ਕੈਨੇਡਾ ਦੇ ਐਲਬਰਟਾ ਸੂਬੇ ਵੱਲ ਖਿੱਚੇ ਜਾ ਰਹੇ ਪ੍ਰਵਾਸੀ
ਕੈਨੇਡਾ ਵਿਚ ਅੰਦਰੂਨੀ ਪ੍ਰਵਾਸ ਜ਼ੋਰਾਂ ’ਤੇ ਹੈ ਅਤੇ ਲਗਾਤਾਰ ਤੀਜੇ ਸਾਲ ਹੋਰਨਾਂ ਸੂਬਿਆਂ ਤੋਂ ਐਲਬਰਟਾ ਵਸਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਰਹੀ
ਕੈਲਗਰੀ : ਕੈਨੇਡਾ ਵਿਚ ਅੰਦਰੂਨੀ ਪ੍ਰਵਾਸ ਜ਼ੋਰਾਂ ’ਤੇ ਹੈ ਅਤੇ ਲਗਾਤਾਰ ਤੀਜੇ ਸਾਲ ਹੋਰਨਾਂ ਸੂਬਿਆਂ ਤੋਂ ਐਲਬਰਟਾ ਵਸਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਰਹੀ। ਉਨਟਾਰੀਓ ਛੱਡਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਜ਼ਿਆਦਾਤਰ ਲੋਕ ਐਲਬਰਟਾ ਵੱਲ ਰਵਾਨਾ ਹੋ ਰਹੇ ਹਨ। 1 ਜੁਲਾਈ ਤੱਕ ਐਲਬਰਟਾ ਦੀ ਵਸੋਂ 50 ਲੱਖ ਦਾ ਅੰਕੜਾ ਪਾਰ ਕਰ ਗਈ ਅਤੇ ਅਪ੍ਰੈਲ ਤੋਂ ਜੂਨ ਦਰਮਿਆਨ ਸੂਬੇ ਦੀ ਆਬਾਦੀ ਵਿਚ 0.4 ਫੀ ਸਦੀ ਵਾਧਾ ਹੋਇਆ ਹੈ ਜੋ ਕੌਮੀ ਔਸਤ ਨਾਲੋਂ ਕਿਤੇ ਵੱਧ ਬਣਦਾ ਹੈ। ਅਪ੍ਰੈਲ ਤੋਂ ਜੂਨ ਦੌਰਾਨ 6 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਦੇ ਵੱਖ ਵੱਖ ਰਾਜਾਂ ਤੋਂ ਐਲਬਰਟਾ ਵਿਚ ਆ ਵਸੇ। ਲਗਾਤਾਰ ਤਿੰਨ ਸਾਲ ਤੋਂ ਅੰਦਰੂਨੀ ਪੱਧਰ ’ਤੇ ਪ੍ਰਵਾਸੀਆਂ ਨੂੰ ਖਿੱਚਣ ਵਿਚ ਐਲਬਰਟਾ ਸਭ ਤੋਂ ਅੱਗੇ ਹੈ।
ਉਨਟਾਰੀਓ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧੀ
ਇਸ ਦੇ ਉਲਟ 6 ਹਜ਼ਾਰ ਤੋਂ ਵੱਧ ਲੋਕ ਉਨਟਾਰੀਓ ਛੱਡ ਕੇ ਹੋਰਨਾਂ ਰਾਜਾਂ ਵਿਚ ਜਾ ਵਸੇ। ਲਗਾਤਾਰ ਚਾਰ ਸਾਲ ਤੋਂ ਉਨਟਾਰੀਓ ਛੱਡਣ ਵਾਲਿਆਂ ਦੀ ਗਿਣਤੀ ਬਰਕਰਾਰ ਹੈ ਅਤੇ ਸਭ ਤੋਂ ਵੱਧ ਨੁਕਸਾਨ ਵਾਲਾ ਸੂਬਾ ਮੰਨਿਆ ਜਾ ਰਿਹਾ ਹੈ। ਅਪ੍ਰੈਲ ਤੋਂ ਜੂਨ ਦੌਰਾਨ 8,780 ਪ੍ਰਵਾਸੀਆਂ ਨੇ ਉਨਟਾਰੀਓ ਛੱਡ ਕੇ ਐਲਬਰਟਾ ਨੂੰ ਆਪਣਾ ਘਰ ਬਣਾਇਆ ਪਰ ਇਸ ਦੇ ਨਾਲ ਹੀ 5,793 ਪ੍ਰਵਾਸੀ ਐਲਬਰਟਾ ਛੱਡ ਕੇ ਉਨਟਾਰੀਓ ਵਸ ਗਏ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੀ ਆਬਾਦੀ ਵਿਚ ਪਹਿਲੇ ਛੇ ਮਹੀਨੇ ਦੌਰਾਨ 0.1 ਫੀ ਸਦੀ ਵਾਧਾ ਹੀ ਦਰਜ ਕੀਤਾ ਗਿਆ ਅਤੇ ਇਸ ਦਾ ਮੁੱਖ ਕਾਰਨ ਟੈਂਪਰੇਰੀ ਰੈਜ਼ੀਡੈਂਟਸ ਵੱਲੋਂ ਮੁਲਕ ਛੱਡ ਕੇ ਜਾਣਾ ਦੱਸਆ ਜਾ ਰਿਹਾ ਹੈ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀ ਵਸੋਂ 0.04 ਫੀ ਸਦੀ ਦੀ ਕਮੀ ਦਰਜ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਤੋਂ ਐਲਬਰਟਾ ਵਸਣ ਵਾਲਿਆਂ ਦੀ ਗਿਣਤੀ 8,931 ਦਰਜ ਕੀਤੀ ਗਈ ਜਦਕਿ ਸਸਕੈਚਵਨ ਤੋਂ 3,289 ਪ੍ਰਵਾਸੀ ਐਲਬਰਟਾ ਪੁੱਜੇ। ਇਸ ਦੇ ਉਲਟ 2,225 ਪ੍ਰਵਾਸੀ ਐਲਬਰਟਾ ਛੱਡ ਕੇ ਸਸਕੈਚਵਨ ਚਲੇ ਗਏ।