ਕੈਨੇਡਾ ’ਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਮਿਲਣਗੀਆਂ 230 ਸੀਟਾਂ

ਕੈਨੇਡਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ 230 ਸੀਟਾਂ ਜਿੱਤ ਸਕਦੀ ਹੈ ਅਤੇ ਇਸ ਵੇਲੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਸਿਰਫ 41 ਸੀਟਾਂ ਨਾਲ ਤੀਜੇ ਸਥਾਨ ’ਤੇ ਸਬਰ ਕਰਨਾ ਹੋਵੇਗਾ।

Update: 2024-07-16 11:30 GMT

ਟੋਰਾਂਟੋ : ਕੈਨੇਡਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ 230 ਸੀਟਾਂ ਜਿੱਤ ਸਕਦੀ ਹੈ ਅਤੇ ਇਸ ਵੇਲੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਸਿਰਫ 41 ਸੀਟਾਂ ਨਾਲ ਤੀਜੇ ਸਥਾਨ ’ਤੇ ਸਬਰ ਕਰਨਾ ਹੋਵੇਗਾ। ਹਾਊਸ ਆਫ ਕਾਮਨਜ਼ ਵਿਚ ਮੁੱਖ ਵਿਰੋਧੀ ਧਿਰ ਦਾ ਦਰਜਾ ਬਲੌਕ ਕਿਊਬੈਕ ਨੂੰ ਮਿਲ ਸਕਦਾ ਹੈ ਜਿਨ੍ਹਾਂ ਨੂੰ 45 ਸੀਟਾਂ ਮਿਲਣ ਦੇ ਆਸਾਰ ਹਨ। ਅਬਾਕਸ ਵੱਲੋਂ ਕੀਤੇ ਚੋਣ ਸਰਵੇਖਣ ਮੁਤਾਬਕ 43 ਫੀ ਸਦੀ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਵੋਟ ਪਾਉਣ ਦੀ ਗੱਲ ਆਖੀ ਜਦਕਿ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹਨ ਵਾਲਿਆਂ ਦੀ ਗਿਣਤੀ ਸਿਰਫ 23 ਫੀ ਸਦੀ ਦਰਜ ਕੀਤੀ ਗਈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੇ ਹਮਾਇਤੀਆਂ ਦੀ ਗਿਣਤੀ 18 ਫੀ ਸਦੀ ਦੱਸੀ ਜਾ ਰਹੀ ਹੈ ਅਤੇ ਗਰੀਨ ਪਾਰਟੀ 5 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਕੌਮੀ ਪੱਧਰ ’ਤੇ ਚੌਥੇ ਸਥਾਨ ’ਤੇ ਚੱਲ ਰਹੀ ਹੈ ਪਰ ਖੇਤਰੀ ਪਾਰਟੀ ਹੋਣ ਦੇ ਨਾਤੇ ਬਲੌਕ ਕਿਊਬੈਕ ਨੂੰ 38 ਫੀ ਸਦੀ ਲੋਕਾਂ ਦੀ ਹਮਾਇਤ ਮਿਲ ਰਹੀ ਹੈ।

41 ਸੀਟਾਂ ਨਾਲ ਤੀਜੇ ਸਥਾਨ ’ਤੇ ਪੱਛੜ ਸਕਦੀ ਹੈ ਲਿਬਰਲ ਪਾਰਟੀ

ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਤਕਰੀਬਨ ਹਰ ਪਾਸੇ ਕੰਜ਼ਰਵੇਟਿਵ ਪਾਰਟੀ ਦਾ ਹੱਥ ਉਪਰ ਨਜ਼ਰ ਆਉਂਦਾ ਹੈ। ਸਿਰਫ ਕਿਊਬੈਕ ਵਿਚ ਕੰਜ਼ਰਵੇਟਿਵ ਪਾਰਟੀ ਤੀਜੇ ਸਥਾਨ ’ਤੇ ਚੱਲ ਰਹੀ ਹੈ। ਬੀ.ਸੀ. ਦਾ ਜ਼ਿਕਰ ਕੀਤਾ ਜਾਵੇ ਤਾਂ ਟੋਰੀਆਂ ਦੀ ਲੀਡ ਵਧਦੀ ਜਾ ਰਹੀ ਹੈ ਅਤੇ ਪੱਛਮੀ ਸੂਬੇ ਦੇ 47 ਫੀ ਸਦੀ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸ ਰਹੇ ਹਨ। ਐਲਬਰਟਾ ਵਿਚ ਟੋਰੀਆਂ ਦੀ ਪਕੜ 62 ਫੀ ਸਦੀ ਤੱਕ ਵਧ ਚੁੱਕੀ ਹੈ ਅਤੇ ਐਨ.ਡੀ.ਪੀ. 22 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਦੂਜੇ ਸਥਾਨ ’ਤੇ ਮੰਨੀ ਜਾ ਰਹੀ ਹੈ। ਸਸਕੈਚਵਨ ਅਤੇ ਮੈਨੀਟੋਬਾ ਦਾ ਜ਼ਿਕਰ ਕੀਤਾ ਜਾਵੇ ਤਾਂ 55 ਫੀ ਸਦੀ ਲੋਕ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿਚ ਮਹਿਸੂਸ ਹੋ ਰਹੇ ਹਨ। ਐਨ.ਡੀ.ਪੀ. 25 ਫੀ ਸਦੀ ਲੋਕ ਹਮਾਇਤ ਨਾਲ ਦੂਜੇ ਅਤੇ ਲਿਬਰਲ ਪਾਰਟੀ 13 ਫੀ ਸਦੀ ਸਮਰਥਕਾਂ ਨਾਲ ਤੀਜੇ ਸਥਾਨ ’ਤੇ ਡਿੱਗ ਚੁੱਕੀ ਹੈ। ਲਿਬਰਲ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਉਨਟਾਰੀਓ ਵਿਚ 47 ਫੀ ਸਦੀ ਵੋਟਰਾਂ ਦਾ ਝੁਕਾਅ ਟੋਰੀਆਂ ਵੱਲ ਹੋ ਚੁੱਕਾ ਹੈ ਅਤੇ ਲਿਬਰਲ ਪਾਰਟੀ ਦੇ ਸਮਰਥਕਾਂ ਦੀ ਗਿਣਤੀ ਸਿਰਫ 26 ਫੀ ਸਦੀ ਦੱਸੀ ਜਾ ਰਹੀ ਹੈ।

45 ਸੀਟਾਂ ਨਾਲ ਬਲੌਕ ਕਿਊਬੈਕ ਨੂੰ ਮਿਲ ਸਕਦੈ ਵਿਰੋਧੀ ਧਿਰ ਦਾ ਦਰਜਾ

ਐਨ.ਡੀ.ਪੀ. ਨੂੰ 17 ਫੀ ਸਦੀ ਲੋਕ ਪਹਿਲੀ ਪਸੰਦ ਦੱਸ ਰਹੇ ਹਨ ਜਦਕਿ ਗਰੀਨ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 5 ਫੀ ਸਦੀ ਬਣਦੀ ਹੈ। ਸਿਆਸੀ ਖੇਡ ਵਿਚ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਉਨਟਾਰੀਓ, ਬੀ.ਸੀ., ਐਲਬਰਟਾ ਅਤੇ ਕਿਊਬੈਕ ਤੋਂ ਇਲਾਵਾ ਐਟਲਾਂਟਿਕ ਕੈਨੇਡਾ ਵਿਚ 3 ਤੋਂ 4 ਫੀ ਸਦੀ ਲੋਕ ਪਹਿਲੀ ਪਸੰਦ ਦੱਸ ਰਹੇ ਹਨ। ਪ੍ਰਧਾਨ ਮੰਤਰੀ ਦੇ ਰੂਪ ਵਿਚ ਜਸਟਿਨ ਟਰੂਡੋ ਦੇ ਅਕਸ ਦੀ ਗੱਲ ਕੀਤੀ ਜਾਵੇ ਤਾਂ ਸਰਵੇਖਣ ਦੌਰਾਨ 59 ਫੀ ਸਦੀ ਲੋਕਾਂ ਵੱਲੋਂ ਨਾਂਹਪੱਖੀ ਰਾਏ ਜ਼ਾਹਰ ਕੀਤੀ ਗਈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਦੇ ਮਾਮਲੇ ਵਿਚ 38 ਫੀ ਸਦੀ ਲੋਕਾਂ ਨੇ ਹਾਂਪੱਖੀ ਰਾਏ ਦਾ ਪ੍ਰਗਟਾਵਾ ਕੀਤਾ ਜਦਕਿ ਜਗਮੀਤ ਸਿੰਘ ਦੇ ਮਾਮਲੇ ਵਿਚ ਇਹ ਅੰਕੜਾ 35 ਫੀ ਸਦੀ ਰਿਹਾ। ਸਰਵੇਖਣ ਦੌਰਾਨ ਜਦੋਂ ਲੋਕਾਂ ਨੂੰ ਟੋਰਾਂਟੋ-ਸੇਂਟ ਪੌਲ ਸੀਟ ਬਾਰੇ ਪੁੱਛਿਆ ਗਿਆ ਤਾਂ 67 ਫੀ ਸਦੀ ਨੇ ਮੰਨਿਆ ਕਿ ਲਿਬਰਲ ਪਾਰਟੀ ਆਪਣੇ ਹੀ ਗੜ੍ਹ ਵਿਚ ਹਾਰ ਗਈ। ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਸਭ ਤੋਂ ਜ਼ਿਆਦਾ ਜਾਗਰੂਕ 18 ਸਾਲ ਤੋਂ 29 ਸਾਲ ਉਮਰ ਵਾਲੇ ਨਜ਼ਰ ਆਏ। ਦੱਸ ਦੇਈਏ ਕਿ ਤਾਜ਼ਾ ਸਰਵੇਖਣ 4 ਜੁਲਾਈ ਤੋਂ 9 ਜੁਲਾਈ ਦਰਮਿਆਨ ਕੀਤਾ ਗਿਆ ਅਤੇ ਤਕਰੀਬਨ 2 ਹਜ਼ਾਰ ਕੈਨੇਡੀਅਨਜ਼ ਨੇ ਸ਼ਮੂਲੀਅਤ ਕੀਤੀ। ਸਰਵੇਖਣ ਦੇ ਨਤੀਜਿਆਂ ਵਿਚ ਮਾਮੂਲੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਗਿਆ।

Tags:    

Similar News