ਕੈਨੇਡਾ ਵਿਚ ਕੱਲ੍ਹ ਚੋਣਾਂ ਹੋ ਜਾਣ ਤਾਂ ਲਿਬਰਲ ਸਰਕਾਰ ਪੱਕੀ

ਕੈਨੇਡੀਅਨ ਸਿਆਸਤ ਵਿਚ ਆਏ ਭੂਚਾਲ ਦੇ ਝਟਕੇ ਕੰਜ਼ਰਵੇਟਿਵ ਪਾਰਟੀ, ਐਨ.ਡੀ.ਪੀ. ਅਤੇ ਗਰੀਨ ਪਾਰਟੀ ਦਾ ਵੱਡਾ ਨੁਕਸਾਨ ਕਰ ਗਏ ਪਰ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ;

Update: 2025-03-15 11:14 GMT

ਟੋਰਾਂਟੋ : ਕੈਨੇਡੀਅਨ ਸਿਆਸਤ ਵਿਚ ਆਏ ਭੂਚਾਲ ਦੇ ਝਟਕੇ ਕੰਜ਼ਰਵੇਟਿਵ ਪਾਰਟੀ, ਐਨ.ਡੀ.ਪੀ. ਅਤੇ ਗਰੀਨ ਪਾਰਟੀ ਦਾ ਵੱਡਾ ਨੁਕਸਾਨ ਕਰ ਗਏ ਪਰ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਐਕੋਸ ਦੇ ਤਾਜ਼ਾ ਸਰਵੇਖਣ ਮੁਤਾਬਕ ਕਲ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ ਨੂੰ 49 ਫ਼ੀ ਸਦੀ ਤੱਕ ਵੋਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੂੰ 31.8 ਫੀ ਸਦੀ ਵੋਟਾਂ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਜੋ ਦਸੰਬਰ ਦੇ ਅੰਤ ਤੱਕ ਵੱਡੇ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਸੀ।

ਮਾਰਕ ਕਾਰਨੀ ਨੂੰ ਚੋਣ ਸਰਵੇਖਣਾਂ ਵਿਚ ਭਰਵਾਂ ਹੁੰਗਾਰਾ

ਮਾਰਕ ਕਾਰਨੀ ਦੇ ਲਿਬਰਲ ਆਗੂ ਚੁਣੇ ਜਾਣ ਮਗਰੋਂ ਕੀਤਾ ਸਰਵੇਖਣ ਕਹਿੰਦਾ ਹੈ ਕਿ ਸਭ ਤੋਂ ਵੱਧ ਸੀਟਾਂ ਵਾਲੇ ਰਾਜਾਂ ਉਨਟਾਰੀਓ ਅਤੇ ਕਿਊਬੈਕ ਵਿਚ ਹੀ ਨਹੀਂ ਸਗੋਂ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਐਲਬਰਟਾ ਵਿਚ ਵੀ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਸਰਵੇਖਣ ਦੌਰਾਨ ਐਲਬਰਟਾ ਦੇ 43 ਫੀ ਸਦੀ ਤੋਂ ਵੱਧ ਲੋਕਾਂ ਨੇ ਲਿਬਰਲ ਪਾਰਟੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 40 ਫੀ ਸਦੀ ਦਰਜ ਕੀਤੀ ਗਈ। ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਲੀਡ ਸਭ ਤੋਂ ਜ਼ਿਆਦਾ ਨਜ਼ਰ ਆਈ ਅਤੇ 51 ਫ਼ੀ ਸਦੀ ਲੋਕਾਂ ਨੇ ਮਾਰਕ ਕਾਰਨੀ ਦੇ ਚਿਹਰੇ ਵਾਲੀ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹਨ ਦੀ ਗੱਲ ਆਖੀ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਗਾਂਹਵਧੂ ਸੋਚ ਰੱਖਣ ਵਾਲੇ ਵੋਟਰ ਮਾਰਕ ਕਾਰਨੀ ਨੂੰ ਬੇਹੱਦ ਪਸੰਦ ਕਰ ਰਹੇ ਹਨ। ਦੂਜੇ ਪਾਸੇ ਔਰਤਾਂ ਅਤੇ 50 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਵਿਚ ਮਾਰਕ ਕਾਰਨੀ ਦੀ ਮਕਬੂਲੀਅਤ ਸਿਖਰਾਂ ’ਤੇ ਪੁੱਜ ਚੁੱਕੀ ਹੈ। ਨੌਜਵਾਨ ਵੋਟਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਥੇ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਬਰਾਬਰ ਨਜ਼ਰ ਆਈਆਂ ਪਰ ਯੂਨੀਵਰਸਿਟੀ ਗ੍ਰੈਜੁਏਟਸ ਅਤੇ ਮੱਧ ਵਰਗੀ ਪਰਵਾਰ ਲਿਬਰਲ ਪਾਰਟੀ ਦੀ ਹਮਾਇਤ ਵਿਚ ਨਿੱਤਰ ਚੁੱਕੇ ਹਨ ਜਦਕਿ ਕਿਰਤੀਆਂ ਵੱਲੋਂ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਲਿਬਰਲ ਪਾਰਟੀ ਦੇ ਫਾਇਦੇ ਦੀ ਸਭ ਤੋਂ ਵੱਧ ਕੀਮਤ ਜਗਮੀਤ ਸਿੰਘ ਨੂੰ ਅਦਾ ਕਰਨੀ ਪੈ ਰਿਹਾ ਹੈ ਜਿਸ ਦੇ ਹਮਾਇਤੀਆਂ ਦੀ ਗਿਣਤੀ 8 ਤੋਂ 10 ਫੀ ਸਦੀ ਦਰਮਿਆਨ ਦਰਜ ਕੀਤੀ ਗਈ। ਸਰਵੇਖਣ ਮੁਤਾਬਕ ਉਨਟਾਰੀਓ ਵਰਗੇ ਸੂਬੇ ਵਿਚ ਸਿਰਫ 8 ਫੀ ਸਦੀ ਲੋਕਾਂ ਨੇ ਐਨ.ਡੀ.ਪੀ. ਨੂੰ ਆਪਣੀ ਪਹਿਲੀ ਪਸੰਦ ਦੱਸਿਆ ਜਦਕਿ ਕਿਊਬੈਕ ਵਿਚ ਇਹ ਅੰਕੜਾ ਸਿਰਫ਼ 6 ਫੀ ਸਦੀ ਦਰਜ ਕੀਤਾ ਗਿਆ।

ਐਨ.ਡੀ.ਪੀ. ਅਤੇ ਗਰੀਨ ਪਾਰਟੀ ਨੂੰ ਹੋਇਆ ਵੱਡਾ ਨੁਕਸਾਨ

ਗਰੀਨ ਪਾਰਟੀ ਨੂੰ ਵੀ ਨੁਕਸਾਨ ਬਰਦਾਸ਼ਤ ਕਰਨਾ ਪਿਆ ਹੈ ਅਤੇ ਟਰੰਪ ਦੀਆਂ ਟੈਰਿਫਸ ਦੇ ਮੱਦੇਨਜ਼ਰ ਕੈਨੇਡੀਅਨ ਵੋਟਰ ਮਾਰਕ ਕਾਰਨੀ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਹਨ। ਸਰਵੇਖਣ ਪ੍ਰਕਾਸ਼ਤ ਹੋਣ ਤੱਕ ਮਾਰਕ ਕਾਰਨੀ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਚੁੱਕੇ ਹਨ ਅਤੇ ਜਲਦ ਹੀ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੀਆਂ ਚਿੰਤਾਵਾਂ ਵਿਚ ਵਾਧਾ ਹੋਣਾ ਲਾਜ਼ਮੀ ਹੈ। ਦੱਸ ਦੇਈਏ ਕਿ 10 ਮਾਰਚ ਤੋਂ 13 ਮਾਰਚ ਦਰਮਿਆਨ ਕੀਤੇ ਸਰਵੇਖਣ ਵਿਚ ਤਿੰਨ ਫੀ ਸਦੀ ਘਾਟਾ-ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ।

Tags:    

Similar News