੀਂ ਮੰਗੀ ਜਾਂਦੀ। ਆਰ.ਸੀ.ਐਮ.ਪੀ. ਨੇ ਕਿਹਾ ਹੈ ਕਿ ਜੇ ਕਿਸੇ ਨੂੰ ਨਕਲੀ ਪੁਲਿਸ ਵਾਲਾ ਮਿਲਦਾ ਹੈ ਅਤੇ ਉਸ ਵੱਲੋਂ ਬਗੈਰ ਕਿਸੇ ਕਾਰਨ ਡਰਾਉਣ ਜਾਂ ਧਮਕਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ 911 ’ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਰਿਚਮੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਠੱਗੀ ਦੇ ਇਸ ਨਵੇਂ ਤਰੀਕੇ ਤੋਂ ਜਾਣੂ ਕਰਵਾਉਣ ਅਤੇ ਅਤੀਤ ਵਿਚ ਠੱਗੀ ਦਾ ਸ਼ਿਕਾਰ ਬਣ ਚੁੱਕੇ ਲੋਕ ਆਪਣੇ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕਰਨ।
ਰਿਚਮੰਡ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਕੀਤਾ ਸੁਚੇਤ
ਦੂਜੇ ਪਾਸੇ ਹੈਲੀਫੈਕਸ ਦੇ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ ’ਤੇ ਦੋ ਔਰਤਾਂ ਕੋਲੋਂ ਭੰਗ ਨਾਲ ਭਰੇ ਚਾਰ ਸੂਟਕੇਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਨੇ ਯੂ.ਕੇ. ਜਾ ਰਹੀ ਫਲਾਈਟ ਨਾਲ ਸਬੰਧਤ ਸਮਾਨ ਦੀ ਚੈਕਿੰਗ ਕਰਦਿਆਂ ਇਹ ਬਰਾਮਦਗੀ ਕੀਤੀ ਅਤੇ ਭੰਗ ਦਾ ਕੁਲ ਵਜ਼ਨ 140 ਕਿਲੋ ਦੱਸਿਆ ਜਾ ਰਿਹਾ ਹੈ। ਭੰਗ ਦੀ ਬਰਾਮਦਗੀ ਅਜਿਹੇ ਸਮੇਂ ਹੋਈ ਜਦੋਂ ਜਹਾਜ਼ ਯੂ.ਕੇ. ਰਵਾਨਾ ਹੋਣ ਵਾਸਤੇ ਤਿਆਰ ਬਰ ਤਿਆਰ ਸੀ। ਗ੍ਰਿਫ਼ਤਾਰ ਕੀਤੀਆਂ ਔਰਤਾਂ ਦੀ ਉਮਰ 20 ਸਾਲ ਅਤੇ 22 ਸਾਲ ਦੱਸੀ ਗਈ ਹੈ ਜਿਨ੍ਹਾਂ ਵਿਰੁੱਧ ਤਸਕਰੀ ਦੇ ਮਕਸਦ ਨਾਲ ਭੰਗ ਰੱਖਣ, ਵਿਦੇਸ਼ ਲਿਜਾਣ ਦੇ ਮਕਸਦ ਨਾਲ ਭੰਗ ਰੱਖਣ ਅਤੇ ਵੇਚਣ ਦੇ ਮਕਸਦ ਨਾਲ ਭੰਗ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਭਾਵੇਂ ਭੰਗ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ ਪਰ ਐਨੀ ਵੱਡੀ ਮਿਕਦਾਰ ਵਿਚ ਭੰਗ ਤਿਆਰ ਕਰਨਾ ਅਤੇ ਵਿਦੇਸ਼ ਲਿਜਾਣ ਦਾ ਯਤਨ ਕਰਨਾ ਗੈਰਕਾਨੂੰਨੀ ਹੈ। ਆਮ ਤੌਰ ’ਤੇ ਕੈਨੇਡਾ ਵਿਚ ਤਿਆਰ ਭੰਗ ਨੂੰ ਅਮਰੀਕਾ ਲਿਜਾ ਕੇ ਵੇਚਣ ਦੇ ਯਤਨ ਕੀਤੇ ਜਾਂਦੇ ਹਨ ਜਿਥੇ ਜ਼ਿਆਦਾਤਰ ਰਾਜਾਂ ਵਿਚ ਭੰਗ ਗੈਰਕਾਨੂੰਨੀ ਹੈ ਪਰ ਰਾਤੋ ਰਾਤ ਮੋਟੀ ਰਕਮ ਕਮਾਉਣ ਦੇ ਲਾਲਚ ਵਿਚ ਦੋ ਮੁਟਿਆਰਾਂ ਨੇ ਇਕੋ ਵੇਲੇ ਚਾਰ ਸੂਟਕੇਸ ਭੰਗ ਯੂ.ਕੇ. ਲਿਜਾਣ ਦਾ ਨਾਕਾਮ ਯਤਨ ਕੀਤਾ।